ਪੰਜਾਬ ’ਚ ਇਨ੍ਹਾਂ ਆਗੂਆਂ ਦੀ ਜਾਨ ’ਤੇ ਵੀ ਮੰਡਰਾ ਰਿਹਾ ਖ਼ਤਰਾ! : ਸਪੈਸ਼ਲ ਰਿਪੋਰਟ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ’ਤੇ ਬੀਤੇ ਦਿਨੀਂ ਜੋ ਜਾਨਲੇਵਾ ਹਮਲਾ ਹੋਇਆ, ਉਸ ਦੀ ਚਹੁੰ ਪਾਸਿਓਂ ਨਹੀਂ ਬਲਕਿ ਤਿੰਨ ਪਾਸਿਓਂ ਨਿੰਦਾ ਕੀਤੀ ਜਾ ਰਹੀ ਐ ਕਿਉਂਕਿ ਇਕ ਪਾਸਾ ਅਜਿਹਾ ਵੀ ਐ ਜੋ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦਾ ਪੱਖ ਪੂਰ ਰਿਹਾ ਏ। ਬਹੁਤ ਸਾਰੇ ਤਾਂ ਜਥੇਦਾਰਾਂ ਦੇ ਫ਼ੈਸਲੇ ਨੂੰ ਵੀ ਗ਼ਲਤ ਠਹਿਰਾ ਰਹੇ ਨੇ...;

Update: 2024-12-06 09:36 GMT

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ’ਤੇ ਬੀਤੇ ਦਿਨੀਂ ਜੋ ਜਾਨਲੇਵਾ ਹਮਲਾ ਹੋਇਆ, ਉਸ ਦੀ ਚਹੁੰ ਪਾਸਿਓਂ ਨਹੀਂ ਬਲਕਿ ਤਿੰਨ ਪਾਸਿਓਂ ਨਿੰਦਾ ਕੀਤੀ ਜਾ ਰਹੀ ਐ ਕਿਉਂਕਿ ਇਕ ਪਾਸਾ ਅਜਿਹਾ ਵੀ ਐ ਜੋ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦਾ ਪੱਖ ਪੂਰ ਰਿਹਾ ਏ। ਬਹੁਤ ਸਾਰੇ ਤਾਂ ਜਥੇਦਾਰਾਂ ਦੇ ਫ਼ੈਸਲੇ ਨੂੰ ਵੀ ਗ਼ਲਤ ਠਹਿਰਾ ਰਹੇ ਨੇ, ਬਲਕਿ ਦਾਦੂਵਾਲੇ ਵਰਗੇ ਆਗੂ ਤਾਂ ਸ਼ਰ੍ਹੇਆਮ ਇਹ ਆਖ ਰਹੇ ਨੇ ਕਿ ਜੇਕਰ ਜਥੇਦਾਰਾਂ ਨੇ ਦੋਸ਼ੀਆਂ ਨੂੰ ਸਹੀ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਇਸ ਤਰ੍ਹਾਂ ਦੇ ਹਮਲੇ ਦੀ ਨੌਬਤ ਨਾ ਆਉਂਦੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਜੋ ਅਕਾਲੀ ਆਗੂ ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਜਾਂ ਸਜ਼ਾ ਭੁਗਤ ਰਹੇ ਨੇ, ਉਹ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ, ਸੁਖਬੀਰ ਬਾਦਲ ਦੀ ਤਰ੍ਹਾਂ ਉਨ੍ਹਾਂ ’ਤੇ ਵੀ ਕਿਸੇ ਸਮੇਂ ਹਮਲਾ ਹੋ ਸਕਦਾ ਏ। 

ਦੇਖੋ ਵੀਡੀਓ : 

Full View

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਦਾ ਭੁਗਤਾਨ ਕਰ ਰਹੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ ਇਸ ਸਮੇਂ ਕਾਫ਼ੀ ਗਰਮਾਇਆ ਹੋਇਆ ਏ। ਇਸ ਮਾਮਲੇ ਨੂੰ ਲੈ ਕੇ ਨਿੱਤ ਦਿਨ ਨਵੇਂ ਤੋਂ ਨਵੇਂ ਖ਼ੁਲਾਸੇ ਸਾਹਮਣੇ ਆ ਰਹੇ ਨੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜਿੱਥੇ ਪੁਲਿਸ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ, ਉਥੇ ਹੀ ਉਨ੍ਹਾਂ ਵੱਲੋਂ ਕੁੱਝ ਸੀਸੀਟੀਵੀ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਨੇ, ਜਿਸ ਵਿਚ ਉਨ੍ਹਾਂ ਵੱਲੋਂ ਪੁਲਿਸ ਦੀ ਨਾਲਾਇਕੀ ਦਿਖਾਈ ਗਈ ਐ।

ਬਿਕਰਮ ਮਜੀਠੀਆ ਵੱਲੋਂ ਆਪਣੇ ਜੀਜੇ ਦੇ ਹੱਕ ਵਿਚ ਜ਼ੋਰ ਸ਼ੋਰ ਨਾਲ ਆਵਾਜ਼ ਬੁਲੰਦ ਕੀਤੀ ਜਾ ਰਹੀ ਐ ਪਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਿ ਜਿੰਨਾ ਖ਼ਤਰਾ ਸੁਖਬੀਰ ਬਾਦਲ ’ਤੇ ਮੰਡਰਾ ਰਿਹਾ ਏ, ਓਨਾ ਹੀ ਇਨ੍ਹਾਂ ਗੁਨਾਹਾਂ ਵਿਚ ਸਜ਼ਾ ਭੁਗਤ ਰਹੇ ਦੂਜੇ ਅਕਾਲੀ ਆਗੂਆਂ ’ਤੇ ਵੀ ਮੰਡਰਾ ਰਿਹਾ ਐ। ਜਿਨ੍ਹਾਂ ਨੇ ਮੂੰਹੋਂ ਭਾਵੇਂ ਕੱਲਾ ਕੱਲਾ ਗੁਨਾਹ ਕਬੂਲ ਨਾ ਕੀਤਾ ਹੋਵੇ ਪਰ ਉਹ ਇਕੋ ਸ਼ਬਦ ਰਾਹੀਂ ਸਾਰੀ ਗੱਲ ਕਬੂਲ ਚੁੱਕੇ ਨੇ ਕਿ ਜੋ ਸੁਖਬੀਰ ਨੇ ਗੁਨਾਹ ਕੀਤੇ, ਉਨ੍ਹਾਂ ਦੇ ਲਈ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ। ਇਸੇ ਕਰਕੇ ਉਹ ਅਕਾਲ ਤਖ਼ਤ ਵੱਲੋਂ ਲਗਾਈ ਸਜ਼ਾ ਭੁਗਤ ਰਹੇ ਨੇ।

ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਸੁਖਬੀਰ ਬਾਦਲ ਨੇ ਹਾਂ ਵਿਚ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਨੂੰ ਪੁੱਛਿਆ, ਅਕਾਲੀ ਦਲ ਦੀ ਸਰਕਾਰ ਵੇਲੇ ਪੰਥਕ ਮੁੱਦਿਆਂ, ਜਿਨ੍ਹਾਂ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ, ਤੁਸੀਂ ਉਨ੍ਹਾਂ ਨੂੰ ਵਿਸਾਰਿਆ? ਸੁਖਬੀਰ ਬਾਦਲ ਨੇ ਕਿਹਾ ਹਾਂ। ਫਿਰ ਪੁੱਛਿਆ, ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਅਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ ਜਾਂ ਨਹੀਂ,,, ਸੁਖਬੀਰ ਨੇ ਕਿਹਾ ਹਾਂ। ਜਥੇਦਾਰ ਨੇ ਫਿਰ ਪੁੱਛਿਆ, ਤੁਸੀਂ ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸਿਰਸਾ ਦੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਬਾਰੇ ਕਿਹਾ ਜਾਂ ਨਹੀਂ? ਸੁਖਬੀਰ ਬਾਦਲ ਨੇ ਫਿਰ ਹਾਂ ਵਿਚ ਜਵਾਬ ਦਿੱਤਾ ਸੀ।

