ਪੰਜਾਬੀ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਘਟਿਆ
ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿਚ ਵਿਦੇਸ਼ ਜਾਣ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਸੀ, ਜਿਸ ਨੂੰ ਲੈ ਕੇ ਚੋਣਾਂ ਵਿਚ ਵੀ ਇਸ ਮੁੱਦੇ ’ਤੇ ਖ਼ੂਬ ਸਿਆਸਤ ਹੋਈ,, ਪਰ ਹੁਣ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਵੱਖ ਦਿਖਾਈ ਦੇ ਰਹੇ ਨੇ ਕਿਉਂਕਿ ਕੈਨੇਡਾ, ਆਸਟ੍ਰੇਲੀਆ ਸਮੇਤ ਦੂਜੇ ਦੇਸ਼ਾਂ ਵਿਚ ਸਖ਼ਤ ਹੋਏ ਨਿਯਮਾਂ ਕਾਰਨ ਪੰਜਾਬ ਤੋਂ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਐ,
ਚੰਡੀਗੜ੍ਹ : ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿਚ ਵਿਦੇਸ਼ ਜਾਣ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਸੀ, ਜਿਸ ਨੂੰ ਲੈ ਕੇ ਚੋਣਾਂ ਵਿਚ ਵੀ ਇਸ ਮੁੱਦੇ ’ਤੇ ਖ਼ੂਬ ਸਿਆਸਤ ਹੋਈ,, ਪਰ ਹੁਣ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਵੱਖ ਦਿਖਾਈ ਦੇ ਰਹੇ ਨੇ ਕਿਉਂਕਿ ਕੈਨੇਡਾ, ਆਸਟ੍ਰੇਲੀਆ ਸਮੇਤ ਦੂਜੇ ਦੇਸ਼ਾਂ ਵਿਚ ਸਖ਼ਤ ਹੋਏ ਨਿਯਮਾਂ ਕਾਰਨ ਪੰਜਾਬ ਤੋਂ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਐ, ਜਦਕਿ ਸਰਕਾਰ ਦਾ ਕਹਿਣਾ ਏ ਕਿ ਇਹ ਉਨ੍ਹਾਂ ਦੀਆਂ ਨੀਤੀਆਂ ਦਾ ਅਸਰ ਐ, ਜਿਸ ਤਹਿਤ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਨੌਕਰੀਆਂ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਨੇ।
ਪੰਜਾਬ ਦੇ ਨੌਜਵਾਨਾਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਮੌਜੂਦਾ ਸਮੇਂ ਵਿਦੇਸ਼ ਜਾਣ ਦਾ ਰੁਝਾਨ ਕਾਫ਼ੀ ਘੱਟ ਹੁੰਦਾ ਦਿਖਾਈ ਦੇ ਰਿਹਾ ਏ। ਇਹ ਖ਼ੁਲਾਸਾ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਏ, ਜਿਸ ਵਿਚ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਦਰਜ ਕੀਤੀ ਗਈ ਐ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ 30 ਜੂਨ 2025 ਤੱਕ ਪੰਜਾਬ ਵਿਚ ਰੋਜ਼ਾਨਾ ਔਸਤਨ 1978 ਪਾਸਪੋਰਟ ਲਈ ਅਰਜ਼ੀਆਂ ਆਈਆਂ ਜੋ ਪਿਛਲੇ ਕਈ ਸਾਲਾਂ ਵਿਚ ਸਭ ਤੋਂ ਘੱਟ ਨੇ, ਜਦਕਿ ਸਾਲ 2024 ਵਿਚ ਇਹ ਅੰਕੜਾ ਰੋਜ਼ਾਨਾ ਕਰੀਬ 2906 ਸੀ। ਕੇਂਦਰੀ ਵਿਦੇਸ਼ ਮੰਤਰਾਲੇ ਦਾ ਕਹਿਣਾ ਏ ਕਿ ਇਹ ਕੈਨੇਡਾ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਦੇ ਨਿਯਮਾਂ ਵਿਚ ਸਖ਼ਤੀ ਕਾਰਨ ਹੋਇਆ ਏ।
ਉਧਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਆਪਣੀ ਸਫ਼ਲਤਾ ਦੱਸਿਆ ਜਾ ਰਿਹਾ ਏ ਕਿਉਂਕਿ ਉਨ੍ਹਾਂ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਸੀ। ਹਾਲਾਂਕਿ ਅਸਲ ਵਜ੍ਹਾ ਇਹ ਵੀ ਐ ਕਿ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਨੇ, ਜਿਸ ਨਾਲ ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਨੂੰ ਹੁਣ ਪੰਜਾਬ ਵਿਚ ਹੀ ਰੁਕਣਾ ਪੈ ਰਿਹਾ ਏ। ਇਸ ਸਾਲ ਹੁਣ ਤੱਕ ਪਾਸਪੋਰਟ ਬਣਵਾਉਣ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਸਥਿਤੀ ਕਾਫ਼ੀ ਬਦਲੀ ਹੋਈ ਦਿਖਾਈ ਦਿੰਦੀ ਐ।
ਜਨਵਰੀ ਤੋਂ ਜੂਨ 2025 ਤੱਕ ਰਾਜ ਵਿਚ ਕਰੀਬ 3 ਲੱਖ 60 ਹਜ਼ਾਰ ਪਾਸਪੋਰਟ ਬਣਾਏ ਗਏ ਨੇ। ਜੇਕਰ ਇਹੀ ਰਫ਼ਤਾਰ ਸਾਲ ਭਰ ਰਹੀ ਤਾਂ ਸਾਲ ਦੇ ਅੰਤ ਤੱਕ ਇਹ ਅੰਕੜਾ 7 ਲੱਖ 50 ਹਜ਼ਾਰ ਤੱਕ ਪਹੁੰਚ ਜਾਵੇਗਾ ਜੋ ਪਿਛਲੇ ਚਾਰ ਸਾਲਾਂ ਵਿਚ ਸਭ ਤੋਂ ਘੱਟ ਹੋਵੇਗੀ। ਇਸ ਤੋਂ ਪਹਿਲਾਂ ਸਾਲ 2021 ਵਿਚ ਸਭ ਤੋਂ ਘੱਟ 6 ਲੱਖ 44 ਹਜ਼ਾਰ ਪਾਸਪੋਰਟ ਲਈ ਅਰਜ਼ੀਆਂ ਆਈਆਂ ਸੀ। ਹਾਲਾਂਕਿ 2021 ਵਿਚ ਇਸ ਦੀ ਵਜ੍ਹਾ ਕੌਮਾਂਤਰੀ ਯਾਤਰਾ ’ਤੇ ਪਾਬੰਦੀ ਅਤੇ ਲਾਕਡਾਊਨ ਦੇ ਕਾਰਨ ਪਾਸਪੋਰਟ ਦਫ਼ਤਰਾਂ ਦਾ ਬੰਦ ਰਹਿਣਾ ਸੀ,, ਪਰ ਜੇਕਰ
ਸਾਲ 2014 ਤੋਂ ਹੁਣ ਤੱਕ ਪੰਜਾਬ ਵਿਚ ਕੁੱਲ 95 ਲੱਖ 41 ਹਜ਼ਾਰ ਪਾਸਪੋਰਟ ਬਣਾਏ ਜਾ ਚੁੱਕੇ ਨੇ, ਜਦਕਿ ਰਾਜ ਵਿਚ ਲਗਭਗ 65 ਲੱਖ ਘਰ ਅਤੇ ਕਰੀਬ 3 ਕਰੋੜ ਦੀ ਆਬਾਦੀ ਐ। ਇਸ ਦਾ ਸਿੱਧਾ ਮਤਲਬ ਇਹ ਐ ਕਿ ਪੰਜਾਬ ਵਿਚ ਹਰ ਤੀਜਾ ਵਿਅਕਤੀ ਪਾਸਪੋਰਟ ਧਾਰਕ ਐ, ਜਿਸ ਤੋਂ ਇਹ ਪਤਾ ਲਗਦਾ ਏ ਕਿ ਇੱਥੋਂ ਦੇ ਲੋਕਾਂ ਵਿਚ ਵਿਦੇਸ਼ ਜਾਣ ਦੀ ਇੱਛਾ ਕਿੰਨੀ ਜ਼ਿਆਦਾ ਹੈ। ਮੌਜੂਦਾ ਸਮੇਂ ਸਿਰਫ਼ ਪਾਸਪੋਰਟ ਬਣਵਾਉਣ ਵਿਚ ਹੀ ਕਮੀ ਨਹੀਂ ਆਈ, ਬਲਕਿ ਕੈਨੇਡਾ ਤੋਂ ਪਰਤ ਰਹੇ ਨੌਜਵਾਨਾਂ ਦੀ ਗਿਣਤੀ ਵੀ ਵਧ ਰਹੀ ਐ।
