ਖੰਨਾ ’ਚ ਸ਼ਿਵਲਿੰਗ ਖੰਡਿਤ ਕਰਨ ’ਤੇ ਹੰਗਾਮਾ, ਐਸਐਚਓ ਲਾਈਨ ਹਾਜ਼ਰ
ਖੰਨਾ ਵਿਖੇ ਸ਼ਿਵਪੁਰੀ ