ਜ਼ਿਮਨੀ ਚੋਣ : ਆਹ ਉਮੀਦਵਾਰ ਸਭ ਤੋਂ ਅਮੀਰ, ਰਾਜਿਆਂ ਵਾਲੇ ਰੱਖੇ ਸ਼ੌਕ
ਪੰਜਾਬ ਵਿਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਖ਼ਤਮ ਹੋ ਗਈ ਐ। ਸ਼ੁੱਕਰਵਾਰ ਤੱਕ ਕੁੱਲ 60 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਕਾਲੀ ਦਲ ਦੇ ਚੋਣ ਨਾ ਲੜਨ ਦੇ ਐਲਾਨ ਮਗਰੋਂ ਪੰਜਾਬ ਵਿਚ ਤਿੰਨ...
ਚੰਡੀਗੜ੍ਹ : ਪੰਜਾਬ ਵਿਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਖ਼ਤਮ ਹੋ ਗਈ ਐ। ਸ਼ੁੱਕਰਵਾਰ ਤੱਕ ਕੁੱਲ 60 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਕਾਲੀ ਦਲ ਦੇ ਚੋਣ ਨਾ ਲੜਨ ਦੇ ਐਲਾਨ ਮਗਰੋਂ ਪੰਜਾਬ ਵਿਚ ਤਿੰਨ ਪ੍ਰਮੁੱਖ ਪਾਰਟੀਆਂ ਸੀਟਾਂ ’ਤੇ ਆਪਣੇ 12 ਉਮੀਦਵਾਰ ਉਤਾਰ ਚੁੱਕੀਆਂ ਨੇ, ਜਿਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰਾਂ ਵਿਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਹੜੇ ਉਮੀਦਵਾਰ ਕੋਲ ਐ ਕਿੰਨੀ ਜਾਇਦਾਦ ਅਤੇ ਕਿਹੜਾ ਉਮੀਦਵਾਰ ਏ ਸਭ ਤੋਂ ਵੱਧ ਅਮੀਰ।
ਪੰਜਾਬ ਦੀਆਂ ਚਾਰ ਸੀਟਾਂ ’ਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਲਈ ਪ੍ਰਮੁੱਖ ਤਿੰਨ ਪਾਰਟੀਆਂ ਦੇ 12 ਉਮੀਦਵਾਰ ਸਮੇਤ ਕੁੱਲ 60 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ। ਇਨ੍ਹਾਂ ਉਮੀਦਵਾਰਾਂ ਵਿਚੋਂ ਤਿੰਨ ਉਮੀਦਵਾਰ ਅਜਿਹੇ ਨੇ, ਜਿਨ੍ਹਾਂ ’ਤੇ ਅਪਰਾਧਿਕ ਮਾਮਲੇ ਦਰਜ ਨੇ। ਇਨ੍ਹਾਂ ਵਿਚ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਬਾਦਲ ਅਤੇ ਆਪ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਕਾਹਲੋਂ ਦੇ ਨਾਂਅ ਸ਼ਾਮਲ ਨੇ। ਇਨ੍ਹਾਂ ਸਾਰਿਆਂ ਦੇ ਕੇਸਾਂ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਐ।
ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਦੋ ਔਰਤਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਏ, ਜਿਨ੍ਹਾਂ ਵਿਚੋਂ ਇਕ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੀ ਐ ਅਤੇ ਦੂਜੀ ਲੁਧਿਆਣਾ ਤੋਂ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਜੋ ਗਿੱਦੜਬਾਹਾ ਤੋਂ ਉਮੀਦਵਾਰ ਐ। ਦੋਵੇਂ ਹੀ ਮਜ਼ਬੂਤ ਅਤੇ ਕਾਰੋਬਾਰੀ ਔਰਤਾਂ ਨੇ। ਅੰਮ੍ਰਿਤਾ ਵੜਿੰਗ 4.57 ਕਰੋੜ ਦੀ ਅਚਲ ਸੰਪਤੀ ਦੀ ਮਾਲਕਣ ਐ। 45 ਸਾਲਾ ਅੰਮ੍ਰਿਤਾ ਵੜਿੰਗ ਦੀ ਦੀ ਸਾਲਾਨਾ ਆਮਦਨ ਆਪਣੇ ਪਤੀ ਰਾਜਾ ਵੜਿੰਗ ਤੋਂ ਵੀ ਜ਼ਿਆਦਾ ਏ ਅਤੇ ਉਸ ਨੇ ਐਮਐਸਸੀ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੋਈ ਐ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 2 ਲੱਖ 73 ਹਜ਼ਾਰ ਰੁਪਏ ਕੈਸ਼ ਦਿਖਾਏ ਗਏ ਨੇ। ਅੰਮ੍ਰਿਤਾ ਵੜਿੰਗ ਦੇ ਪਰਿਵਾਰ ਕੋਲ ਦੋ ਸਕਾਰਪੀਓ ਕਾਰਾਂ ਨੇ ਜੋ ਪਤੀ ਰਾਜਾ ਵੜਿੰਗ ਦੇ ਨਾਂਅ ’ਤੇ ਨੇ। ਅੰਮ੍ਰਿਤਾ ਵੜਿੰਗ ਨੂੰ ਗਹਿਣਿਆਂ ਦਾ ਬਹੁਤ ਸ਼ੌਕ ਅੇ ਅਤੇ ਉਨ੍ਹਾਂ ਦੇ ਕੋਲ 33.03 ਲੱਖ ਰੁਪਏ ਦੇ ਗਹਿਣੇ ਨੇ। ਉਨ੍ਹਾਂ ਦੀ ਚਲ ਸੰਪਤੀ 4.61 ਕਰੋੜ ਅਤੇ ਅਚਲ ਸੰਪਤੀ 4.57 ਕਰੋੜ ਰੁਪਏ ਦੀ ਐ। ਇਸ ਤੋਂ ਇਲਾਵਾ ਉਨ੍ਹਾਂ ’ਤੇ 3.26 ਕਰੋੜ ਰੁਪਏ ਦੀ ਦੇਣਦਾਰੀ ਵੀ ਐ।
ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਦੇ ਨਾਂਅ ’ਤੇ ਵੀ 2.10 ਕਰੋੜ ਰੁਪਏ ਦੀ ਪ੍ਰਾਪਰਟੀ ਐ। 58 ਸਾਲਾ ਜਤਿੰਦਰ ਕੌਰ ਨੇ ਗ੍ਰੈਜੂਏਟ ਤੱਕ ਪੜ੍ਹਾਈ ਕੀਤੀ ਹੋਈ ਐ। ਉਨ੍ਹਾਂ ਦੀ ਸਾਲਾਨਾ ਆਮਦਨ 6.42 ਲੱਖ ਰੁਪਏ ਐ। ਉਨ੍ਹਾਂ ਦੇ ਨਾਂਅ ’ਤੇ ਕੋਈ ਕਾਰ ਨਹੀਂ ਪਰ ਜਤਿੰਦਰ ਕੌਰ ਦੇ ਕੋਲ 32 ਲੱਖ ਰੁਪਏ ਦੇ ਗਹਿਣੇ ਮੌਜੂਦ ਨੇ। ਉਨ੍ਹਾਂ ਦੀ ਚੱਲ ਸੰਪਤੀ 34.56 ਲੱਖ ਅਤੇ ਅਚਲ ਸੰਪਤੀ 2.10 ਕਰੋੜ ਰੁਪਏ ਦੀ ਐ। ਇਸ ਤੋਂ ਇਲਾਵਾ ਜਤਿੰਦਰ ਕੌਰ ’ਤੇ 97.92 ਲੱਖ ਰੁਪਏ ਦੀ ਦੇਣਦਾਰੀ ਵੀ ਐ। ਜਤਿੰਦਰ ਕੌਰ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਐ।
ਗਿੱਦੜਬਾਹਾ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਹੋਏ ਨੇ। ਉਹ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਹਨ। ਉਨ੍ਹਾਂ ਨੇ ਯੂਨੀਵਰਸਿਟੀ ਕਾਲਜ ਆਫ਼ ਲੰਡਨ ਤੋਂ ਲਾਅ ਆਨਰਜ਼ ਦੀ ਪੜ੍ਹਾਈ ਕੀਤੀ ਹੋਈ ਐ। 62 ਸਾਲਾ ਮਨਪ੍ਰੀਤ ਸਿੰਘ ਬਾਦਲ ਦੀ ਸਾਲਾਨਾ ਆਮਦਨ 16.84 ਲੱਖ ਰੁਪਏ ਐ। ਪਰਿਵਾਰਕ ਆਮਦਨ 2.50 ਕਰੋੜ ਰੁਪਏ ਐ। ਉਨ੍ਹਾਂ ਦੇ ਕੋਲ 93.80 ਲੱਖ ਰੁਪਏ ਦੀਆਂ ਗੱਡੀਆਂ ਨੇ, ਜਿਨ੍ਹਾਂ ਵਿਚ ਦੋ ਮੋਟਰਸਾਈਕਲ ਵੀ ਸ਼ਾਮਲ ਨੇ। ਮਨਪ੍ਰੀਤ ਬਾਦਲ ਦੇ ਕੋਲ 3.65 ਲੱਖ ਰੁਪਏ ਦੇ ਗਹਿਣੇ ਨੇ। ਉਨ੍ਹਾਂ ਕੋਲ 1 ਕਰੋੜ ਰੁਪਏ ਦੀ ਚਲ ਅਤੇ 9.62 ਕਰੋੜ ਰੁਪਏ ਦੀ ਚਲ ਪਰਿਵਾਰਕ ਅਤੇ 1.57 ਕਰੋੜ ਰੁਪਏ ਦੀ ਅਚਲ ਅਤੇ 34 ਲੱਖ ਰੁਪਏ ਦੀ ਪਰਿਵਾਰਕ ਅਚਲ ਸੰਪਤੀ ਐ। ਇਸ ਦੇ ਨਾਲ ਹੀ ਉਨ੍ਹਾਂ ’ਤੇ 20.07 ਲੱਖ ਰੁਪਏ ਦੀ ਦੇਣਦਾਰੀ ਵੀ ਚੜ੍ਹੀ ਹੋਈ ਐ।
ਇਸੇ ਤਰ੍ਹਾਂ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਸਾਲਾਨਾ ਆਮਦਨ 13.19 ਲੱਖ ਰੁਪਏ ਏ, ਜਦਕਿ ਪਰਿਵਾਰਕ ਆਮਦਨ 25.93 ਲੱਖ ਰੁਪਏ ਐ। ਡਿੰਪੀ ਢਿੱਲੋਂ ਨੂੰ ਹਥਿਆਰਾਂ ਦਾ ਵੀ ਸ਼ੌਕ ਐ, ਉਨ੍ਹਾਂ ਕੋਲ ਇਕ ਪਿਸਟਲ ਐ, ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਐ। ਇਸ ਤੋਂ ਇਲਾਵਾ ਉਨ੍ਹਾਂ ਕੋਲ 22.06 ਲੱਖ ਦੇ ਗਹਿਣੇ ਵੀ ਨੇ। ਪਰਿਵਾਰ ਦੇ ਕੋਲ ਕੋਈ ਕਾਰ ਨਹੀਂ ਐ ਪਰ ਇਕ ਟਰੈਕਟਰ ਜ਼ਰੂਰ ਐ ਜੋ ਉਨ੍ਹਾਂ ਦਾ ਖ਼ਾਨਦਾਨੀ ਟਰੈਕਟਰ ਐ। ਡਿੰਪੀ ਢਿੱਲੋਂ ਦੇ ਕੋਲ 1.79 ਕਰੋੜ ਅਤੇ ਐਸਯੂਐਫ ਤਹਿਤ 6.24 ਲੱਖ ਰੁਪਏ ਦੀ ਚੱਲ ਸੰਪਤੀ ਐ। ਡਿੰਪੀ ਢਿੱਲੋਂ ਕੋਲ 3.28 ਕਰੋੜ ਰੁਪਏ ਦੀ ਅਚਲ ਸੰਪਤੀ ਅਤੇ ਐਸਯੂਐਫ ਤਹਿਤ 5.88 ਕਰੋੜ ਰੁਪਏ ਦੀ ਜਾਇਦਾਦ ਐ। ਇਸ ਤੋਂ ਇਲਾਵਾ ਉਹ 3.41 ਕਰੋੜ ਰੁਪਏ ਦੇ ਕਰਜ਼ਈ ਵੀ ਨੇ।
ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਅਮੀਰ ਉਮੀਦਵਾਰ ਨੇ। ਪੇਸ਼ੇ ਤੋਂ ਕਾਰੋਬਾਰੀ ਕੇਵਲ ਢਿੱਲੋਂ ਦੇ ਕੋਲ 35.77 ਕਰੋੜ ਦੀ ਅਚਲ ਸੰਪਤੀ ਐ ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਤੋਂ ਵੀ ਜ਼ਿਆਦਾ ਅਮੀਰ ਐ, ਜਿਸ ਦੇ ਕੋਲ 120 ਕਰੋੜ ਰੁਪਏ ਦੀ ਪ੍ਰਾਪਰਟੀ ਐ। ਇਸ ਤੋਂ ਇਲਾਵਾ ਕੇਵਲ ਢਿੱਲੋਂ ਦੇ ਪਰਿਵਾਰ ਦੀ ਭਾਰਤ ਵਿਚ ਹੀ ਨਹੀਂ ਬਲਕਿ ਦੁਬਈ ਅਤੇ ਸਪੇਨ ਵਿਚ ਵੀ ਪ੍ਰਾਪਰਟੀ ਮੌਜੂਦ ਐ। ਕੇਵਲ ਢਿੱਲੋਂ ਕੋਲ 1.31 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਨੇ, ਜਦਕਿ 3.82 ਲੱਖ ਰੁਪਏ ਦੇ ਹੀਰੇ ਵੀ ਉਨ੍ਹਾਂ ਕੋਲ ਹਨ। ਸਭ ਤੋਂ ਖ਼ਾਸ ਗੱਲ ਇਹ ਐ ਕਿ ਉਨ੍ਹਾਂ ਕੋਲ 10.52 ਲੱਖ ਰੁਪਏ ਦੀਆਂ ਘੜੀਆਂ ਦੀ ਕੁਲੈਕਸ਼ਨ ਐ। ਕਰੋੜਾਂ ਰੁਪਏ ਦੇ ਮਾਲਕ ਹੋਣ ਦੇ ਬਾਵਜੂਦ ਕੇਵਲ ਢਿੱਲੋਂ ਕੋਲ ਆਪਣੀ ਕਾਰ ਨਹੀਂ ਐ। 74 ਸਾਲਾਂ ਦੇ ਕੇਵਲ ਢਿੱਲੋਂ ਨੇ ਬੀਏ ਤੱਕ ਪੜ੍ਹਾਈ ਕੀਤੀ ਹੋਈ ਐ। ਉਨ੍ਹਾਂ ਦੀ ਸਲਾਨਾ ਆਮਦਨ 72.14 ਲੱਖ ਰੁਪਏ ਐ।