ਜਥੇਦਾਰ ਨੇ ਅਗਲਾ ਸਵਾਲ ਪੁੱਛਿਆ,, ਤੁਹਾਡੀ ਸਰਕਾਰ ਵੇਲੇ ਗੁਰੂ ਦੀ ਬੇਅਦਬੀ ਹੋਈ, ਸਿੱਖਾਂ ਨੂੰ ਵੰਗਾਰਨ ਦੇ ਪੋਸਟਰ ਲਗਾਏ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ, ਬਾਅਦ ਵਿਚ ਰੋਸ ਪ੍ਰਗਟਾ ਰਹੀਆਂ ਸੰਗਤਾਂ ’ਤੇ ਗੋਲੀਬਾਰੀ ਹੋਈ, ਤੁਸੀਂ ਉਨ੍ਹਾਂ ਦੋਸ਼ੀਆਂ ਨੂੰ ਲੱਭਣ ਵਿਚ ਤੁਸੀਂ ਨਾਕਾਮ ਹੀ ਨਹੀਂ ਰਹੇ, ਬਲਕਿ ਉਨ੍ਹਾਂ ਦੀ ਪੁਸ਼ਤਪਨਾਹੀ ਵੀ ਕੀਤੀ। ਇਨ੍ਹਾਂ ਦੇ ਜਵਾਬ ਵਿਚ ਵੀ ਸੁਖਬੀਰ ਬਾਦਲ ਹਾਂ ਆਖਿਆ ਸੀ। ਫਿਰ ਜਥੇਦਾਰ ਨੇ ਪੁੱਛਿਆ, ਡੇਰਾ ਮੁਖੀ ਲੂੰ ਆਪਣੇ ਵੱਲੋਂ ਦਿਵਾਈ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਇਸ਼ਤਿਹਾਰ ਦੇਣ ਲਈ ਦੁਰਵਰਤੋਂ ਕੀਤੀ? ਇਸ ਸਵਾਲ ਦਾ ਜਵਾਬ ਵੀ ਸੁਖਬੀਰ ਬਾਦਲ ਨੇ ਹਾਂ ਵਿਚ ਦਿੱਤਾ।

ਇੱਥੇ ਸੋਚਣ ਅਤੇ ਵਿਚਾਰਨ ਵਾਲੀ ਗੱਲ ਇਹ ਐ ਕਿ ਬਾਕੀ ਦੇ ਅਕਾਲੀ ਆਗੂ ਵੀ ਇਨ੍ਹਾਂ ਗੁਨਾਹਾਂ ਵਿਚ ਬਰਾਬਰ ਦੇ ਭਾਗੀਦਾਰ ਨੇ,, ਕਿਉਂਕਿ ਜਥੇਦਾਰ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਵਿਚ ਕਈ ਅਕਾਲੀ ਆਗੂਆਂ ਨੇ ਇਹ ਆਖਿਆ ਕਿ ਇਨ੍ਹਾਂ ਸਾਰੇ ਗੁਨਾਹਾਂ ਵਿਚ ਉਹ ਵੀ ਸ਼ਾਮਲ ਨੇ। ਜ਼ਰੂਰੀ ਨਹੀਂ ਫ਼ੈਸਲਿਆਂ ਦਾ ਖੁੱਲ੍ਹ ਕੇ ਸਮਰਥਨ ਕਰਨਾ ਹੀ ਗੁਨਾਹ ਹੋਵੇ,, ਅਜਿਹੇ ਫ਼ੈਸਲਿਆਂ ’ਤੇ ਚੁੱਪ ਰਹਿਣ ਵਾਲੇ ਵੀ ਗੁਨਾਹਗਾਰਾਂ ਦੀ ਸੂਚੀ ਵਿਚ ਆਉਂਦੇ ਨੇ। ਇਸੇ ਕਰਕੇ ਜਥੇਦਾਰ ਸਾਹਿਬਾਨ ਨੇ ਸਹੀ ਇਨਸਾਫ਼ ਕਰਦਿਆਂ ਸਾਰਿਆਂ ਨੂੰ ਸਜ਼ਾ ਸੁਣਾਈ ਕਿਉਂਕਿ ਇਹ ਤਾਂ ਸਭ ਨੂੰ ਪਤਾ ਏ ਕਿ ਫ਼ੈਸਲਾ ਕੋਈ ਇਕੱਲਾ ਨਹੀਂ ਲੈ ਸਕਦਾ।

ਹੁਣ ਸੁਖਬੀਰ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਸਭ ਤੋਂ ਚਿੰਤਾ ਵਾਲੀ ਗੱਲ ਇਹ ਐ ਕਿ ਸ਼ਰਾਰਤੀ ਅਨਸਰਾਂ ਲਈ ਸੁਖਬੀਰ ਬਾਦਲ ਨਾਲੋਂ ਦੂਜੇ ਅਕਾਲੀ ਆਗੂ ਆਸਾਨ ਸ਼ਿਕਾਰ ਹੋ ਸਕਦੇ ਨੇ, ਜੋ ਸੁਖਬੀਰ ਬਾਦਲ ਵੱਲੋਂ ਕਬੂਲੇ ਗਏ ਕੱਲੇ ਕੱਲੇ ਗੁਨਾਹ ਵਿਚ ਬਰਾਬਰ ਦੇ ਭਾਗੀਦਾਰ ਨੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ’ਤੇ ਹਮਲੇ ਵਿਚ ਬੇਸ਼ੱਕ ਪੁਲਿਸ ਪ੍ਰਸਾਸ਼ਨ ਤੋਂ ਕਿਤੇ ਨਾ ਕਿਤੇ ਤਾਂ ਥੋੜ੍ਹੀ ਬਹੁਤ ਚੂਕ ਤਾਂ ਜ਼ਰੂਰ ਹੋਈ ਐ, ਹਾਲਾਂਕਿ ਵੱਡਾ ਭਾਣਾ ਵਰਤਣ ਤੋਂ ਵੀ ਰੋਕਣ ਵਾਲਾ ਵੀ ਪੁਲਿਸ ਮੁਲਾਜ਼ਮ ਹੀ ਸੀ,, ਪਰ ਜੇਕਰ ਇਸ ਮਾਮਲੇ ਵਿਚ ਹੋਰ ਜ਼ਿਆਦਾ ਚੌਕਸੀ ਵਰਤੀ ਹੁੰਦੀ ਤਾਂ ਹਮਲਾਵਰ ਸੁਖਬੀਰ ਬਾਦਲ ਦੇ ਇੰਨਾ ਨਜ਼ਦੀਕ ਨਹੀਂ ਪਹੁੰਚ ਸਕਦਾ ਸੀ।

ਫਿਰ ਮੌਜੂਦਾ ਸਮੇਂ ਸਾਹਮਣੇ ਆ ਰਹੀਆਂ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਕੋਲੋਂ ਹੋਈ ਚੂਕ ਦੀ ਕਹਾਣੀ ਬਿਆਨ ਕਰਦੀਆਂ ਦਿਖਾਈ ਦੇ ਰਹੀਆਂ ਨੇ। ਜਿਸ ਏਐਸਆਈ ਜਸਬੀਰ ਸਿੰਘ ਨੇ ਚੌਕਸੀ ਦਿਖਾਉਂਦਿਆਂ ਹਮਲਾਵਰ ਦਾ ਪਿਸਤੌਲ ਖੋਹਿਆ, ਉਸ ਨੇ ਨਾ ਸਿਰਫ਼ ਪੰਜਾਬ ਪੁਲਿਸ ਦੀ ਲਾਜ ਰੱਖੀ,, ਬਲਕਿ ਸਿੱਖੀ ਦਾ ਧੁਰਾ ਮੰਨੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਵੀ ਦਾਗ਼ਦਾਰ ਹੋਣ ਤੋਂ ਬਚਾਅ ਲਿਆ,, ਜੋ 84 ਦੇ ਕਾਲੇ ਦੌਰ ਸਮੇਂ ਜ਼ਾਲਮ ਹਕੂਮਤਾਂ ਵੱਲੋਂ ਕੀਤੀ ਗਈ ਸੀ। ਪੰਥ ਵਿਰੋਧੀ ਸ਼ਕਤੀਆਂ ਤਾਂ ਇਹੀ ਚਾਹੁੰਦੀਆਂ ਨੇ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਕੋਈ ਅਜਿਹਾ ਘਟਨਾ ਵਾਪਰੇ, ਜਿਸ ਨਾਲ ਪੂਰੀ ਸਿੱਖ ਕੌਮ ਬਦਨਾਮ ਹੋਵੇ।

