ਡਾਕਟਰ ਨਹੀਂ ਕਰਨਗੇ ਬਠਿੰਡਾ ਦੇ ਦੋ ਪਿੰਡਾਂ ਦੇ ਲੋਕਾਂ ਦਾ ਇਲਾਜ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਠਿੰਡਾ ਇਕਾਈ ਨੇ ਰਾਮਪੁਰਾ ਫੂਲ ਨੇੜਲੇ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲਿਆ ਏ। ਫ਼ੈਸਲੇ ਦੇ ਕਥਿਤ ਨੋਟਿਸ ਬੋਰਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਨੇ, ਜਿਸ ਦੀ ਚਾਰੇ ਪਾਸੇ ਜਮ ਕੇ ਨਿੰਦਾ ਹੋ ਰਹੀ ਐ।
ਬਠਿੰਡਾ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਬਠਿੰਡਾ ਇਕਾਈ ਨੇ ਰਾਮਪੁਰਾ ਫੂਲ ਨੇੜਲੇ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲਿਆ ਏ। ਫ਼ੈਸਲੇ ਦੇ ਕਥਿਤ ਨੋਟਿਸ ਬੋਰਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਨੇ, ਜਿਸ ਦੀ ਚਾਰੇ ਪਾਸੇ ਜਮ ਕੇ ਨਿੰਦਾ ਹੋ ਰਹੀ ਐ। ਮਾਮਲਾ ਇਕ ਮਰੀਜ਼ ਦੀ ਮੌਤ ਦੇ ਨਾਲ ਜੁੜਿਆ ਹੋਇਆ ਏ, ਜਿਸ ਤੋਂ ਬਾਅਦ ਇਹ ਸਾਰਾ ਕਲੇਸ਼ ਵਧਿਆ। ਦੇਖੋ ਕੀ ਐ ਪੂਰੀ ਖ਼ਬਰ।
ਬਠਿੰਡਾ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਨਕ ਇਕਾਈ ਵੱਲੋਂ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਏ। ਆਈਐਮਏ ਵੱਲੋਂ ਲਏ ਗਏ ਇਸ ਅਨੋਖੇ ਫ਼ੈਸਲੇ ਦੀ ਹਾਰ ਪਾਸੇ ਨਿੰਦਾ ਕੀਤੀ ਜਾ ਰਹੀ ਐ। ਦਰਅਸਲ ਤਿੰਨ ਦਿਨ ਪਹਿਲਾਂ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਪਿੰਡ ਸੂਚ ਦੇ ਇਕ ਨੌਜਵਾਨ ਜਸਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਰੀਜ਼ ਦੇ ਹੱਕ ਵਿਚ ਵੱਡੀ ਗਿਣਤੀ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਅਤੇ ਡਾਕਟਰਾਂ ’ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾਏ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਹੋਣ ’ਤੇ ਮਾਮਲਾ ਸੁਲਝ ਗਿਆ ਸੀ ਪਰ ਹੁਣ ਆਈਐਮਏ ਦੀ ਸਥਾਨਕ ਇਕਾਈ ਵੱਲੋਂ ਲਏ ਗਏ ਫ਼ੈਸਲੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਕੋਠੇ ਕਲਾਂ ਮੰਡੀ ਕਲਾਂ ਦੇ ਸਰਪੰਚ ਜਸਵੰਤ ਸਿੰਘ ਦਰਦਪ੍ਰੀਤ ਨੇ ਆਖਿਆ ਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫ਼ਰ ਕਰ ਰਹੇ ਸੀ, ਜਿਸ ਕਰਕੇ ਕਿਸਾਨ ਯੂਨੀਅਨ ਨੇ ਹੰਗਾਮਾ ਕੀਤਾ, ਪਰ ਇਸ ਮਗਰੋਂ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਪਿੰਡ ਮੰਡੀ ਕਲਾਂ ਅਤੇ ਪਿੰਡ ਸੂਚ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਏ ਜੋ ਬਹੁਤ ਹੀ ਗ਼ਲਤ ਐ ਕਿਉਂਕਿ ਧਰਨਾ ਕਿਸਾਨ ਯੂਨੀਅਨ ਵੱਲੋਂ ਲਗਾਇਆ ਗਿਆ ਸੀ, ਜਿਸ ਵਿਚ ਹਜ਼ਾਰਾਂ ਦੀ ਆਬਾਦੀ ਵਾਲੇ ਪਿੰਡਾਂ ਦੇ ਲੋਕਾਂ ਦਾ ਕੀ ਕਸੂਰ ਐ?
ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜੋ ਮਰੀਜ਼ ਆਇਆ ਸੀ, ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ ਪਰ ਅਸੀਂ ਉਸ ਦਾ ਬਿਹਤਰ ਤਰੀਕੇ ਨਾਲ ਇਲਾਜ ਕਰ ਰਹੇ ਸੀ ਪਰ ਜਦੋਂ ਮਰੀਜ਼ ਦੀ ਮੌਤ ਹੋ ਗਈ ਤਾਂ ਲੋਕਾਂ ਨੇ ਡਾਕਟਰਾਂ ਨਾਲ ਗਤਲ ਵਿਵਹਾਰ ਕੀਤਾ ਅਤੇ ਸਾਡੇ ’ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਪੋਸਟਮਾਰਟਮ ਕਰਵਾ ਕੇ ਦੇਖ ਲਿਆ ਜਾਵੇ, ਜੇਕਰ ਇਲਾਜ ਵਿਚ ਸਾਡੀ ਅਣਗਹਿਲੀ ਪਾਈ ਗਈ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਿੱਥੇ ਆਈਐਮਏ ਵੱਲੋਂ ਦੋ ਪਿੰਡਾਂ ਦੇ ਲੋਕਾਂ ਇਲਾਜ ਨਾ ਕਰਨ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ, ਉਥੇ ਹੀ ਉਨ੍ਹਾਂ ਨੇ ਕਿਸਾਨ ਯੂਨੀਅਨਾਂ ਅਤੇ ਹੋਰ ਲੋਕਾਂ ਵੱਲੋਂ ਡਾਕਟਰਾਂ ਨਾਲ ਕੀਤੇ ਵਿਵਹਾਰ ਦੀ ਵੀ ਨਿੰਦਾ ਕੀਤੀ ਅਤੇ ਆਖਿਆ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ।
ਉਧਰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਕੱਲ੍ਹ ਸ਼ਾਮੀਂ ਸੜਕ ਹਾਦਸੇ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਆਖਿਆ ਕਿ ਮੁਦਈ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸ ਦਈਏ ਕਿ ਇਹ ਮਾਮਲਾ ਫਿਲਹਾਲ ਕਾਫ਼ੀ ਗਰਮਾਇਆ ਹੋਇਆ ਏ ਪਰ ਦੇਖਣਾ ਹੋਵੇਗਾ ਕਿ ਪ੍ਰਸਾਸ਼ਨ ਵੱਲੋਂ ਹੁਣ ਇਸ ਮਾਮਲੇ ਦਾ ਕੀ ਹੱਲ ਕੱਢਿਆ ਜਾਵੇਗਾ।