ਪਰਤੇ ਹੋਏ ਨੌਜਵਾਨਾਂ ਦਾ ਕਹਿਣਾ ਏ ਕਿ ਉਥੇ ਟੈਨਸ਼ਨ ਬਹੁਤ ਜ਼ਿਆਦਾ ਹੈ ਅਤੇ ਲਗਾਤਾਰ ਸਟ੍ਰੈੱਸ ਦੇ ਕਾਰਨ ਕਈ ਲੋਕ ਡਿਪ੍ਰੈਸ਼ਨ ਵਿਚ ਜਾ ਚੁੱਕੇ ਨੇ। ਕਈ ਮਹੀਨਿਆਂ ਤੱਕ ਨੌਕਰੀ ਨਹੀਂ ਮਿਲਦੀ ਅਤੇ ਜਦੋਂ ਤੱਕ ਨੌਕਰੀ ਮਿਲਦੀ ਐ, ਉਦੋਂ ਤੱਕ ਖ਼ਰਚ ਚਲਾਉਣਾ ਵੀ ਮੁਸ਼ਕਲ ਹੋ ਜਾਂਦੈ। ਦਰਅਸਲ ਕੈਨੇਡਾ ਵਿਚ ਨੌਕਰੀਆਂ ਹੁਣ ਪਹਿਲਾਂ ਵਾਂਗ ਨਹੀਂ ਰਹੀਆਂ। ਜ਼ਿਆਦਾਤਰ ਥਾਵਾਂ ’ਤੇ ਸਿਰਫ਼ ਟ੍ਰੇਂਡ ਸਟਾਫ਼ ਦੀ ਹੀ ਮੰਗ ਕੀਤੀ ਜਾਂਦੀ ਐ, ਜਿਸ ਨਾਲ ਨਵੇਂ ਜਾਂ ਘੱਟ ਤਜ਼ਰਬੇ ਵਾਲੇ ਨੌਜਵਾਨਾਂ ਨੂੰ ਨੌਕਰੀ ਮਿਲਣੀ ਹੋਰ ਵੀ ਮੁਸ਼ਕਲ ਹੋ ਗਈ ਐ। ਇਹੀ ਵਜ੍ਹਾ ਏ ਕਿ ਹੁਣ ਕਈ ਨੌਜਵਾਨ ਜਾਂ ਤਾਂ ਵਾਪਸ ਪਰਤ ਚੁੱਕੇ ਨੇ, ਜਾਂ ਫਿਰ ਦੇਸ਼ ਪਰਤਣ ਦਾ ਮਨ ਬਣਾ ਰਹੇ ਨੇ।
ਪਾਸਪੋਰਟ ਬਣਵਾਉਣ ਵਿਚ ਗਿਰਾਵਟ ਦੇ ਤਿੰਨ ਮੁੱਖ ਕਾਰਨ ਮੰਨੇ ਜਾ ਰਹੇ ਨੇ,, ਜਿਨ੍ਹਾਂ ਵਿਚ ਪਹਿਲਾ ਕਾਰਨ,, ਕੈਨੇਡਾ ਸਰਕਾਰ ਹੁਣ ਕਰੀਬ 50 ਫ਼ੀਸਦੀ ਵੀਜ਼ਾ ਐਪਲੀਕੇਸ਼ਨ ਰਿਜੈਕਟ ਕਰ ਰਹੀ ਐ, ਜਿਸ ਨਾਲ ਨੌਜਵਾਨਾਂ ਨੂੰ ਬਾਕੀ ਦੇਸ਼ਾਂ ਵਿਚ ਅਪਲਾਈ ਕਰਨ ਵਿਚ ਵੀ ਦਿੱਕਤ ਹੋ ਰਹੀ ਹੈ।
ਦੂਜਾ ਕਾਰਨ ਇਹ ਐ ਕਿ ਸਟੱਡੀ ਵੀਜ਼ਾ ਦੇ ਨਿਯਮ ਵੀ ਸਖ਼ਤ ਹੋ ਗਏ ਹਨ। ਹੁਣ ਸਟੂਡੈਂਟਸ ਦੇ ਲਈ ਛੇ ਮਹੀਨੇ ਪੁਰਾਣੇ ਫੰਡਸ ਦਿਖਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਤੀਜਾ ਕਾਰਨ ਇਹ ਮੰਨਿਆ ਜਾ ਰਿਹਾ ਏ ਕਿ ਸਟੱਡੀ ਵੀਜ਼ਾ ’ਤੇ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀਜ਼ਾ ਮਿਲਣ ਦੀ ਸੰਭਾਵਨਾ ਵੀ ਪਹਿਲਾਂ ਤੋਂ ਬਹੁਤ ਘੱਟ ਹੋ ਗਈ ਹੈ।
ਪਾਸਪੋਰਟ ਬਣਵਾਉਣ ਵਿਚ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਕੈਨੇਡਾ ਦੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ ਵਿਚ ਆਏ ਬਦਲਾਅ ਨੂੰ ਮੰਨਿਆ ਜਾ ਰਿਹਾ ਏ। ਖ਼ਾਸ ਕਰਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਆਈ ਤਲਖ਼ੀ ਤੋਂ ਬਾਅਦ ਹੁਣ ਨੌਜਵਾਨ ਉਥੇ ਜਾਣ ਤੋਂ ਕੰਨੀ ਕਤਰਾਉਣ ਲੱਗੇ ਨੇ। ਜਿਨ੍ਹਾਂ ਦੇ ਰਿਸ਼ਤੇਦਾਰ ਪਹਿਲਾਂ ਤੋਂ ਉਥੇ ਵਸੇ ਹੋਏ ਨੇ, ਉਹੀ ਹੁਣ ਕੈਨੇਡਾ ਜਾਣ ਨੂੰ ਲੈ ਕੇ ਇਛੁੱਕ ਦਿਖਾਈ ਦਿੰਦੇ ਨੇ, ਜਦਕਿ ਇਕੱਲੇ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੇ ਨੌਜਵਾਨਾਂ ਵਿਚ ਡਰ ਵਧ ਰਿਹਾ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