ਡਿੰਪੀ ਢਿੱਲੋਂ ਹੀਰਾ, ਪਾਰਟੀ ਆਪਣੇ ਤਾਜ ਵਿਚ ਲਗਾ ਕੇ ਰੱਖੇਗੀ : ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਅੱਜ ਬੀਤੇ ਦਿਨੀਂ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਪਰਿਵਾਰ ਅਤੇ ਹੋਰਨਾ ਸ਼ਿਅਦ ਅਹੁਦੇਦਾਰਾਂ ਨੂੰ ਪਾਰਟੀ ਚਿੰਨ੍ਹ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ...

Update: 2024-08-28 13:40 GMT

ਗਿੱਦੜਬਾਹਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਅੱਜ ਬੀਤੇ ਦਿਨੀਂ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਪਰਿਵਾਰ ਅਤੇ ਹੋਰਨਾ ਸ਼ਿਅਦ ਅਹੁਦੇਦਾਰਾਂ ਨੂੰ ਪਾਰਟੀ ਚਿੰਨ੍ਹ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ, ਜਦੋਂਕਿ ਇਸ ਮੌਕੇ ਹਜਾਰਾਂ ਦੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਹਰਦੀਪ ਸਿੰਘ ਡਿੰਪੀ ਦੇ ਹੱਕ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਛੋਟੇ ਭਰਾ ਸੰਦੀਪ ਸਿੰਘ ਸੰਨੀ ਢਿੱਲੋਂ, ਅਭੈ ਢਿੱਲੋਂ, ਪੈਵੀ ਢਿੱਲੋਂ, ਅਮਿਤ ਕੁਮਾਰ ਸਿੰਪੀ ਬਾਂਸਲ, ਅਸ਼ੋਕ ਬੁੱਟਰ, ਸੁਭਾਸ਼ ਜੈਨ ਲਿੱਲੀ, ਰਾਜਵੀਰ ਨੰਬਰਦਾਰ, ਹਰਵਿੰਦਰ ਕਾਕਾ ਅਤੇ ਸੰਜੀਵ ਕੁਮਾਰ ਬਬਲੂ ਨੇ ਆਮ ਪਾਰਟੀ ਵਿਚ ਸਮੂਲੀਅਤ ਕੀਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੋ ਰਾਜਨੇਤਾ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹਨ ਉਹ ਖਤਮ ਹੋ ਜਾਂਦੇ ਹਨ, ਜਦੋਂਕਿ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰਨ ਵਾਲੇ ਰਾਜਨੇਤਾ ਹਮੇਸ਼ਾ ਆਮ ਜਨਤਾ ਦੇ ਦਿਲਾਂ ਵਿਚ ਰਾਜ ਕਰਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਇਕ ਹੀਰਾ ਆਦਮੀ ਹੈ ਜਿਸਦੀ ਕਦਰ ਅਕਾਲੀ ਦਲ ਨੇ ਨਹੀਂ ਕੀਤੀ, ਜਦੋਂਕਿ ਆਮ ਆਦਮੀ ਪਾਰਟੀ ਡਿੰਪੀ ਢਿੱਲੋਂ ਵਰਗੇ ਹੀਰੇ ਨੂੰ ਆਪਣੇ ਤਾਜ ਵਿਚ ਸਭ ਤੋਂ ਉਪਰ ਲਗਾ ਕੇ ਰੱਖੇਗੀ।

ਇਸ ਮੌਕੇ ਉਨ੍ਹਾਂ ਆਉਣ ਵਾਲੀ ਗਿੱਦੜਬਾਹਾ ਜਿਮਨੀ ਚੋਣ ਲਈ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਏ ਜਾਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਹ ਹਲਕੇ ਵਿਚ ਵਿਚਰਨ ਅਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਸਮੱਸਿਆਵਾਂ ਨੂੰ ਉਨ੍ਹਾਂ ਪਾਸ (ਮੁੱਖ ਮੰਤਰੀ) ਪਾਸ ਲੈ ਆਉਣ ਅਤੇ ਉਨ੍ਹਾਂ ਵੱਲੋਂ ਸਾਰੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ 38 ਸਾਲਾਂ ਤੋਂ ਜੋ ਸੇਵਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸ੍ਰੋਮਣੀ ਅਕਾਲੀ ਦਲ ਦੀ ਕੀਤੀ ਹੈ, ਉਸਦਾ ਮੁੱਲ ਅਗਲੇ ਦੋ-ਢਾਈ ਸਾਲਾਂ ਵਿਚ ਚੁਕਾਉਣ ਦਾ ਵੇਲਾ ਆ ਗਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਰੀ ਆਪ ਲੀਡਰਸ਼ਿਪ ਨੂੰ ਇਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਅਜਿਹੀ ਕੋਈ ਸਿਆਸਤ ਨਹੀਂ ਕਰਨਗੇ ਜਿਸ ਨਾਲ ਪਾਰਟੀ ਦਾ ਆਕਸ਼ ਖਰਾਬ ਹੋਵੇ ਜਾਂ ਫਿਰ ਮੁੱਖ ਮੰਤਰੀ ਦੀ ਪੱਗ ਨੂੰ ਦਾਗ ਲੱਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਮਨਜੀਤ ਬਿਲਾਸਪੁਰ, ਵਿਧਾਇਕ ਜਗਰੂਪ ਗਿੱਲ, ਸੀ.ਐੱਮ. ਦੇ ਓ.ਐੱਸ.ਡੀ. ਰਾਜਵੀਰ ਸਿੰਘ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਕਿਰਨਪਾਲ ਸਿੰਘ ਮਾਨ, ਹਰਦੀਪ ਭੰਗਾਲ, ਵਨੀਤ ਜਿੰਦਲ ਮੋਟੀ, ਕੁਲਵੰਤ ਮਾਨ, ਬਚਿੱਤਰ ਸਿੰਘ ਕੁਰਾਈਵਾਲਾ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।

Tags:    

Similar News