Fake Travel Agent: ਇੰਝ ਕਰੋ ਨਕਲੀ ਟਰੈਵਲ ਏਜੰਟਾਂ ਦੀ ਪਛਾਣ, ਤੁਹਾਡੇ ਨਾਲ ਕਦੇ ਨਹੀਂ ਹੋਵੇਗਾ ਇੰਮੀਗ੍ਰੇਸ਼ਨ ਫਰਾਡ
ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
How To Know Fake Travel Agent: ਭਾਰਤ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਬਾਹਰ ਜਾ ਕੇ ਸੈੱਟ ਹੋਣ ਦਾ ਕਾਫੀ ਕਰੇਜ਼ ਹੈ। ਇਸ ਚੱਕਰ ਵਿੱਚ ਉਹਨਾਂ ਨਾਲ ਕਈ ਵਾਰ ਧੋਖੇ ਵੀ ਹੋ ਚੁੱਕੇ ਹਨ। ਫਿਰ ਵੀ ਸਾਡੇ ਦੇਸ਼ ਦੇ ਲੋਕਾਂ ਖ਼ਾਸ ਕਰ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਜਨੂੰਨ ਹੈ। ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਾਂਗੇ ਕਿ ਬਾਹਰ ਜਾਣ ਲਈ ਅਪਲਾਈ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਨਾਲ ਫਰਾਡ ਨਾ ਹੋਵੇ। ਤਾਂ ਆਓ ਤੁਹਾਨੂੰ ਦੱਸਦੇ ਹਾਂ:
ਪੰਜਾਬ ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦੀ ਆੜ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦੀਆਂ ਖਬਰਾਂ ਰੋਜ਼ ਦੇ ਹਿਸਾਬ ਨਾਲ ਆ ਰਹੀਆਂ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਬਹੁਤ ਸਾਰੇ ਟ੍ਰੈਵਲ ਏਜੰਟ ਇਸ ਕਾਰੋਬਾਰ ਵਿੱਚ ਹਨ ਅਤੇ ਮੋਟਾ ਪੈਸਾ ਕਮਾ ਰਹੇ ਹਨ। ਹਰ ਸਾਲ, ਰਾਜ ਦੇ ਹਜ਼ਾਰਾਂ ਨੌਜਵਾਨ ਵਿਦੇਸ਼ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੇ ਸੁਪਨੇ ਲੈ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਕਸਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਬਾਅਦ ਵਿੱਚ, ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਾਪਸ ਪ੍ਰਾਪਤ ਕਰਨ ਲਈ ਭੱਜ ਦੌੜ ਕਰਨੀ ਪੈਂਦੀ ਹੈ।
ਸਰਕਾਰ ਨੇ ਵੀ ਦਿੱਤੀ ਹੈ ਕਈ ਵਾਰੀ ਚੇਤਾਵਨੀ
ਪੰਜਾਬ ਸਰਕਾਰ ਨੇ ਕਈ ਵਾਰ ਨੌਜਵਾਨਾਂ ਨੂੰ ਅਣਅਧਿਕਾਰਤ ਟ੍ਰੈਵਲ ਏਜੰਟਾਂ ਅਤੇ ਏਜੰਸੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਜੋ ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ ਜਾਂ ਹੋਰ ਸਬਜ਼ਬਾਗ਼ ਦਿਖਾ ਕੇ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਧੋਖਾ ਦਿੰਦੇ ਹਨ। ਲੋਕਾਂ ਨੂੰ ਵਿਦੇਸ਼ ਯਾਤਰਾ ਲਈ ਸਿਰਫ਼ ਸਰਕਾਰ ਦੁਆਰਾ ਅਧਿਕਾਰਤ ਟ੍ਰੈਵਲ ਏਜੰਟਾਂ ਅਤੇ ਏਜੰਸੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।
ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ...
1. ਟਰੈਵਲ ਏਜੰਟ ਦੇ ਲਾਇਸੈਂਸ ਬਾਰੇ ਜਾਣਕਾਰੀ ਪ੍ਰਾਪਤ ਕਰੋ। ਇਹ ਤੁਸੀਂ ਸਰਕਾਰ ਦੀ ਵੈੱਬਸਾਈਟ ਉੱਪਰ ਵੀ ਚੈਕ ਕਰ ਸਕਦੇ ਹੋ।
2. ਏਜੰਟ ਨਾਲ ਨਜਿੱਠਣ ਤੋਂ ਪਹਿਲਾਂ, ਉਹਨਾਂ ਦਾ ਲਾਇਸੈਂਸ ਨੰਬਰ ਅਤੇ ਲਾਇਸੈਂਸ ਦੀ ਮਿਆਦ ਪੁੱਛੋ।
3. IELTS ਕਰਕੇ ਬਾਹਰ ਜਾਓ ਅਤੇ ਨਕਲੀ IELTS ਕਰਵਾਉਣ ਵਾਲਿਆਂ ਤੋਂ ਬਚੋ।
4. ਤੁਸੀਂ ਰੁਜ਼ਗਾਰ ਬਿਊਰੋ ਤੋਂ ਵੀ ਟ੍ਰੈਵਲ ਏਜੰਟਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
5. ਨਕਦ ਭੁਗਤਾਨ ਕਰਨ ਦੀ ਬਜਾਏ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਕਰੋ।
6. ਰਜਿਸਟਰ ਕਰਦੇ ਸਮੇਂ ਰਸੀਦ ਲੈਣਾ ਯਕੀਨੀ ਬਣਾਓ। ਜਾਂਚ ਕਰੋ ਕਿ ਲਾਇਸੈਂਸ ਨੰਬਰ ਲਿਖਿਆ ਹੈ ਜਾਂ ਨਹੀਂ।
7. ਜੇਕਰ ਤੁਹਾਨੂੰ ਕਿਸੇ ਟ੍ਰੈਵਲ ਏਜੰਟ ਬਾਰੇ ਕੋਈ ਸ਼ੱਕ ਹੈ, ਤਾਂ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰੋ।