ਅਮਰੀਕਾ 'ਚ ਵਧਦੇ ਜਾ ਰਹੇ ਹਨ ਸਿੱਖਾਂ ਵਿਰੁੱਧ ਅਪਰਾਧ
ਅਮਰੀਕਾ 'ਚ ਸਿੱਖਾਂ ਖਿਲਾਫ਼ ਨਫ਼ਰਤੀ ਅਪਰਾਧਾਂ ਵਿੱਚ ਚੋਖਾ ਵਾਧਾ ਹੋਇਆ ਹੈ। ਐਫਬੀਆਈ ਭਾਵ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲਾਂ ਵਿੱਚ ਇਹ ਅਪਰਾਧ ਲਗਭਗ 3800 ਫੀ ਸਦੀ ਵਧ ਗਏ ਹਨ
ਸਿੱਖਾਂ ਖ਼ਿਲਾਫ਼ ਵਧਦੀ ਜਾ ਰਹੀ ਹੈ ਨਸਲੀ ਨਫ਼ਰਤ
ਆਖ਼ਰ ਅਮਰੀਕਨਾਂ 'ਚ ਘਟਦੀ ਕਿਉਂ ਜਾ ਰਹੀ ਸਹਿਣਸ਼ੀਲਤਾ?
ਵਾਸ਼ਿੰਗਟਨ ਡੀਸੀ: ਅਮਰੀਕਾ 'ਚ ਸਿੱਖਾਂ ਖਿਲਾਫ਼ ਨਫ਼ਰਤੀ ਅਪਰਾਧਾਂ ਵਿੱਚ ਚੋਖਾ ਵਾਧਾ ਹੋਇਆ ਹੈ। ਐਫਬੀਆਈ ਭਾਵ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲਾਂ ਵਿੱਚ ਇਹ ਅਪਰਾਧ ਲਗਭਗ 3800 ਫੀ ਸਦੀ ਵਧ ਗਏ ਹਨ। ਇਹ ਖਬਰ ਜਿੱਥੇ ਬਹੁਤ ਚਿੰਤਾਜਨਕ ਹੈ ਅਤੇ ਸਿੱਖਾਂ ਲਈ ਇੱਕ ਵੱਡੀ ਚੇਤਾਵਨੀ ਹੈ।
ਐਫਬੀਆਈ ਦੇ ਤਾਜ਼ਾ ਅੰਕੜਿਆਂ ਅਨੁਸਾਰ: ਸਾਲ 2015 ਵਿੱਚ ਸਿੱਖਾਂ ਵਿਰੁੱਧ ਸਿਰਫ਼ 6 ਨਫ਼ਰਤੀ ਅਪਰਾਧ ਦਰਜ ਕੀਤੇ ਗਏ ਸਨ। ਪਰ ਸਾਲ 2025 ਵਿੱਚ ਇਹ ਗਿਣਤੀ ਵਧ ਕੇ 228 ਹੋ ਗਈ ਹੈ।
ਇਸ ਤਰ੍ਹਾਂ 10 ਸਾਲਾਂ ਵਿੱਚ ਇਹ ਅਪਰਾਧ 3800 ਫੀਸਦੀ ਵਧ ਗਏ ਹਨ। ਇਸ ਤੋਂ ਇਲਾਵਾ ਪੂਰੇ ਅਮਰੀਕਾ ਵਿੱਚ ਕੁੱਲ ਨਫ਼ਰਤੀ ਅਪਰਾਧਾਂ ਵਿੱਚ ਵੀ 2015 ਤੋਂ 2025 ਤੱਕ ਲਗਭਗ 88 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਸਾਲ 2025 ਵਿੱਚ ਇੱਕ ਸਾਲ ਵਿੱਚ ਇਹ ਅਪਰਾਧ 11 ਫੀਸਦੀ ਘੱਟ ਹੋਏ ਹਨ, ਪਰ ਲੰਬੇ ਸਮੇਂ ਦਾ ਰੁਝਾਨ ਬਹੁਤ ਖ਼ਤਰਨਾਕ ਹੈ।
