ਤਰਨਤਾਰਨ ਸੀਟ ’ਤੇ ਫਸਣਗੇ ਕੁੰਡੀਆਂ ਦੇ ਸਿੰਗ! ‘ਆਪ’ ਨੇ ਬਣਾਇਆ ਜ਼ਬਰਦਸਤ ਪਲਾਨ
ਪੰਜਾਬ ਵਿਚ ਤਰਨਤਾਰਨ ਦੀ ਖਾਲੀ ਹੋਈ ਵਿਧਾਨ ਸਭਾ ਸੀਟ ’ਤੇ ਫਿਰ ਤੋਂ ਜ਼ਿਮਨੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਐ, ਹਾਲਾਂਕਿ ਇਸ ਚੋਣ ਦੀ ਤਰੀਕ ਦਾ ਹਾਲੇ ਕੋਈ ਐਲਾਨ ਨਹੀਂ ਹੋਇਆ। ਪੰਜਾਬ ਦੀ ਸੱਤਾਧਾਰੀ ਆਮ ਆਮ ਆਦਮੀ ਪਾਰਟੀ ਵੱਲੋਂ ਇਸ ਉਪ ਚੋਣ ਵਿਚ ਆਪਣੀ ਜਿੱਤ ਦਾ ਪੱਕਾ ਫਾਰਮੂਲਾ ਲਗਾਉਣ ਦੇ ਸੰਕੇਤ ਦਿੱਤੇ ਜਾ ਰਹੇ ਨੇ,
ਚੰਡੀਗੜ੍ਹ : ਪੰਜਾਬ ਵਿਚ ਤਰਨਤਾਰਨ ਦੀ ਖਾਲੀ ਹੋਈ ਵਿਧਾਨ ਸਭਾ ਸੀਟ ’ਤੇ ਫਿਰ ਤੋਂ ਜ਼ਿਮਨੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਐ, ਹਾਲਾਂਕਿ ਇਸ ਚੋਣ ਦੀ ਤਰੀਕ ਦਾ ਹਾਲੇ ਕੋਈ ਐਲਾਨ ਨਹੀਂ ਹੋਇਆ। ਪੰਜਾਬ ਦੀ ਸੱਤਾਧਾਰੀ ਆਮ ਆਮ ਆਦਮੀ ਪਾਰਟੀ ਵੱਲੋਂ ਇਸ ਉਪ ਚੋਣ ਵਿਚ ਆਪਣੀ ਜਿੱਤ ਦਾ ਪੱਕਾ ਫਾਰਮੂਲਾ ਲਗਾਉਣ ਦੇ ਸੰਕੇਤ ਦਿੱਤੇ ਜਾ ਰਹੇ ਨੇ, ਜਿਸ ਤਹਿਤ ਪਾਰਟੀ ਵੱਲੋਂ ਵਿਰੋਧੀ ਪਾਰਟੀ ਦੇ ਕਿਸੇ ਨੇਤਾ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਉਮੀਦਵਾਰ ਬਣਾ ਕੇ ਵਿਰੋਧੀਆਂ ਨੂੰ ਹੀ ਟੱਕਰ ਦਿੱਤੀ ਜਾਂਦੀ ਐ ਅਤੇ ਪਾਰਟੀ ਦਾ ਇਹ ਫਾਰਮੂਲਾ 3 ਸੀਟਾਂ ’ਤੇ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਤਰਨਤਾਰਨ ਉਪ ਚੋਣ ਨੂੰ ਲੈ ਕੇ ਕੀ ਚੱਲ ਰਹੀਆਂ ਨੇ ਤਿਆਰੀਆਂ ਅਤੇ ਕੀ ਹੋ ਸਕਦੀ ਐ ਆਮ ਆਦਮੀ ਪਾਰਟੀ ਦੀ ਰਣਨੀਤੀ?
