ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ 'ਚ ਦਰਜਨਾਂ ਪਿੰਡਾਂ ਦੇ ਕਿਸਾਨ ਹੋਏ ਇਕੱਠੇ
ਸਮਰਾਲਾ ਬਲਾਕ ਅਤੇ ਮਾਛੀਵਾੜਾ ਬਲਾਕ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ 3 ਜਨਵਰੀ ਸਵੇਰੇ 10 ਵਜੇ ਤੋ ਨਵਾਂ ਸ਼ਹਿਰ ਖੰਨਾ ਹਾਈਵੇ ਅਤੇ ਰੋਪੜ-ਦੋਰਾਹਾ ਮਾਰਗ ’ਤੇ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਗਾ ਦਿੱਤਾ ਜਾਵੇਗਾ।;
ਸਮਰਾਲਾ : ਸਮਰਾਲਾ ਬਲਾਕ ਅਤੇ ਮਾਛੀਵਾੜਾ ਬਲਾਕ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ 3 ਜਨਵਰੀ ਸਵੇਰੇ 10 ਵਜੇ ਤੋ ਨਵਾਂ ਸ਼ਹਿਰ ਖੰਨਾ ਹਾਈਵੇ ਅਤੇ ਰੋਪੜ-ਦੋਰਾਹਾ ਮਾਰਗ ’ਤੇ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਗਾ ਦਿੱਤਾ ਜਾਵੇਗਾ। ਇਸ ਲਈ ਜੇਕਰ ਤੁਸੀਂ ਇੱਧਰ ਆ ਰਹੇ ਹੋ ਤਾਂ ਤੁਹਾਨੂੰ ਖੱਜਲ-ਖੁਆਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਰੋਪੜ ਤੋਂ ਲੁਧਿਆਣਾ ਤੱਕ ਵਗਦੀ ਸਰਹਿੰਦ ਨਹਿਰ ਨੂੰ ਸਰਕਾਰ ਵਲੋਂ ਪੱਕਾ ਕਰਨ ਅਤੇ ਨਹਿਰ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਰ ਅੱਜ ਕਿਸਾਨ ਯੂਨੀਅਨਾਂ, ਸੈਂਕੜੇ ਕਿਸਾਨਾਂ ਅਤੇ ਲੋਕਾਂ ਨੇ ਇਸ ਦਾ ਡੱਟਵਾਂ ਵਿਰੋਧ ਕਰਦਿਆਂ ਕੰਮ ਨੂੰ ਬੰਦ ਕਰਵਾਉਣ ਲਈ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਵਿਖੇ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਯੂਨੀਅਨ ਸਿੱਧੂਪੁਰ ਗ਼ੈਰ ਰਾਜਨੀਤਿਕ ਤੋਂ ਇਲਾਵਾ ਦਰਜਨਾਂ ਪਿੰਡਾਂ ਦੇ ਸੈਂਕੜਾ ਕਿਸਾਨਾਂ ਅਤੇ ਲੋਕਾਂ ਦਾ ਵੱਡਾ ਇਕੱਠ ਹੋਇਆ ਇਸ 'ਚ ਉਨ੍ਹਾਂ ਵਿਰੋਧ ਕੀਤਾ ਕਿ ਜੇਕਰ ਸਰਹਿੰਦ ਨਹਿਰ ਪੱਕੀ ਕਰ ਦਿੱਤੀ ਗਈ ਤਾਂ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋਣ ਵੱਲ ਵਧੇਗੀ। ਕਿਸਾਨਾਂ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਜੇਕਰ ਸਰਕਾਰਾਂ ਨੇ ਇਹ ਨਹਿਰਾਂ ਪੱਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਹੋਰ ਡਿੱਗ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਫ਼ਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਬੰਦ ਕਰਵਾਉਣਾ ਬਹੁਤ ਜ਼ਰੂਰੀ ਹੈ। ਸੈਂਕੜਾ ਕਿਸਾਨਾਂ ਅਤੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਪਹਿਲਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਐਸਡੀਐਮ ਦਫਤਰ ਸਮਰਾਲਾ ਵਿਖੇ ਸਰਹਿੰਦ ਨਹਿਰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਸਬੰਧੀ ਪੱਤਰ ਦਿੱਤਾ।
ਐਸਡੀਐਮ ਨਾਲ ਇਸ ਸਬੰਧੀ ਮੀਟਿੰਗ ਵੀ ਕੀਤੀ। ਕਿਸਾਨਾਂ ਨੇ ਕਿਹਾ ਜੇ ਕੰਮ ਨਹੀਂ ਬੰਦ ਕੀਤਾ ਜਾਵੇਗਾ ਤਾਂ ਉਨ੍ਹਾਂ ਵੱਲੋਂ 3 ਜਨਵਰੀ ਨੂੰ ਸਵੇਰੇ 10 ਵਜੇ ਪਿੰਡਾਂ ਦੇ ਲੋਕ ਅਤੇ ਕਿਸਾਨ ਯੂਨੀਅਨਾਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਇਕੱਤਰ ਹੋਣਗੀਆਂ ਅਤੇ ਇੱਥੇ ਪੱਕਾ ਕਿਸਾਨ ਮੋਰਚਾ ਲਗਾਇਆ ਜਾਵੇਗਾ। ਜਿਸ ਵਿੱਚ ਨਵਾਂ ਸ਼ਹਿਰ ਖੰਨਾ ਹਾਈਵੇ ਅਤੇ ਰੋਪੜ ਲੁਧਿਆਣਾ ਹਾਈਵੇ ਬੰਦ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪ੍ਰਸਾਸ਼ਨ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਨਹੀਂ ਕਰਵਾ ਦਿੰਦਾ।
ਐਸਡੀਐਮ ਸਮਰਾਲਾ ਨੇ ਦੱਸਿਆ ਕਿ ਕਿਸਾਨ ਭਰਾ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਸਾਡੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਸਰਹਿੰਦ ਨਹਿਰ ਉੱਪਰ ਚੱਲ ਰਹੇ ਕੰਮ ਨੂੰ ਬੰਦ ਕਰਾਉਣ ਬਾਰੇ ਕਿਹਾ ਗਿਆ ਐਸਡੀਐਮ ਨੇ ਕਿਹਾ ਕਿ ਸਰਹਿੰਦ ਨਹਿਰ ਨੂੰ ਚੌੜਾ ਕਰਨ ਅਤੇ ਇਸ ਨੂੰ ਕੁਝ ਕੁ ਜਗਾਵਾਂ ਤੋਂ ਪੱਕਾ ਕਰਨ ਦਾ ਕੰਮ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈ ਕਿਉੰ ਕੀ ਇਸ ਸਮੇਂ ਸਰਹਿੰਦ ਨਹਿਰ ਦੀ ਸਮਰੱਥਾ 12 ਹਜ਼ਾਰ ਕਿਊਸਿਕ ਪਾਣੀ ਦੀ ਹੈ ਜਿਸ ਨੂੰ ਵਧਾ ਕੇ 15 ਹਜ਼ਾਰ ਕਿਊਸਿਕ ਪਾਣੀ ਦਾ ਕੀਤਾ ਜਾ ਰਿਹਾ ਹੈ ਜਿਸ ਲਈ ਨਹਿਰ ਨੂੰ ਕਈ ਜਗ੍ਹਾ ਤੋਂ ਪੱਕਾ ਕਰਨ ਅਤੇ ਚੌੜਾ ਕਰਨ ਦੀ ਲੋੜ ਹੈ ਤਾਂ ਕਿ ਜਿਆਦਾ ਪਾਣੀ ਛੱਡਿਆ ਜਾਣ ਤੇ ਬੰਨ ਟੁੱਟ ਨਾ ਜਾਵੇ ਇਸ ਲਈ ਇਹ ਕੰਮ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ l