ਕਿਸਾਨਾਂ ਦੇ ‘ਮਰਜੀਵੜੇ ਜੱਥੇ’ ਨੇ ਡਰਾਈ ਸਰਕਾਰ!
ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਡਟੇ ਹੋਏ ਨੇ। ਅੱਜ ਜਿਵੇਂ ਹੀ ਕਿਸਾਨਾਂ ਨੇ ਆਪਣੀ ਦਿੱਲੀ ਕਾਲ ਦੇ ਮੁਤਾਬਕ ਦਿੱਲੀ ਵੱਲ ਕੂਚ ਕਰਨ ਦਾ ਯਤਨ ਕੀਤਾ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਦਿੱਤੇ ਅਤੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ।;
ਚੰਡੀਗੜ੍ਹ : ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਡਟੇ ਹੋਏ ਨੇ। ਅੱਜ ਜਿਵੇਂ ਹੀ ਕਿਸਾਨਾਂ ਨੇ ਆਪਣੀ ਦਿੱਲੀ ਕਾਲ ਦੇ ਮੁਤਾਬਕ ਦਿੱਲੀ ਵੱਲ ਕੂਚ ਕਰਨ ਦਾ ਯਤਨ ਕੀਤਾ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਦਿੱਤੇ ਅਤੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ। ਇਸ ਵਾਰ ਤਾਂ ਕਿਸਾਨ ਟਰੈਕਟਰਾਂ ’ਤੇ ਨਹੀਂ ਜਾ ਰਹੇ ਜੋ ਸਰਕਾਰ ਨੂੰ ‘ਟੈਂਕਾਂ ਤੋਪਾਂ’ ਵਾਂਗ ਦਿਖਾਈ ਦਿੰਦੇ ਨੇ,, ਇਸ ਵਾਰ ਤਾਂ 101 ਕਿਸਾਨਾਂ ਦਾ ਪਹਿਲਾ ਜਥਾ ਦਿੱਲੀ ਕੂਚ ਕਰ ਰਿਹਾ ਸੀ, ਜਿਨ੍ਹਾਂ ਨੂੰ ‘ਮਰਜੀਵੜੇ’ ਨਾਮ ਦਿੱਤਾ ਗਿਆ ਏ। ਹੈਰਾਨੀ ਦੀ ਗੱਲ ਇਹ ਐ ਕਿ ਇਸ ਵਾਰ ਸਰਕਾਰ ਪਹਿਲਾਂ ਤੋਂ ਵੀ ਜ਼ਿਆਦਾ ਡਰੀ ਹੋਈ ਦਿਖਾਈ ਦੇ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਹੁੰਦੇ ਨੇ ਮਰਜੀਵੜੇ ਅਤੇ ਕਿੱਥੋਂ ਆਇਆ ਇਹ ਨਾਮ?
ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਲਈ 101 ਮਰਜੀਵੜੇ ਕਿਸਾਨਾਂ ਦਾ ਜਥਾ ਤਿਆਰ ਕੀਤਾ ਗਿਆ ਸੀ ਜੋ ਸਭ ਤੋਂ ਪਹਿਲਾਂ ਦਿੱਲੀ ਵਾਸਤੇ ਰਵਾਨਾ ਹੋਇਆ ਪਰ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗ਼ ਕੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ। ਦਰਅਸਲ ਸਰਕਾਰ ਵੱਲੋਂ ਵਾਰ ਵਾਰ ਕਿਸਾਨਾਂ ’ਤੇ ਟਰੈਕਟਰਾਂ ’ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿ ਕਿਸਾਨ ਟਰੈਕਟਰ ਲੈ ਕੇ ਦਿੱਲੀ ਨਾ ਆਉਣ।