ਇਸੇ ਤਰ੍ਹਾਂ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਕਰੋੜਪਤੀ ਨੇ। 51 ਸਾਲਾ ਕਾਲਾ ਢਿੱਲੋਂ ਦੀ ਸਾਲਾਨਾ ਆਮਦਨ 10.40 ਲੱਖ ਰੁਪਏ ਐ। ਉਨ੍ਹਾਂ ਕੋਲ ਕੋਈ ਕਾਰ ਨਹੀਂ ਪਰ ਉਹ ਪੰਜ ਬੱਸਾਂ ਦੇ ਮਾਲਕ ਨੇ ਜੋ ਰਾਜਸਥਾਨ ਵਿਚ ਰਜਿਸਟਰਡ ਨੇ। ਉਨ੍ਹਾਂ ਦੀ ਕੀਮਤ 45 ਲੱਖ ਰੁਪਏ ਐ। ਕਾਲਾ ਢਿੱਲੋਂ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਨੇ ਅਤੇ ਬਾਬਾ ਦੀਪ ਸਿੰਘ ਅਤੇ ਢਿੱਲੋਂ ਹਾਈਵੇਜ਼ ਵੀ ਉਨ੍ਹਾਂ ਦਾ ਸ਼ੇਅਰ ਐ। ਉਨ੍ਹਾਂ ਕੋਲ 5 ਤੋਲੇ ਦੇ ਕਰੀਬ ਸੋਨਾ ਏ। ਉਨ੍ਹਾਂ ਦੀ ਚੱਲ ਸੰਪਤੀ 7.55 ਕਰੋੜ ਰੁਪਏ ਅਤੇ ਅਚਲ ਸੰਪਤੀ 1 ਕਰੋੜ ਰੁਪਏ ਦੀ ਐ। ਮੈਟ੍ਰਿਕ ਤੱਕ ਪੜ੍ਹੇ ਕਾਲਾ ਢਿੱਲੋਂ ’ਤੇ 2001 ਵਿਚ ਐਫਆਈਆਰ ਦਰਜ ਕੀਤੀ ਗਈ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਹਰਿੰਦਰ ਸਿੰਘ ਦੀ ਸਾਲਾਨਾ ਆਮਦਨ 19.24 ਲੱਖ ਰੁਪਏ ਐ। ਉਨ੍ਹਾਂ ਕੋਲ ਇਕ ਟੋਇਟਾ ਇਨੋਵਾ ਕਾਰ ਐ ਅਤੇ 2.32 ਲੱਖ ਦੇ ਗਹਿਣੇ ਨੇ। ਹਰਿੰਦਰ ਸਿੰਘ ਕੋਲ 1.95 ਲੱਖ ਰੁਪਏ ਦੀ ਇਕ ਪਿਸਟਲ ਵੀ ਐ। ਉਨ੍ਹਾਂ ਦੀ ਚੱਲ ਸੰਪਤੀ 38.13 ਲੱਖ ਅਤੇ ਅਚਲ ਸੰਪਤੀ 15 ਲੱਖ ਰੁਪਏ ਦੀ ਐ। ਉਨ੍ਹਾਂ ਦੇ ਨਾਂਅ ’ਤੇ 2.22 ਕਰੋੜ ਦਾ ਲੋਨ ਵੀ ਚੱਲ ਰਿਹਾ ਏ। ਹਰਿੰਦਰ ਸਿੰਘ ਨੇ ਬੀਟੈਕ ਦੀ ਪੜ੍ਹਾਈ ਕੀਤੀ ਹੋਈ ਐ ਅਤੇ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ।
ਗੱਲ ਕਰਦੇ ਆਂ ਹਲਕਾ ਚੱਬੇਵਾਲ ਦੀ,,, ਇੱਥੋਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਵੱਲੋਂ ਚੋਣ ਲੜੀ ਜਾ ਰਹੀ ਐ। ਰਣਜੀਤ ਕੁਮਾਰ ਦੀ ਸਾਲਾਨਾ ਆਮਦਨ 4.78 ਲੱਖ ਰੁਪਏ ਐ। ਉਨ੍ਹਾਂ ਕੋਲ ਇਕ ਐਕਟਿਵਾ ਅਤੇ ਇਕ ਕਾਰ ਐ। ਇਸ ਤੋਂ ਇਲਾਵਾ 3.90 ਲੱਖ ਰੁਪਏ ਦੇ ਗਹਿਣੇ ਨੇ। ਉਨ੍ਹਾਂ ਦੀ ਕੁੱਲ ਚੱਲ ਸੰਪਤੀ 16.45 ਲੱਖ ਰੁਪਏ ਐ ਅਤੇ ਅਚਲ ਸੰਪਤੀ 9 ਲੱਖ ਰੁਪਏ ਦੀ ਐ। ਇਸ ਦੇ ਨਾਲ ਹੀ ਉਨ੍ਹਾਂ ’ਤੇ 1.16 ਲੱਖ ਰੁਪਏ ਦੀ ਦੇਣਦਾਰੀ ਵੀ ਚੜ੍ਹੀ ਹੋਈ ਐ।
ਇਸੇ ਤਰ੍ਹਾਂ ਚੱਬੇਵਾਲ ਤੋਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੀ ਸਾਲਾਨਾ ਆਮਦਨ 10.40 ਲੱਖ ਰੁਪਏ ਐ। ਉਨ੍ਹਾਂ ਕੋਲ ਇਕ ਕੀਆ ਸੈਲਟੋਸ ਕਾਰ ਐ। ਉਹ 4.80 ਲੱਖ ਦੇ ਗਹਿਣਿਆਂ ਦੇ ਮਾਲਕ ਵੀ ਨੇ। ਉਨ੍ਹਾਂ ਦੀ ਕੁੱਲ ਚੱਲ ਸੰਪਤੀ 56.83 ਲੱਖ ਰੁਪਏ ਐ ਅਤੇ ਅਚਲ ਸੰਪਤੀ 60 ਲੱਖ ਰੁਪਏ ਐ। ਸੋਹਣ ਸਿੰਘ ਠੰਡਲ ’ਤੇ 17.62 ਲੱਖ ਦਾ ਕਰਜ਼ਾ ਵੀ ਚੜ੍ਹਿਆ ਹੋਇਆ ਏ। ਬੀਏ ਤੱਕ ਪੜ੍ਹੇ ਸੋਹਣ ਸਿੰਘ ਠੰਡਲ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ।
ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਨੇ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੋਈ ਐ। ਪੇਸ਼ੇ ਤੋਂ ਡਾਕਟਰ ਇਸ਼ਾਂਕ ਕੁਮਾਰ ਦੇ ਕੋਲ ਅਜੇ ਤੱਕ ਪੈਸੇ ਕਮਾਉਣ ਦਾ ਕੋਈ ਜ਼ਰੀਆ ਨਹੀਂ। ਅਜੇ ਤੱਕ ਉਨ੍ਹਾਂ ਨੇ ਇਨਕਮ ਟੈਕਸ ਵੀ ਨਹੀਂ ਭਰਿਆ ਪਰ ਉਨ੍ਹਾਂ ਦੇ ਨਾਂਅ ’ਤੇ 35 ਲੱਖ ਰੁਪਏ ਦੀ ਗੱਡੀ ਅਤੇ 3.28 ਲੱਖ ਰੁਪਏ ਦੇ ਗਹਿਣੇ ਨੇ। ਉਨ੍ਹਾਂ ਦੀ ਚੱਲ ਸੰਪਤੀ 44.90 ਲੱਖ ਐ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂਅ ’ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਨਹੀਂ ਐ।
ਹੁਣ ਗੱਲ ਕਰਦੇ ਆਂ ਡੇਰਾ ਬਾਬਾ ਨਾਨਕ ਸੀਟ ਦੀ,,,, ਇੱਥੋਂ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਏ। 