‘ਡੰਕੀ ਰੂਟ’ ’ਤੇ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਗ਼ਲਤ ਕੰਮ? ਵੱਡੇ ਖ਼ੁਲਾਸੇ

ਬਿਹਤਰ ਜ਼ਿੰਦਗੀ ਅਤੇ ਸਫ਼ਲਤਾ ਦੀ ਚਾਹਨਾ ਰੱਖਣ ਵਾਲੇ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਵਿਚ ਜਾ ਕੇ ਵੱਸਣਾ ਚਾਹੁੰਦੇ ਨੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ਨੇ ਜੋ ਆਪਣੀ ਜਾਨ ਤਲੀ ’ਤੇ ਰੱਖ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਰਹੇ ਨੇ।

Update: 2024-09-04 13:03 GMT

ਚੰਡੀਗੜ੍ਹ : ਬਿਹਤਰ ਜ਼ਿੰਦਗੀ ਅਤੇ ਸਫ਼ਲਤਾ ਦੀ ਚਾਹਨਾ ਰੱਖਣ ਵਾਲੇ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਵਿਚ ਜਾ ਕੇ ਵੱਸਣਾ ਚਾਹੁੰਦੇ ਨੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ਨੇ ਜੋ ਆਪਣੀ ਜਾਨ ਤਲੀ ’ਤੇ ਰੱਖ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਰਹੇ ਨੇ। ਇਹ ਸਾਰੇ ਅਮਰੀਕਾ ਪੁੱਜਣ ਲਈ ‘ਡੰਕੀ ਰੂਟ’ ਦੀ ਵਰਤੋਂ ਕਰਦੇ ਨੇ ਜੋ ਸੰਘਣੇ ਅਤੇ ਖ਼ਤਰਨਾਕ ਜੰਗਲਾਂ ਵਿਚੋਂ ਹੋ ਕੇ ਲੰਘਦਾ ਏ। ਇਹ ਖ਼ਤਰਨਾਕ ਸਫ਼ਰ ਕੁੱਝ ਦਿਨਾਂ ਦਾ ਨਹੀਂ ਬਲਕਿ ਇਸ ਨੂੰ ਸਾਲਾਂ ਲੱਗ ਜਾਂਦੇ ਨੇ। ਬਹੁਤ ਸਾਰੇ ਲੋਕ ਰਸਤੇ ਵਿਚ ਦਮ ਤੋੜ ਜਾਂਦੇ ਨੇ, ਜਦਕਿ ਕਈ ਵਾਰ ਪਰਵਾਸੀ ਔਰਤਾਂ ਤੇ ਕੁੜੀਆਂ ਨੂੰ ਯੌਨ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਏ ਪਰ ਇਨ੍ਹਾਂ ਘਟਨਾਵਾਂ ਦਾ ਕਦੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਯਾਨੀ ਕਿ ਸੁਪਨਿਆਂ ਦੇ ਦੇਸ਼ ਅਮਰੀਕਾ ਜਾਣ ਦਾ ਇਹ ਰਸਤਾ ਅਜਿਹੇ ਨਰਕ ਤੋਂ ਹੋ ਕੇ ਗੁਜ਼ਰਦਾ ਏ ਜੋ ਜਿਉਂਦੇ ਜੀਅ ਭੋਗਣਾ ਪੈਂਦਾ ਏ।

