Punjab: ਬਜ਼ੁਰਗ ਸਿੱਖ ਮਹਿਲਾ ਨੇ ਕਾਇਮ ਕੀਤੀ ਮਿਸਾਲ, ਮਸਜਿਦ ਨੂੰ ਦਾਨ ਕਰ ਦਿੱਤੀ ਆਪਣੀ ਜ਼ਮੀਨ
3 ਦਹਾਕਿਆਂ ਤੋਂ ਮੁਸਲਿਮ ਭਾਈਚਾਰਾ ਜ਼ਮੀਨ ਲਈ ਕਰ ਰਿਹਾ ਸੀ ਜੱਦੋ ਜਹਿਦ
Fatehgarh Sahib News: ਭਾਰਤ ਇੱਕ ਲੋਕਤੰਤਰ ਦੇਸ਼ ਹੈ। ਭਾਵੇਂ ਫਿਰਕੂ ਤਾਕਤਾਂ ਕਿੰਨਾ ਵੀ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ, ਪਰ ਅਖੀਰ ਵਿੱਚ ਜਿੱਤ ਇਨਸਾਨੀਅਤ ਦੀ ਹੁੰਦੀ ਹੈ। ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਫ਼ਤਹਿਗੜ੍ਹ ਸਾਹਿਬ ਦੀ ਇੱਕ ਬਜ਼ੁਰਗ ਸਿੱਖ ਮਹਿਲਾ ਨੇ। ਇਸ ਮਹਿਲਾ ਨੇ "ਹਿੰਦੂ ਮੁਸਲਿਮ ਸਿੱਖ ਈਸਾਈ, ਸਭ ਆਪਸ ਵਿੱਚ ਭਾਈ ਭਾਈ" ਵਾਲੀ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ।
ਸਰਹਿੰਦ-ਪਟਿਆਲਾ ਰੋਡ 'ਤੇ ਸਥਿਤ ਜਖਵਾਲੀ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਆਪਣੇ ਪਿੰਡ ਦੇ ਮੁਸਲਿਮ ਭਰਾਵਾਂ ਦੀ ਮਦਦ ਲਈ ਅੱਗੇ ਆਇਆ ਅਤੇ ਉਹਨਾਂ ਨੂੰ ਨਮਾਜ਼ ਤੇ ਸਿਜਦਾ ਲਈ ਮਸਜਿਦ ਦੀ ਉਸਾਰੀ ਲਈ ਆਪਣੀ ਜ਼ਮੀਨ ਦਾਨ ਕਰ ਦਿੱਤੀ ਹੈ। ਪੰਜਾਬ ਦੇ ਸ਼ਾਹੀ ਇਮਾਮ, ਮੌਲਾਨਾ ਉਸਮਾਨ ਲੁਧਿਆਣਵੀ ਨੇ 7 ਦਸੰਬਰ ਨੂੰ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਜਖਵਾਲੀ ਵਿੱਚ ਮੁੱਖ ਤੌਰ 'ਤੇ ਸਿੱਖ ਆਬਾਦੀ ਹੈ, ਜਿਸ ਵਿੱਚ ਕਾਫ਼ੀ ਹਿੰਦੂ ਅਤੇ ਮੁਸਲਿਮ ਆਬਾਦੀ ਹੈ। ਸਾਲਾਂ ਤੋਂ, ਪਿੰਡ ਵਾਸੀ ਧਾਰਮਿਕ ਵੰਡਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਆਏ ਹਨ। ਪਿੰਡ ਵਿੱਚ 65% ਸਿੱਖ ਆਬਾਦੀ, 25% ਹਿੰਦੂ ਆਬਾਦੀ ਅਤੇ 10% ਮੁਸਲਿਮ ਆਬਾਦੀ ਹੈ।
ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ, ਇੱਕ ਸ਼ਿਵ ਮੰਦਰ ਅਤੇ ਇੱਕ ਦਰਗਾਹ ਹੈ। ਜਦੋਂ ਕਿ ਸਿੱਖ ਅਤੇ ਹਿੰਦੂ ਪਰਿਵਾਰਾਂ ਦੋਵਾਂ ਲਈ ਧਾਰਮਿਕ ਸਥਾਨ ਮੌਜੂਦ ਹਨ, ਮੁਸਲਿਮ ਭਾਈਚਾਰਾ ਪਿਛਲੇ ਤਿੰਨ ਦਹਾਕਿਆਂ ਤੋਂ ਇੱਕ ਮਸਜਿਦ ਲਈ ਯਤਨਸ਼ੀਲ ਸੀ। ਪਿੰਡ ਦੀ 75 ਸਾਲਾ ਸਿੱਖ ਔਰਤ ਬੀਬੀ ਰਾਜਿੰਦਰ ਕੌਰ ਨੇ ਆਪਣੀ 5 ਮਰਲੇ ਜ਼ਮੀਨ ਮਸਜਿਦ ਦੀ ਉਸਾਰੀ ਲਈ ਦਾਨ ਕੀਤੀ, ਜਿਸ ਨਾਲ ਮੁਸਲਿਮ ਭਾਈਚਾਰੇ ਦੀ ਤਿੰਨ ਦਹਾਕੇ ਪੁਰਾਣੀ ਸਮੱਸਿਆ ਹੱਲ ਹੋ ਗਈ।
ਮੁਸਲਿਮ ਭਾਈਚਾਰਾ ਸਾਲਾਂ ਤੋਂ ਜ਼ਮੀਨ ਲਈ ਕਰ ਰਿਹਾ ਸੀ ਜੱਦੋ ਜਹਿਦ
ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਮਸਜਿਦ ਦੀ ਉਸਾਰੀ ਦਾ ਮੁੱਦਾ ਉੱਠਿਆ ਸੀ। ਬੀਬੀ ਰਾਜਿੰਦਰ ਕੌਰ ਦੇ ਪੋਤੇ ਮੋਨੂੰ ਸਿੰਘ ਨੂੰ ਪੰਚ ਚੁਣਿਆ ਗਿਆ ਸੀ। ਪੰਚ ਮੋਨੂੰ ਸਿੰਘ ਦੱਸਦੇ ਹਨ ਕਿ ਪਿੰਡ ਵਿੱਚ ਕੋਈ ਮਸਜਿਦ ਨਹੀਂ ਸੀ। ਮੁਸਲਿਮ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਮੁੱਲਾਂਪੁਰ ਪਿੰਡ ਦੀ ਮਸਜਿਦ ਤੱਕ 2 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਉਹਨਾਂ ਦੀ ਇਸ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਹੀ ਪਿੰਡ ਵਾਸੀਆਂ ਦੀ ਆਪਸੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਸੀ ਕਿ ਮੁਸਲਿਮ ਭਾਈਚਾਰੇ ਨੂੰ ਅਪਣਾ ਧਾਰਮਿਕ ਸਥਾਨ ਕਾਇਮ ਕਰਨ ਲਈ ਜ਼ਮੀਨ ਅਤਾ ਕੀਤੀ ਜਾਵੇਗੀ।