ਪੰਜਾਬ ਦੀ ਤਰਨਤਾਰਨ ਸੀਟ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖਾਲੀ ਹੋ ਚੁੱਕੀ ਐ, ਜਿਸ ’ਤੇ ਹੁਣ ਉਪ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਜਿੱਥੇ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਥੋਂ ਚੋਣ ਲੜਨ ਦਾ ਐਲਾਨ ਕਰਨ ਦੀ ਪਹਿਲ ਕੀਤੀ ਜਾ ਚੁੱਕੀ ਐ, ਉਥੇ ਹੀ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਪਾਰਟੀਆਂ ਨੇ ਵੀ ਉਪ ਚੋਣ ਲਈ ਕਮਰਕੱਸਣੀ ਸ਼ੁਰੂ ਕਰ ਦਿੱਤੀ ਐ। ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਇਸ ਸੀਟ ਤੋਂ ਆਪਣੀ ਜਿੱਤ ਬਰਕਰਾਰ ਰੱਖਣ ਲਈ ਆਪਣਾ ਪੱਕਾ ਫਾਰਮੂਲਾ ਵਰਤਣ ਦੀ ਤਿਆਰੀ ਵਿਚ ਜਾਪ ਰਹੀ ਐ, ਜਿਸ ਦੇ ਤਹਿਤ ਉਹ ਪਹਿਲਾਂ ਵੀ ਤਿੰਨ ਚੋਣਾਂ ਜਿੱਤ ਚੁੱਕੀ ਐ।
ਦਰਅਸਲ ਜਦੋਂ ਵੀ ਕਿਤੇ ਉਪ ਚੋਣ ਹੁੰਦੀ ਐ ਤਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਪਾਰਟੀ ਦੇ ਕਿਸੇ ਨੇਤਾ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ ਜਾਂਦੈ ਅਤੇ ਫਿਰ ਉਸੇ ਨੇਤਾ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਂਦੈ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਾਂਦੀ ਐ। ਹਾਲੇ ਤੱਕ ਆਮ ਆਦਮੀ ਪਾਰਟੀ 3 ਸੀਟਾਂ ’ਤੇ ਇਸ ਪ੍ਰਯੋਗ ਵਿਚ ਸਫ਼ਲ ਹੋ ਚੁੱਕੀ ਐ। ਹੁਣ ਇਹੀ ਫਾਰਮੂਲਾ ਤਰਨਤਾਰਨ ਦੀ ਸੀਟ ’ਤੇ ਵੀ ਅਜਮਾਉਣ ਦੀ ਤਿਆਰੀ ਕੀਤੀ ਜਾ ਰਹੀ ਐ।
ਦਰਅਸਲ ਆਮ ਆਦਮੀ ਪਾਰਟੀ ਨੇ ਤਰਨਤਾਰਨ ਵਿਚ ਅਕਾਲੀ ਦਲ ਦੇ ਨੇਤਾ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਏ ਜੋ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ। ਉਂਝ ਆਮ ਆਦਮੀ ਪਾਰਟੀ ਲਈ ਇਸ ਸੀਟ ’ਤੇ ਜਿੱਤ ਹਾਸਲ ਕਰਨੀ ਕਾਫ਼ੀ ਜ਼ਿਆਦਾ ਟੱਫ਼ ਮੰਨੀ ਜਾ ਰਹੀ ਐ ਕਿਉਂਕਿ ਇਹ ਵਿਧਾਨ ਸਭਾ ਸੀਟ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸੰਸਦੀ ਖੇਤਰ ਵਿਚ ਪੈਂਦੀ ਐ, ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਐ।
ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇੱਥੇ ਪੰਥਕ ਸਿਆਸਤ ਦਾ ਵੀ ਸਾਮਹਣਾ ਕਰਨਾ ਪਵੇਗਾ, ਜਿਸ ਕਰਕੇ ਹੀ ਆਪ ਵੱਲੋਂ ਅਕਾਲੀ ਦਲ ਦੇ ਨੇਤਾ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਏ। ਸਿਆਸੀ ਗਲਿਆਰਿਆਂ ਵਿਚ ਚਰਚਾ ਬਣੀ ਹੋਈ ਐ ਕਿ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਏ, ਜਿਸ ਨਾਲ ਆਮ ਆਦਮੀ ਪਾਰਟੀ ਨੂੰ ਡਬਲ ਫ਼ਾਇਦਾ ਹੋਵੇਗਾ,, ਯਾਨੀ ਕਿ ਖ਼ੁਦ ਦੀ ਵੋਟ ਦੇ ਨਾਲ-ਨਾਲ ਅਕਾਲੀ ਦਲ ਦੀ ਵੋਟ ਨੂੰ ਵੀ ਹਰਮੀਤ ਸਿੰਘ ਸੰਧੂ ਆਪਣੇ ਵੱਲ ਖਿੱਚਣਗੇ।
ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਹਲਕਾ ਖਡੂਰ ਸਾਹਿਬ ਵਿਚ ਆਮ ਆਦਮੀ ਪਾਰਟੀ ਨੂੰ ਕਰਾਰੀ ਮਾਤ ਖਾਣੀ ਪਈ ਸੀ ਅਤੇ ਤਰਨਤਾਰਨ ਵਿਧਾਨ ਸਭਾ ਸੀਟ ਵੀ ਇਸੇ ਸੰਸਦੀ ਹਲਕੇ ਵਿਚ ਪੈਂਦੀ ਐ। ਇੱਥੋਂ ਅੰਮ੍ਰਿਤਪਾਲ ਸਿੰਘ ਨੇ ਵੱਡੀਆਂ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਦੂਜੇ ਨੰਬਰ ’ਤੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਰਹੇ ਸੀ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੀਜੇ ਨੰਬਰ ਰਹੇ ਸੀ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਅਜਿਹੀ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ ਏ, ਜਿਸ ਨਾਲ ਆਪਣੇ ਉਮੀਦਵਾਰ ਨੂੰ ਜਿੱਤ ਦਿਵਾ ਕੇ ਸੀਟ ’ਤੇ ਕਬਜ਼ਾ ਬਰਕਰਾਰ ਰੱਖਿਆ ਜਾ ਸਕੇ।
ਇਸੇ ਤਰ੍ਹਾਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕਈ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਤਰਨਤਾਰਨ ਦੀ ਉਪ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਉਂਝ ਪਹਿਲਾਂ ਪਾਰਟੀ ਦੇ ਆਗੂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਕੋਈ ਉਪ ਚੋਣ ਨਹੀਂ ਲੜਨਗੇ, ਸਿੱਧਾ 2027 ਦੀਆਂ ਚੋਣਾਂ ਵਿਚ ਹੀ ਆਪਣੇ ਉਮੀਦਵਾਰ ਖੜ੍ਹੇ ਕਰਨਗੇ,, ਪਰ ਜਦੋਂ ਤੋਂ ਤਰਨਤਾਰਨ ਸੀਟ ਖਾਲੀ ਹੋਈ ਐ ਤਾਂ ਪਾਰਟੀ ਇਹ ਮੌਕਾ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਨ੍ਹਾਂ ਨੂੰ ਯਕੀਨ ਐ ਕਿ ਇਸ ਪੂਰੇ ਸੰਸਦੀ ਖੇਤਰ ਵਿਚ ਅੰਮ੍ਰਿਤਪਾਲ ਸਿੰਘ ਦੀ ਹਵਾ ਬਰਕਰਾਰ ਐ, ਜਿਸ ਦੇ ਚਲਦਿਆਂ ਤਰਨਤਾਰਨ ਦੀ ਵਿਧਾਨ ਸਭਾ ਸੀਟ ਉਨ੍ਹਾਂ ਦੀ ਝੋਲੀ ਵਿਚ ਪੈ ਸਕਦੀ ਐ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਇੱਥੋਂ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ।
ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਅੰਦਰਖ਼ਾਤੇ ਉਪ ਚੋਣ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਪਰ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਇੱਥੋਂ ਕਿਸ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।
ਉਧਰ ਹਰਮੀਤ ਸਿੰਘ ਸੰਧੂ ਦੇ ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਹ ਕਿਸ ਉਮੀਦਵਾਰ ਨੂੰ ਟਿਕਟ ਦੇਵੇ। ਪਹਿਲਾਂ ਹੋਈਆਂ ਪੰਜ ਉਪ ਚੋਣਾਂ ਤਾਂ ਅਕਾਲੀ ਦਲ ਨੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਲੁਧਿਆਣਾ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਭਾਜਪਾ ਵੱਲੋਂ ਵੀ ਹਾਲੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਉਸ ਵੱਲੋਂ ਕਿਸ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।
ਦੱਸ ਦਈਏ ਕਿ ਤਰਨਤਾਰਨ ਉਪ ਚੋਣ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ‘ਪਰ’ ਵੀ ਤੋਲੇ ਜਾਣਗੇ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