ਮਾਹਰਾਂ ਅਨੁਸਾਰ ਨਫ਼ਰਤੀ ਅਪਰਾਧ ਹਰ ਭਾਈਚਾਰੇ ਉਤੇ ਇੱਕੋ ਤਰ੍ਹਾਂ ਨਹੀਂ ਵਧਦੇ। ਕੁਝ ਭਾਈਚਾਰਿਆਂ ਉਤੇ ਖਾਸ ਤਰ੍ਹਾਂ ਦੇ ਡਰ, ਗਲਤ ਫਹਿਮੀਆਂ ਜਾਂ ਰਾਜਨੀਤੀ ਕਾਰਨ ਵਧੇਰੇ ਹਮਲੇ ਹੋਣ ਲੱਗਦੇ ਹਨ। ਨਫ਼ਰਤੀ ਅਪਰਾਧਾਂ ਦੇ ਮਾਹਰ ਬ੍ਰਾਇਨ ਲੈਵਿਨ ਨੇ ਕਿਹਾ ਕਿ ਜਦੋਂ ਕਿਸੇ ਭਾਈਚਾਰੇ ਬਾਰੇ ਡਰ ਵਾਲੀਆਂ ਅਫਵਾਹਾਂ ਫੈਲਦੀਆਂ ਹਨ, ਤਾਂ ਉਸੇ ਭਾਈਚਾਰੇ ਉਤੇ ਹਮਲੇ ਵਧ ਜਾਂਦੇ ਹਨ।
ਸਿੱਖ ਹੁਣ ਅਮਰੀਕਾ ਵਿੱਚ ਸਭ ਤੋਂ ਵੱਧ ਨਿਸ਼ਾਨਾ ਬਣ ਰਿਹਾ ਧਾਰਮਿਕ ਘੱਟ ਗਿਣਤੀ ਵਾਲਾ ਸਮੂਹ ਬਣ ਚੁੱਕੇ ਹਨ। ਸਿੱਖ ਕੁਲੀਸ਼ਨ ਵੱਲੋਂ ਜਾਰੀ 2025 ਦੀ ਰਿਪੋਰਟ ਮੁਤਾਬਕ ਸਾਲ 2024 ਵਿੱਚ ਸਿੱਖ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲੇ ਧਾਰਮਿਕ ਗਰੁੱਪ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਯਹੂਦੀ ਅਤੇ ਮੁਸਲਿਮ ਭਾਈਚਾਰਾ ਸਭ ਤੋਂ ਵੱਧ ਨਿਸ਼ਾਨਾ ਬਣਦਾ ਸੀ।
ਇੱਕ ਵੱਡੀ ਗੱਲ ਇਹ ਵੀ ਹੈ ਕਿ ਐਫਬੀਆਈ ਦੇ ਅੰਕੜਿਆਂ ਵਿੱਚ ਸਿੱਖ ਭਾਈਚਾਰੇ ਨੂੰ ਹੁਣ ਤੱਕ ਵੱਖਰੇ ਤੌਰ ਤੇ ਟਰੈਕ ਕੀਤਾ ਜਾ ਰਿਹਾ ਹੈ। ਇਸ ਲਈ ਇਹ ਅੰਕੜੇ ਇਸ ਭਾਈਚਾਰੇ ਉਤੇ ਵਧਦੀਆਂ ਮੁਸੀਬਤਾਂ ਨੂੰ ਸਾਫ਼ ਦਿਖਾ ਰਹੇ ਹਨ।
ਪਿਛਲੇ 10 ਸਾਲਾਂ ਵਿੱਚ ਕੁਝ ਹੋਰ ਭਾਈਚਾਰਿਆਂ ਉਤੇ ਵੀ ਨਫ਼ਰਤੀ ਅਪਰਾਧ ਵਧੇ ਹਨ – ਟ੍ਰਾਂਸਜੈਂਡਰ ਲੋਕਾਂ ਖਿਲਾਫ਼ ਅਪਰਾਧ 385 ਫੀਸਦੀ ਵਧ ਗਏ ਹਨ; ਜੋ ਸਭ ਤੋਂ ਵੱਧ ਹੈ।
ਲਾਤੀਨੀ ਮੂਲ ਦੇ ਲੋਕਾਂ ਖਿਲਾਫ਼ 239 ਫੀਸਦੀ ਵਾਧਾ ਹੋਇਆ ਹੈ। ਸਾਲ 2025 ਵਿੱਚ ਰਿਕਾਰਡ 1014 ਮਾਮਲੇ ਦਰਜ ਹੋਏ ਸਨ।