Full View

ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਕੁੱਝ ਲੋਕ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਇਕ ਹੀਰੋ ਵਜੋਂ ਪੇਸ਼ ਕਰਨ ਲੱਗੇ ਹੋਏ ਨੇ, ਪਰ ਜ਼ਿਆਦਾਤਰ ਸਿੱਖ ਆਗੂਆਂ ਦਾ ਕਹਿਣਾ ਏ ਕਿ ਜੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਸਜ਼ਾ ਨੂੰ ਭੁਗਤ ਰਿਹਾ ਹੋਵੇ, ਉਸ ’ਤੇ ਹਮਲਾ ਕਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ, ਉਸ ਹਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਦੀ ਤਰ੍ਹਾਂ ਦੇਖਿਆ ਜਾਵੇਗਾ। ਜਿਸ ਤਰ੍ਹਾਂ ਤਰੀਕੇ ਨਾਲ ਕੁੱਝ ਲੋਕ ਇਸ ਹਮਲੇ ਨੂੰ ਸਹੀ ਠਹਿਰਾਉਣ ਵਿਚ ਲੱਗੇ ਹੋਏ ਨੇ, ਉਸ ਦਾ ਸਾਫ਼ ਤੇ ਸਪੱਸ਼ਟ ਤੌਰ ’ਤੇ ਇਹੀ ਮਤਲਬ ਨਿਕਲਦਾ ਏ ਕਿ ਖ਼ਤਰਾ ਅਜੇ ਵੀ ਬਰਕਰਾਰ ਐ। ਗਰਮ ਖ਼ਿਆਲੀ ਆਗੂਆਂ ਦੀਆਂ ਤਿੱਖੀਆਂ ਬਿਆਨਬਾਜ਼ੀਆਂ ਬਲਦੀ ’ਤੇ ਤੇਲ ਦਾ ਕੰਮ ਕਰ ਰਹੀਆਂ ਨੇ। ਅਜਿਹੀਆਂ ਕੁੱਝ ਬਿਆਨਬਾਜ਼ੀਆਂ ਤੋਂ ਤੁਹਾਨੂੰ ਜਾਣੂ ਕਰਵਾਓਨੇ ਆਂ।

ਭਾਈ ਅਮਰੀਕ ਸਿੰਘ ਅਜਨਾਲਾ ਕਹਿਣਾ ਏ ਕਿ ਜਥੇਦਾਰਾਂ ਨੇ ਬੇਸ਼ੱਕ ਅਕਾਲੀਆਂ ਦੇ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਪਰ ਜਿਨ੍ਹਾਂ ਮਾਵਾਂ ਦੇ ਪੁੱਤ ਮਰੇ, ਪੰਥ ਦਾ ਨੁਕਸਾਨ ਹੋਇਆ, ਉਸ ਦਾ ਖ਼ਾਮਿਆਜ਼ਾ ਕੌਣ ਭੁਗਤੇਗਾ।

ਉਧਰ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਦਾ ਕਹਿਣਾ ਏ ਕਿ ਨਰਾਇਣ ਸਿੰਘ ਚੌੜਾ ਦੀਆਂ ਭਾਵਨਾਵਾਂ ਨੂੰ ਇੰਨੀ ਜ਼ਿਆਦਾ ਠੇਸ ਪੁੱਜੀ ਕਿ ਉਸ ਵੱਲੋਂ ਇਹ ਕਦਮ ਉਠਾਇਆ ਗਿਆ ਪਰ ਪੁਲਿਸ ਵੱਲੋਂ ਇਸ ਦੇ ਪਿੱਛੇ ਵੱਡੀ ਸਾਜਿਸ਼ ਹੋਣ ਦੀ ਗੱਲ ਕਰਨਾ ਪੂਰੀ ਤਰ੍ਹਾਂ ਬਕਵਾਸ ਐ।

ਇੱਥੇ ਹੀ ਬਸ ਨਹੀਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਜੀਤ ਸਿੰਘ ਦਾਦੂਵਾਲ ਨੇ ਭਾਵੇਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਪਰ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਪ੍ਰਤੀ ਨਰਮਾਈ ਵਰਤੀ ਅਤੇ ਇਸ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਐ।