ਦੁਨੀਆ ਭਰ ਦੇ ਲੱਖਾਂ ਲੋਕ ਚੰਗੀ ਜ਼ਿੰਦਗੀ ਅਤੇ ਸਫ਼ਲਤਾ ਦੀ ਚਾਹਨਾ ਵਿਚ ਅਮਰੀਕਾ ਦਾ ਰੁਖ਼ ਕਰ ਰਹੇ ਨੇ, ਭਾਵੇਂ ਉਹ ਸਿੱਧੇ ਤਰੀਕੇ ਨਾਲ ਹੋਵੇ ਜਾਂ ਫਿਰ ਗ਼ੈਰਕਾਨੂੰਨੀ ਤਰੀਕੇ ਨਾਲ ਹੋਵੇ। ਇਸ ਵਿਚ ਸੈਂਕੜੇ ਭਾਰਤੀ ਖ਼ਾਸ ਕਰਕੇ ਪੰਜਾਬੀ ਵਿਚ ਸ਼ਾਮਲ ਨੇ ਜੋ ਆਪਣੇ ਡ੍ਰੀਮ ਦੇਸ਼ ਅਮਰੀਕਾ ਵਿਚ ਜਾਣ ਲਈ ਆਪਣੀ ਜਾਨ ਜ਼ੋਖ਼ਮ ਵਿਚ ਪਾਉਣ ਤੋਂ ਵੀ ਨਹੀਂ ਡਰਦੇ ਕਿਉਂਕਿ ਇਨ੍ਹਾਂ ਵੱਲੋਂ ਅਮਰੀਕਾ ਪਹੁੰਚਣ ਲਈ ‘ਡੰਕੀ ਰੂਟ’ ਦੀ ਵਰਤੋਂ ਕੀਤੀ ਜਾਂਦੀ ਐ ਜੋ ਜਿਉਂਦੇ ਜੀਅ ਕਿਸੇ ਨਰਕ ਦੀ ਘਾਟੀ ਨੂੰ ਪਾਰ ਕਰਨ ਦੇ ਤੁੱਲ ਐ। ਇਕ ਰਿਪੋਰਟ ਮੁਤਾਬਕ ਸੰਘਣੇ ਅਤੇ ਖ਼ਤਰਨਾਕ ਜੰਗਲਾਂ ਵਿਚੋਂ ਗੁਜ਼ਰਨ ਵਾਲੇ ਇਸ ਰੂਟ ਤੋਂ ਜਾਣ ਵਾਲੇ ਲੋਕਾਂ ਵਿਚੋਂ 10 ਤੋਂ 12 ਫ਼ੀਸਦੀ ਲੋਕ ਤਾਂ ਕੁਦਰਤੀ ਆਫਤਾਂ ਝੱਲਦੇ ਹੋਏ ਰਸਤੇ ਵਿਚ ਹੀ ਦਮ ਤੋੜ ਜਾਂਦੇ ਨੇ, ਜਾਂ ਫਿਰ ਬਹੁਤ ਸਾਰੇ ਮਾਫ਼ੀਆ ਦਾ ਸ਼ਿਕਾਰ ਹੋ ਜਾਂਦੇ ਨੇ।

ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲਿਆਂ ਵਿਚ ਭਾਰਤੀ ਪਰਵਾਸੀਆਂ ਦਾ ਤੀਜਾ ਨੰਬਰ ਐ। ਡੰਕੀ ਰੂਟ ’ਤੇ ਜਿੱਥੇ ਕੁਦਰਤੀ ਮੁਸ਼ਕਲਾਂ ਇਨ੍ਹਾਂ ਪਰਵਾਸੀਆਂ ਦਾ ਰਾਹ ਰੋਕਦੀਆਂ ਨੇ, ਉਥੇ ਹੀ ਮਾਫ਼ੀਆ ਨਾਲ ਜੁੜੇ ਲੋਕ ਇਨ੍ਹਾਂ ਪਰਵਾਸੀਆਂ ਦੀ ਲੁੱਟ ਖਸੁੱਟ ਕਰਦੇ ਨੇ, ਕਈ ਵਾਰ ਉਹ ਇਨ੍ਹਾਂ ਦੀ ਜਾਨ ਤੱਕ ਲੈ ਲੈਂਦੇ ਨੇ। ਮਨੁੱਖੀ ਤਸਕਰ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਲਿਜਾਣ ਲਈ ਪ੍ਰਤੀ ਵਿਅਕਤੀ ਲਗਭਗ 50 ਹਜ਼ਾਰ ਤੋਂ 1 ਲੱਖ ਡਾਲਰ ਯਾਨੀ 40 ਲੱਖ ਤੋਂ 80 ਲੱਖ ਰੁਪਏ ਤੱਕ ਵਸੂਲਦੇ ਨੇ। ਸ਼ਾਹਰੁਖ਼ ਖ਼ਾਨ ਦੀ ਫਿਲਮ ‘ਡੰਕੀ’ ਵੀ ਇਸੇ ‘ਡੰਕੀ ਰੂਟ’ ’ਤੇ ਅਧਾਰਿਤ ਐ, ਜਿਸ ਨੂੰ ਹਜ਼ਾਰਾਂ ਭਾਰਤੀ ਹਰ ਸਾਲ ਅਮਰੀਕਾ, ਬ੍ਰਿਟੇਨ ਜਾਂ ਕਿਸੇ ਦੂਜੇ ਯੂਰਪੀ ਦੇਸ਼ ਪਹੁੰਚਣ ਲਈ ਅਪਣਾਉਂਦੇ ਨੇ।

