ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ 10 ਸ਼ਰਤਾਂ ਉੱਤੇ ਦਿੱਤੀ ਪੈਰੋਲ
ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ।
ਚੰਡੀਗੜ੍ਹ: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ। ਹਾਲਾਂਕਿ ਇਨ੍ਹਾਂ 4 ਦਿਨਾਂ ਦੌਰਾਨ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਣਗੇ। ਉਸ ਨੂੰ ਇਹ ਪੈਰੋਲ ਕੁਝ ਸ਼ਰਤਾਂ 'ਤੇ ਦਿੱਤੀ ਗਈ ਹੈ।
ਦਰਅਸਲ, ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ 10 ਸ਼ਰਤਾਂ 'ਤੇ ਸ਼ੁਰੂ ਹੋ ਰਹੀ ਹੈ। ਇਹ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਅਤੇ ਉਨ੍ਹਾਂ ਰਾਹੀਂ ਇਹ ਜਾਣਕਾਰੀ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਉਹ ਦਿੱਲੀ 'ਚ ਹੀ ਰਹਿਣਗੇ। ਉਨ੍ਹਾਂ ਦਾ ਰਾਤ ਦਾ ਠਹਿਰਨ ਵੀ ਦਿੱਲੀ 'ਚ ਹੀ ਹੋਵੇਗਾ।
ਇਹ ਹਨ 10 ਸ਼ਰਤਾਂ
ਪਹਿਲੀ ਸ਼ਰਤ- ਐੱਐੱਸਪੀ, ਅੰਮ੍ਰਿਤਸਰ (ਦਿਹਾਤੀ) ਵੱਲੋਂ ਸੁਝਾਈ ਗਈ ਪੁਲਿਸ ਮੁਲਾਜ਼ਮਾਂ ਦੀ ਨਫਰੀ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਅਸਥਾਈ ਤੌਰ 'ਤੇ ਰਿਹਾਅ ਹੋਣ ਤੋਂ ਲੈ ਕੇ ਜੇਲ੍ਹ ਵਾਪਸ ਆਉਣ ਤੱਕ ਨਾਲ ਰਹੇਗੀ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ।
ਦੂਜੀ ਸ਼ਰਤ- ਅੰਮ੍ਰਿਤਪਾਲ ਸਿੰਘ ਸੰਸਦ ਭਵਨ ਕੰਪਲੈਕਸ ਵਿੱਚ ਮੌਜੂਦਗੀ ਤੱਕ ਉਨ੍ਹਾਂ ਦੇ ਨਾਲ ਓਨੀ ਗਿਣਤੀ ਵਿੱਚ ਹੀ ਸੁਰੱਖਿਆ ਮੁਲਾਜ਼ਮ ਹੋਣਗੇ ਜਿੰਨੀ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ।
ਤੀਜੀ ਸ਼ਰਤ- ਅਸਥਾਈ ਰਿਹਾਈ ਦੇ ਸਮੇਂ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ ਵਿੱਚ ਦਾਖਲ ਨਹੀਂ ਹੋਣਗੇ।
ਚੌਥੀ ਸ਼ਰਤ- ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਫਿਰ ਵਾਪਸ ਜਾਣ ਤੱਕ ਦਾ ਸਮਾਂ ਸ਼ਾਮਲ ਹੋਵੇਗਾ
ਪੰਜਵੀ ਸ਼ਰਤ- ਜਿਸ ਸਮੇਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ, ਉਸ ਸਮੇਂ ਤੱਕ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਅਜਿਹੀ ਥਾਂ 'ਤੇ ਰੱਖਿਆ ਜਾਵੇਗਾ, ਜੋ ਵੱਖ-ਵੱਖ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਦੁਆਰਾ ਢੁਕਵਾਂ ਸਮਝਿਆ ਜਾਵੇਗਾ।
ਛੇਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਨਵੀਂ ਦਿੱਲੀ ਠਹਿਰਨ ਦੇ ਸਮੇਂ ਦੌਰਾਨ ਹੀ ਮਿਲ ਸਕਣਗੇ।
ਸਤਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ।
ਅੱਠਵੀ ਸ਼ਰਤ- ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਿਕ ਮੈਂਬਰ/ਰਿਸ਼ਤੇਦਾਰ ਨੂੰ ਉਨ੍ਹਾਂ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਕਰਨ ਅਤੇ/ਜਾਂ ਅਜਿਹੇ ਕਿਸੇ ਬਿਆਨ ਨੂੰ ਕਿਸੇ ਵੀ ਰੂਪ ਵਿੱਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨੌਂਵੀ ਸ਼ਰਤ- ਅੰਮ੍ਰਿਤਪਾਲ ਸਿੰਘ ਦੀ ਦਿੱਤੀ ਫੇਰੀ ਦਾ ਸਾਰਾ ਖਰਚਾ ਡੀਜੀਪੀ, ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤਾ ਜਾਵੇਗਾ।
ਦਸਵੀਂ ਸ਼ਰਤ- ਐੱਸਐੱਸਪੀ, ਅੰਮ੍ਰਿਤਸਰ (ਦਿਹਾਤੀ) ਅੰਮ੍ਰਿਤਪਾਲ ਸਿੰਘ ਦੀ ਆਰਜ਼ੀ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਲਈ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਤਾਲਮੇਲ ਕਰਨਗੇ।