ਸਰਕਾਰੀ ਅੰਕੜੇ ਝੂਠੇ, ਮੌਤਾਂ ਨਹੀਂ ਘਟ ਰਹੀਆਂ: MP ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਸਰਕਾਰ ਵੱਲੋਂ “ਨਸ਼ਿਆਂ ਵਿਰੋਧੀ ਜੰਗ” ਵਿੱਚ 90,000 ਤੋਂ ਵੱਧ ਨਸ਼ਾ ਤਸਕਰ ਫੜਨ ਦੇ ਦਾਅਵਿਆਂ 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬੋਰਡ ਲਗਾ....
'ਸਰਕਾਰ ਆਪਣੀ ਪਿੱਠ ਥਾਪੜਨੀ ਬੰਦ ਕਰੇ'
ਅਸਲ ਤਸਕਰਾਂ ਖ਼ਿਲਾਫ਼ ਕੰਮ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਸਰਕਾਰ ਵੱਲੋਂ “ਨਸ਼ਿਆਂ ਵਿਰੋਧੀ ਜੰਗ” ਵਿੱਚ 90,000 ਤੋਂ ਵੱਧ ਨਸ਼ਾ ਤਸਕਰ ਫੜਨ ਦੇ ਦਾਅਵਿਆਂ 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬੋਰਡ ਲਗਾ ਕੇ ਅਤੇ ਪ੍ਰਚਾਰ ਮੁਹਿੰਮਾਂ ਚਲਾ ਕੇ ਆਪਣੀ ਪਿੱਠ ਥਾਪੜ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਮੌਤਾਂ ਘੱਟ ਨਹੀਂ ਹੋ ਰਹੀਆਂ ਅਤੇ ਪਰਿਵਾਰ ਤਬਾਹ ਹੋ ਰਹੇ ਹਨ।
ਰੰਧਾਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ‘ਆਪ’ ਸਰਕਾਰ ਸਿਰਫ਼ ਅੰਕੜਿਆਂ ਨਾਲ ਖੇਡ ਰਹੀ ਹੈ। ਉਨ੍ਹਾਂ ਪੁੱਛਿਆ, “ਜੇ ਇੰਨੇ ਵੱਡੇ ਤਸਕਰ ਫੜੇ ਗਏ ਹਨ ਤਾਂ ਫਿਰ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਕਿਉਂ ਨਹੀਂ ਘਟ ਰਹੀਆਂ? ਇੱਕੋ ਪਰਿਵਾਰ ਵਿੱਚ ਪੰਜ ਮੈਂਬਰਾਂ ਦੀ ਮੌਤ ਅਤੇ ਇੱਕੋ ਮੁਹੱਲੇ ਵਿੱਚ 20 ਨੌਜਵਾਨਾਂ ਦੀ ਮੌਤ ਇਹ ਸਾਬਤ ਕਰਦੀ ਹੈ ਕਿ ਸਰਕਾਰ ਦੇ ਦਾਅਵੇ ਝੂਠੇ ਹਨ।” ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸ਼ੇਖੀ ਮਾਰਨੀ ਬੰਦ ਕਰਨੀ ਚਾਹੀਦੀ ਹੈ। ਪੰਜਾਬ ਨੂੰ ਹੁਣ ਅੰਕੜਿਆਂ ਦੀ ਨਹੀਂ, ਅਸਲ ਨਤੀਜਿਆਂ ਦੀ ਲੋੜ ਹੈ।
ਸੁਖਜਿੰਦਰ ਰੰਧਾਵਾ ਨੇ ਸਰਕਾਰ ਤੋਂ ਕੁਝ ਸਪੱਸ਼ਟ ਸਵਾਲ ਕੀਤੇ ਹਨ – ਫੜੇ ਗਏ 90,000 ਤਸਕਰਾਂ ਵਿੱਚੋਂ ਕਿੰਨੇ ਅਸਲੀ ਨਸ਼ਾ ਵੇਚਣ ਵਾਲੇ ਹਨ ਅਤੇ ਕਿੰਨੇ ਖੁਦ ਨਸ਼ੇ ਦੇ ਆਦੀ ਹਨ? ਸ਼੍ਰੇਣੀ ਏ (ਵੱਡੇ ਤਸਕਰਾਂ) ਦੀ ਗਿਣਤੀ ਕਿੰਨੀ ਹੈ? ਉਨ੍ਹਾਂ ਤੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਕੀ ਹੈ?