ਸਰਕਾਰ ਭਾਵੇਂ ਕਿਸਾਨਾਂ ’ਤੇ ਜੋ ਮਰਜ਼ੀ ਜ਼ੁਲਮ ਢਾਈ ਜਾਵੇ ਪਰ ਉਸ ਨੂੰ ਕਿਸਾਨਾਂ ਦੇ ਟਰੈਕਟਰ,, ਖੇਤੀ ਦੇ ਸੰਦ ਘੱਟ ‘ਟੈਂਕ’ ਜ਼ਿਆਦਾ ਦਿਖਾਈ ਦਿੰਦੇ ਨੇ। ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਐ, ਇਸ ਲਈ ਕਿਸਾਨ ਟਰੈਕਟਰਾਂ ’ਤੇ ਜਾ ਕੇ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਪਰ ਇਸ ਵਾਰ ਕਿਸਾਨਾਂ ਦੇ ਮਰਜੀਵੜੇ ਜਥੇ ਨੇ ਸਰਕਾਰ ਦੀ ਨੀਂਦ ਉਡਾਈ ਪਈ ਐ ਕਿਉਂਕਿ ਸਰਕਾਰ ਨੂੰ ਪਤਾ ਏ ਕਿ ਮਰਜੀਵੜੇ ਕਿਸਾਨਾਂ ਦਾ ਜਥਾ ਉਸ ਨੂੰ ਟਰੈਕਟਰਾਂ ਤੋਂ ਵੀ ਜ਼ਿਆਦਾ ਭਾਰੀ ਪੈਣ ਵਾਲਾ ਏ। ਇਹ ਸਿੱਖ ਇਤਿਹਾਸ ਵਿਚੋਂ ਪੈਦਾ ਹੋਇਆ ਉਹ ਸ਼ਬਦ ਐ, ਜੋ ਮੁਗ਼ਲ ਸਰਕਾਰ ਵੇਲੇ ਹੋਂਦ ਵਿਚ ਆਇਆ ਸੀ।
ਸਿੱਖ ਇਤਿਹਾਸ ਵਿਚ ਮਰਜੀਵੜੇ ਸਿੱਖਾਂ ਦਾ ਆਪਣਾ ਇਕ ਵਡਮੁੱਲਾ ਇਤਿਹਾਸ ਐ, ਜਿਸ ਤੋਂ ਪ੍ਰੇਰਨਾ ਲੈ ਕੇ ਹੀ ਕਿਸਾਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਏ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦਾ ਕਹਿਣਾ ਏ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਮਰਜੀਵੜਾ ਜਥਾ ਬਣਾਇਆ ਸੀ, ਜਿਸ ਵਿਚ ਭਾਈ ਮਤੀ ਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਸ਼ਾਮਲ ਸਨ। ਕਿਸਾਨ ਵੀ ਪੰਜਾਬ ਦੀ ਇਸੇ ਰਵਾਇਤ ਨੂੰ ਅੱਗੇ ਤੋਰ ਰਹੇ ਨੇ। ਮਰਜੀਵੜੇ ਉਹ ਹੁੰਦੇ ਨੇ, ਜਿਨ੍ਹਾਂ ਨੂੰ ਦੁਸ਼ਮਣ ਦੇ ਕਿਸੇ ਤੋਪ, ਗੋਲੇ ਜਾਂ ਤਲਵਾਰ ਦਾ ਡਰ ਨਹੀਂ ਹੁੰਦਾ। ਉਹ ਕਿਸੇ ਦੀ ਜਾਨ ਨਹੀਂ ਲੈਂਦੇ, ਬਲਕਿ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਖ਼ੁਦ ਨੂੰ ਪੇਸ਼ ਕਰਦੇ ਨੇ।
ਇਕ ਗੱਲ ਤਾਂ ਸਾਫ਼ ਐ ਕਿ ਜੇਕਰ ਸਰਕਾਰ ਦਾ ਪੰਗਾ ਕਿਸੇ ਹੋਰ ਸਟੇਟ ਦੇ ਨਾਲ ਹੁੰਦਾ ਤਾਂ ਸਰਕਾਰ ਲਈ ਕਿਸਾਨਾਂ ਨੂੰ ਖਦੇੜਨ ਜਾਂ ਹਟਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਣੀ ਸੀ ਪਰ ਹੁਣ ਕੇਂਦਰ ਸਰਕਾਰ ਦਾ ਪੇਚਾ ਪੰਜਾਬ ਦੇ ਕਿਸਾਨਾਂ ਨਾਲ ਐ,,, ਜੋ ਜ਼ਿਆਦਾਤਰ ਸਿੱਖ ਕੌਮ ਦੇ ਨਾਲ ਸਬੰਧਤ ਨੇ। ਭਾਵੇਂ ਕਿ ਪੂਰੇ ਪੰਜਾਬ ਦਾ ਇਤਿਹਾਸ ਹੀ ਕੁਰਬਾਨੀਆਂ ਨਾਲ ਲਬਰੇਜ਼ ਐ,, ਪਰ ਸਿੱਖ ਇਤਿਹਾਸ ਖ਼ਾਸ ਤੌਰ ’ਤੇ ਆਪਣੇ ਆਪ ਵਿਚ ਵਿਲੱਖਣ ਐ। ਸਿੱਖ ਇਤਿਹਾਸ ਵਿਚ ਅਜਿਹੀਆਂ ਕੁਰਬਾਨੀਆਂ ਮੌਜੂਦ ਨੇ, ਜਿਨ੍ਹਾਂ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਬਿਨਾਂ ਸ਼ੱਕ ਪੰਜਾਬ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੀ ਕਿਸਾਨਾਂ ਦੀ ਊਰਜਾ ਦਾ ਸਰੋਤ ਐ ਜੋ ਉਨ੍ਹਾਂ ਨੂੰ ਆਪਣੇ ਮਿਸ਼ਨ ਤੋਂ ਪੈਰ ਪਿਛਾਂਹ ਨਹੀਂ ਖਿੱਚਣ ਦਿੰਦਾ,,, ਫਿਰ ਭਾਵੇਂ ਕਿਸਾਨਾਂ ਦੀ ਗਿਣਤੀ ਵੱਧ ਹੋਵੇ ਜਾਂ ਘੱਟ,,, ਇਸ ਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ,, ਕਿਉਂਕਿ ਅਜਿਹੇ ਅੰਦੋਲਨ ਬੁਲੰਦ ਹੌਂਸਲਿਆਂ ਤੇ ਜਜ਼ਬਿਆਂ ਦੇ ਨਾਲ ਲੜੇ ਜਾਂਦੇ ਨੇ,,, ਇਸ ਵਿਚ ਗਿਣਤੀ ਮਾਇਨੇ ਨਹੀਂ ਰੱਖਦੀ। ਅਜਿਹੇ ਲੋਕਾਂ ਲਈ ਫਿਰ ਵਾਹਿਗੁਰੂ ਦੇ ਨਾਮ ਦਾ ਸਹਾਰਾ ਹੀ ਕਾਫ਼ੀ ਹੁੰਦਾ ਏ।
ਦਰਅਸਲ ਪਿਛਲੇ ਕਿਸਾਨੀ ਅੰਦੋਲਨ ਤੋਂ ਕਿਸਾਨਾਂ ਨੇ ਕਾਫ਼ੀ ਕੁੱਝ ਸਿੱਖ ਲਿਆ ਏ ਜੋ ਇਸ ਅੰਦੋਲਨ ਵਿਚ ਉਨ੍ਹਾਂ ਦੇ ਕੰਮ ਆ ਰਿਹਾ ਏ। ਕਿਸਾਨਾਂ ਵੱਲੋਂ ਜੋ 101 ਮਰਜੀਵੜੇ ਕਿਸਾਨਾਂ ਦਾ ਜਥਾ ਤਿਆਰ ਕੀਤਾ ਗਿਆ ਏ, ਉਸ ਵਿਚ ਜ਼ਿਆਦਾਤਰ ਉਮਰਦਰਾਜ਼ ਕਿਸਾਨ ਆਗੂ ਅਤੇ ਕਿਸਾਨ ਸ਼ਾਮਲ ਕੀਤੇ ਗਏ ਨੇ ਜੋ ਸਭ ਤੋਂ ਅੱਗੇ ਚੱਲ ਰਹੇ ਸੀ ਪਰ ਸ਼ੰਭੂ ਬਾਰਡਰ ’ਤੇ ਇਸ ਤਰੀਕੇ ਨਾਲ ਬੈਰੀਕੇਡਿੰਗ ਕਰ ਦਿੱਤੀ ਗਈ ਐ ਕਿ ਪਾਕਿਸਤਾਨ ਬਾਰਡਰ ’ਤੇ ਵੀ ਅਜਿਹੀ ਬੈਰੀਕੇਡਿੰਗ ਮੌਜੂਦ ਨਹੀਂ। ਜਿਵੇਂ ਹੀ ਕਿਸਾਨ ਬਾਰਡਰ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਿਸ ਨੇ ਫਿਰ ਤੋਂ ਆਪਣਾ ਜ਼ਾਲਿਮਾਨਾ ਰੂਪ ਦਿਖਾਉਂਦਿਆਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਦਿੱਤੇ।
ਕਿਸਾਨਾਂ ਦੀ ਦਿੱਲੀ ਕੂਚ ਕਰਨ ਦੀ ਯੋਜਨਾਬੰਦੀ ’ਤੇ ਗੱਲਬਾਤ ਕੀਤੀ ਜਾਵੇ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਇਕ ਬਫ਼ਰ ਜ਼ੋਨ ਤਿਆਰ ਕੀਤਾ ਗਿਆ ਸੀ, ਜਿੱਥੇ ਵਾਲੰਟੀਅਰ ਤਾਇਨਾਤ ਕੀਤੇ ਗਏ ਅਤੇ ਇਸ ਦੇ ਅੱਗੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ। ਕਿਸਾਨਾਂ ਵੱਲੋਂ ਖ਼ੁਦ ਵੀ ਰੱਸੀਆਂ ਨਾਲ ਬੈਰੀਕੇਡਿੰਗ ਕਰਕੇ ਵੱਖ ਵੱਖ ਜਥੇ ਬਣਾਏ ਗਏ ਤਾਂ ਜੋ ਫਰਵਰੀ ਵਾਲੇ ਹਾਲਾਤ ਦੁਬਾਰਾ ਪੈਦਾ ਨਾ ਹੋਣ ਕਿਉਂਕਿ ਕਈ ਵਾਰ ਕਿਸਾਨਾਂ ’ਤੇ ਜ਼ਬਰ ਹੁੰਦਾ ਦੇਖ ਕੇ ਨੌਜਵਾਨ ਭੜਕ ਜਾਂਦੇ ਨੇ ਜਾਂ ਫਿਰ ਸਾਜਿਸ਼ ਦੇ ਤਹਿਤ ਕਿਤੇ ਹੁੱਲੜ੍ਹਬਾਜ਼ਾਂ ਨੂੰ ਅੱਗੇ ਕਰਕੇ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆ ਨਹੀਂ ਚਾਹੁੰਦੀਆਂ ਕਿ ਕਿਸੇ ਹੋਰ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ ਜਾਵੇ।
ਇੱਥੇ ਹੀ ਬਸ ਨਹੀਂ, ਕਰੀਬ 150 ਮੈਂਬਰਾਂ ਦੀ ਰੈਸਕਿਊ ਟੀਮ ਵੀ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਸੀ ਜੋ ਜਥੇ ਵਿਚ ਸ਼ਾਮਲ ਕਿਸਾਨਾਂ ਦੇ ਪਿੱਛੇ ਪਿੱਛੇ ਚੱਲ ਰਹੀ ਸੀ। ਇਸ ਟੀਮ ਨੇ ਹਰਿਆਣਾ ਪੁਲਿਸ ਵੱਲੋਂ ਜਥੇ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਜਾਣ ਤੋਂ ਬਾਅਦ ਤੁਰੰਤ ਗਿੱਲੀ ਬੋਰੀ ਸੁੱਟ ਕੇ ਧੂੰਏਂ ਤੋਂ ਕਿਸਾਨਾਂ ਦਾ ਬਚਾਅ ਕੀਤਾ। ਮੂੰਹ ’ਤੇ ਬੰਨ੍ਹਣ ਦੇ ਲਈ ਗਿੱਲੇ ਰੁਮਾਲ ਵੀ ਉਨ੍ਹਾਂ ਵੱਲੋਂ ਤਿਆਰ ਰੱਖੇ ਗਏ ਸੀ। ਇਸ ਤੋਂ ਇਲਾਵਾ ਕਿਸਾਨਾਂ ਦੇ ਪੀਣ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਏ। ਹੋਰ ਤਾਂ ਹੋਰ ਕਿਸਾਨਾਂ ਵੱਲੋਂ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਕਿਸੇ ਵੀ ਜ਼ਖ਼ਮੀ ਕਿਸਾਨ ਨੂੰ ਤੁਰੰਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਜਾਂ ਹਸਪਤਾਲ ਲਿਜਾਇਆ ਜਾ ਸਕੇ।
ਖ਼ੈਰ,,, ਅੱਥਰੂ ਗੈਸ ਦੇ ਗੋਲਿਆਂ ਕਰਕੇ ਭਾਵੇਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਪਰ ਕਿਸਾਨਾਂ ਦਾ ਅੰਦੋਲਨ ਇਵੇਂ ਹੀ ਜਾਰੀ ਰਹੇਗਾ ਕਿਉਂਕਿ ਕਿਸਾਨ ਵਾਰ ਵਾਰ ਇੱਕੋ ਗੱਲ ਆਖ ਰਹੇ ਨੇ ਕਿ ਉਹ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ, ਉਨ੍ਹਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ,, ਪਰ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਇਨ੍ਹਾਂ ਅਪੀਲਾਂ ਦਾ ਸਰਕਾਰ ’ਤੇ ਕੋਈ ਅਸਰ ਹੋਵੇਗਾ ਜਾਂ ਨਹੀਂ।