ਪੰਜਾਬ ’ਚ ਚਾਰ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ : ਸੀਐਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਰੱਖੇ ਗਏ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਪੈਰਿਸ ਓਲੰਪਿਕ ਵਿਚ ਭਾਗ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਰੱਖੇ ਗਏ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਪੈਰਿਸ ਓਲੰਪਿਕ ਵਿਚ ਭਾਗ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਹਾਕੀ ਖਿਡਾਰੀਆਂ ਲਈ 9.35 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਹਾਕੀ ਟੀਮ ਵਿਚ ਖੇਡਾਂ ਖੇਡਣ ਵਾਲੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਚੈੱਕਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਂਟ ਕੀਤੇ ਗਏ, ਜਦਕਿ ਬਾਕੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਨਿਵਾਜ਼ਿਆ ਗਿਆ।
ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਰਾਹੀਂ ਕਈ ਖੇਡਾਂ ਨੂੰ ਦੁਬਾਰਾ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਚੰਗੇ ਮੌਕੇ ਮਿਲ ਰਹੇ ਹਨ।
ਹਾਕੀ ਟੀਮ ਦੇ ਸਟਰਾਈਕਰ ਮਨਦੀਪ ਸਿੰਘ ਨੇ ਆਖਿਆ ਕਿ ਮੈਡਲ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਹੁਣ ਮੈਡਲ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰਾਂਗੇ। ਇਸ ਵਾਰ 19 ਖਿਡਾਰੀ ਓਲੰਪਿਕ ਵਿਚ ਗਏ ਸਨ, ਉਹ ਆਉਣ ਵਾਲੇ ਓਲੰਪਿਕ ਵਿਚ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਉਨ੍ਹਾਂ ਆਖਿਆ ਕਿ ਅਸੀਂ ਪੰਜਾਬ ਦੀ ਹਾਕੀ ਟੀਮ ਨੂੰ ਸਪਾਂਸਰ ਕਰਨਾ ਚਾਹੁੰਦੇ ਹਾਂ ਪਰ ਇਹ ਜ਼ਿੰਮੇਵਾਰੀ 2036 ਤੱਕ ਉੜੀਸਾ ਦੀ ਹੈ। ਅਸੀਂ ਪੰਜਾਬ ਵਿੱਚ ਇੱਕ ਵੱਡਾ ਹਾਕੀ ਟੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਾਂ, ਜਿਸ ਲਈ ਉਹ ਹਾਕੀ ਇੰਡੀਆ ਨਾਲ ਗੱਲ ਕੀਤੀ ਜਾਵੇਗੀ। ਸੀਐਮ ਮਾਨ ਨੇ ਆਖਿਆ ਕਿ ਮਾਹਲਪੁਰ ਵਿੱਚ ਫੁੱਟਬਾਲ, ਸੁਨਾਮ ਵਿੱਚ ਮੁੱਕੇਬਾਜ਼ੀ, ਜਲੰਧਰ ਵਿੱਚ ਹਾਕੀ ਅਤੇ ਲੁਧਿਆਣਾ ਵਿੱਚ ਅਥਲੈਟਿਕਸ ਲਈ ਜ਼ੋਨ ਬਣਾਏ ਜਾਣਗੇ ਅਤੇ ਪੰਜਾਬ ਸਰਕਾਰ ਖੇਡਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ। ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।