ਉਨ੍ਹਾਂ ਮੰਗ ਕੀਤੀ ਕਿ ਇਸ ਬਦਨਾਮ ਤਸਕਰਾਂ ਦੀ ਸੂਚੀ ਅਤੇ ਬਰਾਮਦਗੀ ਵਾਲੀਆਂ ਰਕਮਾਂ ਵੀ ਜਨਤਾ ਸਾਹਮਣੇ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਫੜੇ ਗਏ ਲੋਕ ਖੁਦ ਨਸ਼ੇ ਦੇ ਆਦੀ ਹਨ, ਉਨ੍ਹਾਂ ਨੂੰ ਤਸਕਰ ਵਜੋਂ ਗਿਣਿਆ ਜਾ ਰਿਹਾ ਹੈ।
ਰੰਧਾਵਾ ਨੇ ਗੰਭੀਰ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਦੇ ਆਪਣੇ ਆਗੂ ਵੱਡੀਆਂ ਨਸ਼ਾ ਤਸਕਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੋ ਆਗੂਆਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਫੜਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਤੇ ਇਲਜ਼ਾਮ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਪਾਸਪੋਰਟ ਦੇ ਕੇ ਵਿਦੇਸ਼ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਚਾਰ ਪੰਜਾਬ ਨੂੰ ਪੂਰੇ ਦੇਸ਼ ਵਿੱਚ ਬਦਨਾਮ ਕਰ ਰਿਹਾ ਹੈ।
ਰੰਧਾਵਾ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਨਸ਼ਾ ਤਸਕਰੀ ਰੋਕਣ ਤੋਂ ਇਲਾਵਾ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਠੋਸ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਵਿਰੋਧੀ ਲੜਾਈ ਲੜਦੀ ਰਹੀ ਹੈ ਅਤੇ ਇਹ ਲੜਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ, “ਅਸੀਂ ਪੰਜਾਬ ਨੂੰ ਨਸ਼ਿਆਂ ਨਾਲ ਬਦਬੂਦਾਰ ਨਹੀਂ ਹੋਣ ਦਿਆਂਗੇ। ਝੂਠੇ ਅੰਕੜਿਆਂ ਦੀ ਹੇਰਾਫੇਰੀ ਦਾ ਪਰਦਾਫਾਸ਼ ਕਰਨਾ ਵੀ ਲਾਜ਼ਮੀ ਹੈ।”
ਸੁਖਜਿੰਦਰ ਰੰਧਾਵਾ ਨੇ ਇਹ ਸਪੱਸ਼ਟ ਕੀਤਾ ਕਿ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਹੈ। ਇਸ ਲਈ ਸਰਕਾਰ ਨੂੰ ਅੰਕੜਿਆਂ ਵਾਲੀ ਖੇਡ ਛੱਡ ਕੇ ਅਸਲੀ ਤਸਕਰਾਂ ਵਿਰੁੱਧ ਜ਼ਮੀਨੀ ਪੱਧਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਨਸ਼ਾ ਸਪਲਾਈ ਲੜੀ ਨੂੰ ਪੂਰੀ ਤਰ੍ਹਾਂ ਤੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਤਾਂ ਪੰਜਾਬ ਦੀ ਨਵੀਂ ਪੀੜ੍ਹੀ ਬਰਬਾਦ ਹੋ ਜਾਵੇਗੀ।
ਇਸ ਬਿਆਨ ਤੋਂ ਸਾਫ਼ ਹੈ ਕਿ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਸਵਾਲ ਉਠਾ ਰਹੀਆਂ ਹਨ ਅਤੇ ਨਤੀਜਿਆਂ ਤੇ ਧਿਆਨ ਦੇਣ ਦੀ ਮੰਗ ਕਰ ਰਹੀਆਂ ਹਨ। ਪੰਜਾਬ ਵਾਸੀਆਂ ਨੂੰ ਇਸ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਸਰਕਾਰ ਤੋਂ ਜਵਾਬ ਮੰਗਣ ਦੀ ਲੋੜ ਹੈ।