ਇਸੇ ਤਰ੍ਹਾਂ ਏਸ਼ੀਆਈ ਲੋਕਾਂ ਖਿਲਾਫ਼ ਹੋਣ ਵਾਲ਼ੇ ਅਪਰਾਧਾਂ ਵਿੱਚ 195 ਫੀਸਦੀ ਵਾਧਾ ਦਰਜ ਹੋਇਆ ਹੈ। ਯਹੂਦੀ ਲੋਕਾਂ ਖਿਲਾਫ਼ ਇਹ ਵਾਧਾ 123 ਫੀਸਦੀ ਦਰਜ ਹੋਇਆ ਹੈ। ਕਾਲ਼ੇ ਮੂਲ ਦੇ ਲੋਕਾਂ ਖ਼ਿਲਾਫ਼ ਇਹ ਵਾਧਾ 66 ਫ਼ੀ ਸਦੀ ਅਤੇ ਸਮਲਿੰਗੀਆਂ ਖ਼ਿਲਾਫ਼ਹੋਣ ਵਾਲ਼ੇ ਅਪਰਾਧਾਂ ਵਿੱਚ 27 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।
ਇਸ ਤੋਂ ਸਾਫ਼ ਹੈ ਕਿ ਨਫ਼ਰਤੀ ਅਪਰਾਧ ਹਰ ਥਾਂ ਇੱਕੋ ਤਰ੍ਹਾਂ ਨਹੀਂ ਵਧ ਰਹੇ ਹਨ। ਕੁਝ ਭਾਈਚਾਰੇ ਵਧੇਰੇ ਨਿਸ਼ਾਨਾ ਬਣ ਰਹੇ ਹਨ।
ਇਹ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਵਿੱਚ ਧਰਮ ਅਤੇ ਨਸਲੀ ਆਧਾਰ ਤੇ ਨਫ਼ਰਤੀ ਹਿੰਸਾ ਅਜੇ ਵੀ ਬਹੁਤ ਵੱਡੀ ਸਮੱਸਿਆ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਾਲਾਂਕਿ ਇੱਕ ਸਾਲ ਵਿੱਚ ਅਪਰਾਧ ਘੱਟ ਵੀ ਹੋ ਸਕਦੇ ਹਨ, ਪਰ ਲੰਬੇ ਸਮੇਂ ਦਾ ਰੁਝਾਨ ਬਹੁਤ ਖ਼ਤਰਨਾਕ ਹੈ। ਇਸ ਲਈ ਲੋੜ ਹੈ:
ਨਫ਼ਰਤੀ ਅਪਰਾਧਾਂ ਨੂੰ ਬਿਹਤਰ ਤਰੀਕੇ ਨਾਲ ਟਰੈਕ ਕਰਨ ਵਾਲੀ ਵਿਵਸਥਾ ਬਣਾਉਣ ਦੀ ਜ਼ਰੂਰਤ ਹੈ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮਜ਼ਬੂਤ ਕਰਨਾ ਹੋਵੇਗਾ। ਇੰਝ ਹੀ ਸਮਾਜ ਵਿੱਚ ਫੈਲ ਰਹੀਆਂ ਗਲਤ ਫਹਿਮੀਆਂ ਅਤੇ ਨਫ਼ਰਤ ਨੂੰ ਰੋਕਣਾ ਹੋਵੇਗਾ।
ਸਿੱਖ ਭਾਈਚਾਰਾ ਅਮਰੀਕਾ ਵਿੱਚ ਲੰਬੇ ਸਮੇਂ ਤੋਂ ਯੋਗਦਾਨ ਪਾ ਰਿਹਾ ਹੈ, ਫਿਰ ਵੀ ਉਸ ਨੂੰ ਇਸ ਤਰ੍ਹਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਿਪੋਰਟ ਤੋਂ ਸਾਫ਼ ਹੈ ਕਿ ਸਿੱਖਾਂ ਨੂੰ ਆਪਣੀ ਸੁਰੱਖਿਆ ਲਈ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਅਮਰੀਕੀ ਸਰਕਾਰ ਨੂੰ ਵੀ ਇਸ ਮੁੱਦੇ ਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।