55 ਸਾਲਾਂ ਦੇ ਗੁਰਦੀਪ ਸਿੰਘ ਦੀ ਸਾਲਾਨਾ ਆਮਦਨ 5.66 ਲੱਖ ਰੁਪਏ ਐ। ਉਨ੍ਹਾਂ ਕੋਲ ਇਕ ਇਨੋਵਾ ਕਾਰ ਅਤੇ ਸਾਢੇ ਤਿੰਨ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਨੇ। ਉਨ੍ਹਾਂ ਦੀ ਕੁੱਲ ਚੱਲ ਸੰਪਤੀ 35.13 ਲੱਖ ਅਤੇ ਅਚੱਲ ਸੰਪਤੀ 3.83 ਕਰੋੜ ਰੁਪਏ ਦੀ ਐ। ਇਸ ਤੋਂ ਇਲਾਵਾ ਉਨ੍ਹਾਂ ’ਤੇ 79 ਲੱਖ ਦੀ ਦੇਣਦਾਰੀ ਵੀ ਐ। ਗੁਰਦੀਪ ਸਿੰਘ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਐ ਅਤੇ ਉਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ।
ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਭਾਜਪਾ ਦੇ ਉਮੀਦਵਾਰ ਨੇ। ਉਨ੍ਹਾਂ ਦੀ ਸਾਲਾਨਾ ਆਮਦਨ 17.77 ਲੱਖ ਰੁਪਏ ਐ। ਉਨ੍ਹਾਂ ਦੇ ਪਰਿਵਾਰ ਕੋਲ ਕੋਈ ਕਾਰ ਨਹੀਂ। ਉਨ੍ਹਾਂ ਕੋਲ 14.28 ਲੱਖ ਰੁਪਏ ਦੇ ਗਹਿਣੇ ਨੇ। ਇਸ ਤੋਂ ਇਲਾਵਾ 13 ਟਰਾਂਸਪੋਰਟ ਫਰਮਾਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਐ, ਜਿਨ੍ਹਾਂ ਦੀ ਵੈਲਿਊ ਕਰੀਬ 1.54 ਕਰੋੜ ਰੁਪਏ ਐ। ਰਵੀਕਰਨ ਕਾਹਲੋਂ ਦੀ ਚੱਲ ਸੰਪਤੀ 4.84 ਕਰੋੜ ਰੁਪਏ ਐ ਜਦਕਿ ਉਨ੍ਹਾਂ ਦੀ ਅਚਲ ਸੰਪਤੀ 8.03 ਕਰੋੜ ਰੁਪਏ ਦੀ ਐ। ਇਸ ਤੋਂ ਇਲਾਵਾ ਐਚਯੂਐਫ ਦੇ ਤਹਿਤ ਪਰਿਵਾਰਕ ਚੱਲ ਸੰਪਤੀ 21.85 ਲੱਖ ਰੁਪਏ ਦੀ ਐ। 52 ਸਾਲਾ ਰਵੀਕਰਨ ਕਾਹਲੋਂ ’ਤੇ ਨੈਸ਼ਨਲ ਹਾਈਵੇਅ ਐਕਟ ਤਹਿਤ 2017 ਵਿਚ ਮਾਮਲਾ ਦਰਜ ਹੋਇਆ ਸੀ ਜੋ ਅਜੇ ਵੀ ਅਦਾਲਤ ਵਿਚ ਪੈਂਡਿੰਗ ਐ।
ਸੋ ਇਹ ਸੀ ਪੰਜਾਬ ਦੀਆਂ ਚਾਰ ਸੀਟਾਂ ਤੋਂ ਜ਼ਿਮਨੀ ਚੋਣ ਲੜਨ ਵਾਲੇ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਾਇਦਾਦ ਦਾ ਵੇਰਵਾ। ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਕੁਮੈਂਟ ਕਰਕੇ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