ਹਾਏ ਗਰਮੀ: ਲੁਧਿਆਣਾ ਚ ਪਿਛਲੇ 70 ਸਾਲਾਂ ਦਾ ਟੁੱਟਿਆ ਰਿਕਾਰਡ, ਤਾਪਮਾਨ 47 ਡਿਗਰੀ ਤੋਂ ਪਾਰ

ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਲੁਧਿਆਣਾ ਦਾ ਸਮਰਾਲਾ 47.2 ਡਿਗਰੀ ਨਾਲ ਦੇਸ਼ ਦਾ ਸਭ ਤੋਂ ਗਰਮ ਰਿਹਾ।

Update: 2024-06-17 06:24 GMT

ਲੁਧਿਆਣਾ: ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਲੁਧਿਆਣਾ ਦਾ ਸਮਰਾਲਾ 47.2 ਡਿਗਰੀ ਨਾਲ ਦੇਸ਼ ਦਾ ਸਭ ਤੋਂ ਗਰਮ ਰਿਹਾ। ਇਸ ਤੋਂ ਪਹਿਲਾਂ ਸਾਲ 1958 'ਚ 17 ਜੂਨ ਨੂੰ ਲੁਧਿਆਣਾ 'ਚ ਪਾਰਾ 47.9 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਐਤਵਾਰ ਨੂੰ 1958 ਤੋਂ ਬਾਅਦ ਜੂਨ 'ਚ ਪਾਰਾ 47 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ। ਸੂਬੇ ਦੇ ਪ੍ਰਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਹਲਵਾਰਾ, ਬਠਿੰਡਾ ਅਤੇ ਗੁਰਦਾਸਪੁਰ ਗਰਮੀ ਦੀ ਲਪੇਟ ਵਿੱਚ ਹਨ। ਇਸ ਕਾਰਨ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਆਮ ਨਾਲੋਂ 7.2 ਡਿਗਰੀ ਵੱਧ ਹੈ।

ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਸ਼ਾਮਲ ਹਨ।

ਵਿਭਾਗ ਨੇ ਮੰਗਲਵਾਰ ਤੋਂ ਤਿੰਨ ਦਿਨਾਂ ਤੱਕ ਧੂੜ ਭਰੀ ਹਨੇਰੀ ਅਤੇ ਮੀਂਹ ਦੇ ਨਾਲ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਹੈ। ਐਤਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ, ਪਟਿਆਲਾ ਦਾ 45.5, ਪਠਾਨਕੋਟ 46.1, ਬਠਿੰਡਾ 46.3, ਬਰਨਾਲਾ 43.9, ਫਰੀਦਕੋਟ 45.6, ਫ਼ਿਰੋਜ਼ਪੁਰ 44.3, ਜਲੰਧਰ 43.3 ਡਿਗਰੀ ਰਿਹਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 30.7, ਲੁਧਿਆਣਾ ਦਾ 31.2, ਪਟਿਆਲਾ ਦਾ 30.6, ਬਠਿੰਡਾ ਦਾ 30.5, ਬਰਨਾਲਾ ਦਾ 28.3 ਅਤੇ ਜਲੰਧਰ ਦਾ 29.2 ਡਿਗਰੀ ਦਰਜ ਕੀਤਾ ਗਿਆ।

ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਦੇ ਅਨੁਸਾਰ, ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਲਈ ਇੱਕ ਨਵੀਂ ਪੱਛਮੀ ਗੜਬੜ ਬਣ ਰਹੀ ਹੈ ਜੋ ਮੰਗਲਵਾਰ ਰਾਤ ਤੋਂ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਹੇਠ ਜੰਮੂ-ਕਸ਼ਮੀਰ-ਲਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 19 ਤੋਂ 21 ਜੂਨ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Tags:    

Similar News