Full View

ਉਕਤ ਆਗੂ ਕਾਫ਼ੀ ਸਮਝਦਾਰ ਅਤੇ ਸਿਆਣੇ ਨੇ ਜੋ ਸ਼ਬਦਾਂ ਜਾਂ ਬਿਆਨਬਾਜ਼ੀਆਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ’ਤੇ ਆਪਣਾ ਰੋਸ ਜ਼ਾਹਿਰ ਕਰ ਰਹੇ ਨੇ ਪਰ ਸਾਰੇ ਉਨ੍ਹਾਂ ਵਰਗੇ ਸਮਝਦਾਰ ਨਹੀਂ ਹੋ ਸਕਦੇ ਕਿਉਂਕਿ ਬਹੁਤ ਲੋਕ ਅਜਿਹੇ ਨੇ ਜੋ ਇਨ੍ਹਾਂ ਗਰਮ ਬਿਆਨਬਾਜ਼ੀਆਂ ਤੋਂ ਪ੍ਰਭਾਵਿਤ ਹੋ ਕੇ ਗ਼ਲਤ ਕਦਮ ਉਠਾ ਸਕਦੇ ਨੇ। ਹਾਲਾਂਕਿ ਨਰਾਇਣ ਸਿੰਘ ਚੌੜਾ ਨੇ ਕਿਸੇ ਬਿਆਨਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਨਹੀਂ ਕੀਤਾ ਪਰ ਅਜਿਹੀ ਘਟਨਾਵਾਂ ਭਵਿੱਖ ਵਿਚ ਨਹੀਂ ਹੋਣਗੀਆਂ, ਅਜਿਹਾ ਵੀ ਨਹੀਂ ਕਿਹਾ ਜਾ ਸਕਦਾ। ਇਸ ਹਮਲੇ ਮਗਰੋਂ ਸੁਖਬੀਰ ਬਾਦਲ ਦੀ ਸਕਿਓਰਟੀ ਤਾਂ ਭਾਵੇਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਚਾਕ ਚੌਬੰਦ ਕਰ ਦਿੱਤੀ ਗਈ ਐ ਪਰ ਹੁਣ ਉਨ੍ਹਾਂ ਅਕਾਲੀ ਆਗੂਆਂ ’ਤੇ ਵੀ ਖ਼ਤਰਾ ਬਣਿਆ ਹੋਇਆ ਏ ਜੋ ਸੁਖਬੀਰ ਬਾਦਲ ਦੇ ਨਾਲ ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਦੇ ਵਿਚ ਸ਼ਾਮਲ ਸਨ ਅਤੇ ਹੁਣ ਸੁਖਬੀਰ ਦੇ ਨਾਲ ਹੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਤਨਖਾਹ ਭੁਗਤ ਰਹੇ ਨੇ।

ਸੋ ਪੁਲਿਸ ਜਾਂ ਖ਼ੁਫ਼ੀਆ ਏਜੰਸੀਆਂ ਨੂੰ ਬੇਹੱਦ ਚੌਕਸੀ ਵਰਤਣੀ ਪਵੇਗੀ ਕਿਉਂਕਿ ਸ਼ਰਾਰਤੀ ਲੋਕ ਅਕਸਰ ਅਜਿਹੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਨੇ ਕਿ ਕਦੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਗਾਉਣ। ਕੁੱਝ ਲੋਕਾਂ ਦਾ ਕਹਿਣਾ ਏ ਕਿ ਪੁਲਿਸ ਪ੍ਰਸਾਸ਼ਨ ਨੂੰ ਉਨ੍ਹਾਂ ਕੁੱਝ ਆਗੂਆਂ ਦੀਆਂ ਬਿਆਨਬਾਜ਼ੀਆਂ ਨੂੰ ਲਗਾਮ ਲਗਾਉਣੀ ਹੋਵੇਗੀ ਜੋ ਇਸ ਮਾਮਲੇ ਵਿਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੇ ਹੋਏ ਨੇ ਅਤੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਬਲਦੀ ਦੇ ਬੂਥੇ ਤੁੰਨਣਾ ਚਾਹੁੰਦੇ ਨੇ,, ਅਜਿਹਾ ਇਸ ਲਈ ਜ਼ਰੂਰੀ ਐ ਤਾਂ ਜੋ ਸੁਖਬੀਰ ਬਾਦਲ ’ਤੇ ਹਮਲੇ ਵਰਗੀ ਘਟਨਾ ਫਿਰ ਤੋਂ ਨਾ ਵਾਪਰ ਸਕੇ।

ਸੋ ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News