ਆਯੁੱਧਿਆ ’ਚ ਮੀਂਹ ਨੇ ਕਰਵਾਤੀ ਭਾਜਪਾ ਦੀ ਕਿਰਕਿਰੀ
ਆਯੁੱਧਿਆ ਵਿਚ ਭਾਰੀ ਮੀਂਹ ਤੋਂ ਬਾਅਦ ਮੰਦਰ ਜਾਣ ਵਾਲੇ ਰਸਤੇ ’ਤੇ ਵੱਡੇ ਵੱਡੇ ਟੋਏ ਪੈ ਚੁੱਕੇ ਨੇ, ਥਾਂ ਥਾਂ ’ਤੇ ਪਾਣੀ ਖੜ੍ਹਾ ਹੋ ਗਿਆ ਏ, ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਸਖ਼ਤ ਕਾਰਵਾਈ ਕਰਦਿਆਂ ਉਤਰ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਅਤੇ ਜਲ ਨਿਗਮ ਦੇ ਛੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਏ।
ਆਯੁੱਧਿਆ : ਆਯੁੱਧਿਆ ਵਿਚ ਭਾਰੀ ਮੀਂਹ ਤੋਂ ਬਾਅਦ ਮੰਦਰ ਜਾਣ ਵਾਲੇ ਰਸਤੇ ’ਤੇ ਵੱਡੇ ਵੱਡੇ ਟੋਏ ਪੈ ਚੁੱਕੇ ਨੇ, ਥਾਂ ਥਾਂ ’ਤੇ ਪਾਣੀ ਖੜ੍ਹਾ ਹੋ ਗਿਆ ਏ, ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਸਖ਼ਤ ਕਾਰਵਾਈ ਕਰਦਿਆਂ ਉਤਰ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਅਤੇ ਜਲ ਨਿਗਮ ਦੇ ਛੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਏ। ਇਹ ਫ਼ੈਸਲਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਨਿਰਦੇਸ਼ ’ਤੇ ਲਿਆ ਗਿਆ ਏ।
ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਪਈ ਪਹਿਲੀ ਬਾਰਿਸ਼ ਨੇ ਹੀ ਪ੍ਰਸਾਸ਼ਨ ਦੇ ਕੰਮਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ, ਜਿੱਥੇ ਬਾਰਿਸ਼ ਕਾਰਨ ਮੰਦਰ ਨੂੰ ਜਾਣ ਵਾਲੀ ਸੜਕ ਥਾਂ ਥਾਂ ਧੱਸ ਚੁੱਕੀ ਐ, ਉਥੇ ਹੀ ਬਹੁਤ ਸਾਰੀਆਂ ਥਾਵਾਂ ’ਤੇ ਗੋਡੇ ਗੋਡੇ ਪਾਣੀ ਭਰ ਚੁੱਕਿਆ ਏ। ਇਸ ਅਣਗਹਿਲੀ ਦੇ ਸਾਹਮਣੇ ਆਉਂਦਿਆਂ ਹੀ ਪ੍ਰਸਾਸ਼ਨ ਨੇ ਲੋਕ ਨਿਰਮਾਣ ਵਿਭਾਗ ਦੇ ਛੇ ਇੰਜੀਨਿਅਰਾਂ ਨੂੰ ਸਸਪੈਂਡ ਕਰ ਦਿੱਤਾ, ਜਿਨ੍ਹਾਂ ਵਿਚ ਧਰੁਵ ਅਗਰਵਾਲ, ਅਨੁਜ ਦੇਸ਼ਵਾਲ ਅਤੇ ਪ੍ਰਭਾਤ ਪਾਂਡੇ, ਅਨੰਦ ਕੁਮਾਰ ਦੂਬੇ, ਰਾਜੇਂਦਰ ਕੁਮਾਰ ਯਾਦਵ ਅਤੇ ਜਲ ਨਿਗਮ ਦੇ ਜੂਨੀਅਰ ਇੰਜੀਨਿਅਰ ਮੁਹੰਮਦ ਸ਼ਾਹਿਦ ਦੇ ਨਾਂਅ ਸ਼ਾਮਲ ਨੇ।
ਮੀਡੀਆ ਰਿਪੋਰਟਾਂ ਮੁਤਾਬਕ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਬਣਾਏ ਗਏ ਰਾਮਪਥ ’ਤੇ 10 ਤੋਂ ਜ਼ਿਆਦਾ ਥਾਵਾਂਾ ’ਤੇ ਸੜਕ ਧੱਸ ਚੁੱਕੀ ਐ, ਵੱਡੇ ਵੱਡੇ ਟੋਏ ਪੈ ਚੁੱਕੇ ਨੇ, ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ। ਰਿਪੋਰਟ ਮੁਤਾਬਕ ਰਾਮ ਮੰਦਰ ਦੇ ਦਰਸ਼ਨਾਂ ਲਈ ਚਾਰ ਸਮਰਪਿਤ ਸੜਕਾਂ ਬਣਾਈਆਂ ਗਈਆਂ ਸੀ, ਜਿਨ੍ਹਾਂ ਵਿਚ ਰਾਮ ਪਥ, ਧਰਮ ਪਥ, ਸ੍ਰੀ ਰਾਮ ਜਨਮ ਭੂਮੀ ਪਥ ਅਤੇ ਭਗਤੀ ਪਥ ਸ਼ਾਮਲ ਨੇ। 30 ਦਸੰਬਰ ਨੂੰ ਇਨ੍ਹਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਸਾਦਤਗੰਜ ਨੂੰ ਨਵੇਂ ਘਾਟ ਨਾਲ ਜੋੜਨ ਵਾਲਾ ਰਾਮ ਪੱਥ 13 ਕਿਲੋਮੀਟਰ ਲੰਬਾ ਅਤੇ ਚਾਰ ਲੇਨ ਵਾਲਾ ਏ, ਜਿਸ ਨੂੰ 845 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ ਪਰ ਪਹਿਲੇ ਮੀਂਹ ਨੇ ਸਾਰੀ ਸੜਕ ਦਾ ਜਲੂਸ ਕੱਢ ਕੇ ਰੱਖ ਦਿੱਤਾ।
ਇੱਥੇ ਹੀ ਬਸ ਨਹੀਂ, ਇਸ ਤੋਂ ਪਹਿਲਾਂ ਰਾਮ ਮੰਦਰ ਦੀ ਛੱਤ ਚੋਣ ਦੀ ਖ਼ਬਰ ਵੀ ਸਾਹਮਣੇ ਆ ਚੁੱਕੀ ਐ, ਜਿਸ ਦੀ ਜਾਣਕਾਰੀ ਖ਼ੁਦ ਰਾਮ ਮੰਦਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਮੀਂਹ ਦੀ ਵਜ੍ਹਾ ਕਰਕੇ ਮੰਦਰ ਦੀ ਛੱਤ ਤੋਂ ਪਾਣੀ ਟਪਕ ਰਿਹਾ ਏ, ਉਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹਾਲਾਂਕਿ ਮੰਦਰ ਟਰੱਸਟ ਦੇ ਅਧਿਕਾਰੀਆਂ ਨੇ ਜਲ ਨਿਕਾਸੀ ਦੀ ਕਮੀ ਨੂੰ ਲੈ ਕੇ ਮੁੱਖ ਪੁਜਾਰੀ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਸਾਰੇ ਮਾਮਲੇ ’ਤੇ ਮੰਦਰ ਦੇ ਡਿਜ਼ਾਇਨ ਅਤੇ ਨਿਰਮਾਣ ਪ੍ਰਬੰਧਕ ਗਿਰੀਸ਼ ਸਹਿਰਸ ਭੋਜਨੀ ਨੇ ਆਖਿਆ ਕਿ ਉਸ ਢਾਂਚੇ ਤੋਂ 100 ਫ਼ੀਸਦੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜੋ ਸਿਰਫ਼ ਹਾਲੇ 80 ਫ਼ੀਸਦੀ ਤੱਕ ਬਣਿਆ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਮੰਦਰ ਨਿਰਮਾਣ ਪੜਾਅ ਦੌਰਾਨ ਕੁੱਝ ਛੋਟੇ ਮੋਟੇ ਮੁੱਦੇ ਜ਼ਰੂਰ ਹੋਣਗੇ ਪਰ ਬੁਨਿਆਦੀ ਡਿਜ਼ਾਇਨ ਬਣਾਉਣ ਵਿਚ ਕੋਈ ਗ਼ਲਤੀ ਨਹੀਂ ਹੋਈ।
ਉਧਰ ਇਸ ਮਾਮਲੇ ’ਤੇ ਮੰਦਰ ਨਿਰਮਾਣ ਨਾਲ ਜੁੜੀ ਕੰਪਨੀ ਲਾਰਸਨ ਐਂਡ ਟਰਬੋ ਦੇ ਇਕ ਅਧਿਕਾਰੀ ਦਾ ਕਹਿਣਾ ਏ ਕਿ ਬਿਜਲੀ ਦੇ ਤਾਰ ਲਗਾਉਣ ਲਈ ਮੰਦਰ ਵਿਚ ਇਲੈਕਟ੍ਰਿਕ ਕੰਡਯੂਟਯ ਪਾਈਪ ਲੱਗੇ ਹੋਏ ਨੇ ਜੋ ਫਿਲਹਾਲ ਖੁੱਲ੍ਹੇ ਹੋਏ ਨੇ, ਮੀਂਹ ਦਾ ਪਾਣੀ ਇਨ੍ਹਾਂ ਪਾਈਪਾਂ ਰਾਹੀਂ ਹੋ ਕੇ ਹੀ ਲੰਘਦਾ ਏ ਪਰ ਇੰਨਾ ਨਹੀਂ ਕਿ ਅੰਦਰ ਪਾਣੀ ਹੀ ਪਾਣੀ ਹੋ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਕੰਸ਼ਟਰੱਕਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ।
ਖ਼ੈਰ,,, ਕੁੱਝ ਵੀ ਹੋਵੇ ਪਰ ਮੌਜੂਦਾ ਸਮੇਂ ਪਏ ਮੀਂਹ ਨੇ ਉਨ੍ਹਾਂ ਹਿੰਦੂ ਸੰਤਾਂ ਦੀ ਬਾਣੀ ਨੂੰ ਸੱਚ ਸਾਬਤ ਕਰ ਦਿੱਤਾ ਏ, ਜਿਨ੍ਹਾਂ ਨੇ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਇਹ ਆਖਿਆ ਸੀ ਕਿ ਭਾਜਪਾ ਵੱਲੋਂ ਮੰਦਰ ਦਾ ਕਾਹਲੀ ਕਾਹਲੀ ਵਿਚ ਉਦਘਾਟਨ ਕੀਤਾ ਜਾ ਰਿਹਾ ਏ ਤਾਂ ਜੋ ਚੋਣਾਂ ਵਿਚ ਇਸ ਦਾ ਲਾਹਾ ਖੱਟਿਆ ਜਾ ਸਕੇ। ਹੋਰ ਤਾਂ ਹੋਰ ਹਿੰਦੂ ਸੰਤਾਂ ਨੇ ਇਸ ਨੂੰ ਮਰਿਆਦਾ ਦੇ ਉਲਟ ਵੀ ਦੱਸਿਆ ਸੀ ਕਿਉਂਕਿ ਕੁੱਝ ਸੰਤਾਂ ਮੁਤਾਬਕ ਪ੍ਰਾਣ ਪ੍ਰਤਿਸ਼ਠਾ ਮੰਦਰ ਨਿਰਮਾਣ ਪੂਰਾ ਮੁਕੰਮਲ ਹੋਣ ਤੋਂ ਬਾਅਦ ਹੀ ਹੋਣੀ ਚਾਹੀਦੀ ਸੀ। ਭਾਜਪਾ ਭਾਵੇਂ ਹੁਣ ਜੋ ਮਰਜ਼ੀ ਦਾਅਵੇ ਕਰੀ ਜਾਵੇ ਪਰ ਮੌਜੂਦਾ ਸਮੇਂ ਆਯੁੱਧਿਆ ਵਿਚ ਪਏ ਮੀਂਹ ਨੇ ਭਾਜਪਾ ਦੀ ਕਿਰਕਿਰੀ ਕਰਵਾ ਦਿੱਤੀ ਐ।