ਇਹ ਖ਼ਤਰਨਾਕ ਰੂਟ ਕਈ ਦੇਸ਼ਾਂ ਤੋਂ ਹੋ ਕੇ ਲੰਘਦਾ ਏ, ਜਿਸ ਵਿਚ ਪਨਾਮਾ, ਕੋਸਟਾਰਿਕਾ, ਅਲ ਸਲਵਾਡੋਰ ਅਤੇ ਗਵਾਟੇਮਾਲਾ ਵਰਗੇ ਮੱਧ ਅਮਰੀਕੀ ਦੇਸ਼ ਸ਼ਾਮਲ ਨੇ। ਇੱਥੇ ਭਾਰਤੀ ਨਾਗਰਿਕਾਂ ਨੂੰ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਏ। ਮੈਕਸੀਕੋ ਅਤੇ ਦੱਖਣ ਅਮਰੀਕਾ ਦੇ ਵਿਚਕਾਰ ਸਥਿਤ ਇਹ ਦੇਸ਼ ਮੈਕਸੀਕੋ ਦੇ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਗ਼ੈਰਕਾਨੂੰਨੀ ਪਰਵਾਸੀਆਂ ਦੇ ਲਈ ਐਂਟਰੀ ਗੇਟ ਦੇ ਤੌਰ ’ਤੇ ਕੰਮ ਕਰਦੇ ਨੇ। ‘ਡੰਕੀ’ ਕਹਿਣ ਨੂੰ ਭਾਵੇਂ ਆਸਾਨ ਜਿਹਾ ਸ਼ਬਦ ਲਗਦਾ ਏ ਪਰ ਇਹ ਖ਼ਤਰਨਾਕ ਰੂਟ ਸੈਂਕੜੇ ਮਾਂਵਾਂ ਦੇ ਪੁੱਤਾਂ ਨੂੰ ਨਿਗਲ ਚੁੱਕਿਆ ਏ।

ਇੱਥੇ ਗਏ ਲੋਕਾਂ ਦੀਆਂ ਕਈ ਵਾਰ ਹੱਡੀਆਂ ਵੀ ਵਾਪਸ ਨਹੀਂ ਮੁੜਦੀਆਂ ਅਤੇ ਇਹ ਯਾਤਰਾ ਕੋਈ ਹਫ਼ਤੇ 10 ਦਿਨ ਦੀ ਨਹੀਂ ਹੁੰਦੀ ਬਲਕਿ ਇਸ ਖ਼ਤਰਨਾਕ ਸਫ਼ਰ ਨੂੰ ਦੋ ਸਾਲ ਤੱਕ ਦਾ ਸਮਾਂ ਵੀ ਲੱਗ ਜਾਂਦਾ ਏ ਅਤੇ ਇਸ ਦੌਰਾਨ ਡਕੈਤੀ, ਗੰਭੀਰ ਸੱਟਾਂ, ਔਰਤਾਂ ਦੇ ਨਾਲ ਜ਼ਬਰਜਨਾਹ ਅਤੇ ਅਪਰਾਧਿਕ ਗਿਰੋਹਾਂ ਦੇ ਹੱਥੋਂ ਮੌਤ ਤੱਕ ਦੀਆਂ ਮੁਸ਼ਕਲਾਂ ਸ਼ਾਮਲ ਨੇ। ਅਮਰੀਕਾ-ਮੈਕਸੀਕੋ ਸਰਹੱਦ ’ਤੇ ਪਰਵਾਸੀ ਔਰਤਾਂ ਅਤੇ ਕੁੜੀਆਂ ਨੂੰ ਵੱਡੇ ਪੱਧਰ ’ਤੇ ਯੌਨ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਏ। ਅਕਸਰ ਇਨ੍ਹਾਂ ਘਟਨਾਵਾਂ ਨੂੰ ਰਿਪੋਰਟ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਨ੍ਹਾਂ ਅਪਰਾਧਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਕੋਈ ਸਜ਼ਾ ਮਿਲਦੀ ਐ।

ਉਂਝ ਗ਼ੈਰਕਾਨੂੰਨੀ ਪਰਵਾਸੀਆਂ ਦੇ ਲਈ ਅਮਰੀਕਾ ਪਹੁੰਚਣ ਦਾ ਇਹੀ ਇਕੋ ਇਕ ਰਸਤਾ ਨਹੀਂ। ਇਹ ਪਰਵਾਸੀ ਕੈਨੇਡਾ ਦੇ ਰਸਤੇ ਵੀ ਅਮਰੀਕਾ ਵਿਚ ਐਂਟਰੀ ਕਰਦੇ ਨੇ। ਇਸ ਤੋਂ ਇਲਾਵਾ ਭਾਰਤ ਤੋਂ ਆਉਣ ਵਾਲੇ ਗ਼ੈਰਕਾਨੂੰਨੀ ਪਰਵਾਸੀ ਬ੍ਰਾਜ਼ੀਲ ਨੂੰ ਵੀ ਅਮਰੀਕਾ ਪਹੁੰਚਣ ਲਈ ਟ੍ਰਾਂਜਿਟ ਰੂਟ ਵਜੋਂ ਵਰਤਦੇ ਨੇ। ਅਮਰੀਕੀ ਕਸਟਮ ਅਤੇ ਬਾਰਡਰ ਸਕਿਓਰਟੀ ਡਿਪਾਰਟਮੈਂਟ ਦੇ ਡਾਟਾ ਮੁਤਾਬਕ 2023 ਵਿਚ 96,917 ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਵਿਚ ਦਾਖ਼ਲ ਹੋਣਦੀ ਕੋਸ਼ਿਸ਼ ਕਰਦੇ ਫੜਿਆ ਗਿਆ ਸੀ।

ਇਹ ‘ਡੰਕੀ ਰੂਟ’ ਜਿੱਥੇ ਸੈਂਕੜੇ ਮਾਂਵਾਂ ਦੇ ਪੁੱਤਾਂ ਨੂੰ ਨਿਗਲ ਚੁੱਕਿਆ ਏ, ਉਥੇ ਹੀ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਵੀ ਡੰਕੀ ਰੂਟ ’ਚ ਫਸੇ ਆਪਣੇ ਪੁੱਤਰਾਂ ਨੂੰ ਕਢਵਾਉਣ ਵਿਚ ਵਿਕ ਚੁੱਕੀਆਂ ਨੇ। ਇਹ ਇੰਨਾ ਖ਼ਤਰਨਾਕ ਐ ਕਿ ਇੱਥੇ ਪੈਸੇ ਦੇ ਕੇ ਵੀ ਜਾਨ ਬਚਣ ਜਾਂ ਕੰਮ ਸਿਰੇ ਚੜ੍ਹਨ ਦੀ ਗਾਰੰਟੀ ਨਹੀਂ ਹੁੰਦੀ। 30 ਸਾਲਾ ਟੈਕ ਗ੍ਰੈਜੂਏਟ ਮਲਕੀਤ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ ਉਸ ਦੇ ਪਰਿਵਾਰ ਨੇ ਆਪਣੀ ਸੰਪਤੀ ਵੇਚ ਦਿੱਤੀ ਪਰ ਮਲਕੀਤ ਸਿੰਘ ਡੰਕੀ ਰੂਟ ਤੋਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ ਤਸਕਰਾਂ ਦੇ ਹੱਥੋਂ ਮਾਰਿਆ ਗਿਆ।

ਨਰਕ ਕਿਸੇ ਨੇ ਨਹੀਂ ਦੇਖਿਆ ਅਤੇ ਉਹ ਮਰਨ ਤੋਂ ਬਾਅਦ ਹੀ ਕਿਸੇ ਨੂੰ ਦਿਸਦਾ ਹੋਵੇਗਾ ਪਰ ਇਹ ‘ਡੰਕੀ ਰੂਟ’ ਨਰਕ ਤੋਂ ਵੀ ਭੈੜਾ ਏ। ਇਸ ਰੂਟ ਤੋਂ ਲੰਘੇ ਲੋਕਾਂ ਦੀ ਦਾਸਤਾਨ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਐ, ਨੌਜਵਾਨ ਮੁੰਡਿਆਂ ਇੱਥੇ ਆਪਣਾ ਪਿਸ਼ਾਬ ਤੱਕ ਪੀਣ ਲਈ ਮਜਬੂਰ ਹੋਣਾ ਪਿਆ। ਆਪਣੇ ਸੁਪਨੇ ਪੂਰੇ ਕਰਨੇ ਕੋਈ ਮਾੜੀ ਗੱਲ ਨਹੀਂ ਪਰ ਉਸ ਦੇ ਲਈ ‘ਡੰਕੀ ਰੂਟ’ ਨਹੀਂ ਬਲਕਿ ਸਹੀ ਰਸਤਾ ਚੁਣਿਆ ਜਾਣਾ ਚਾਹੀਦਾ ਏ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News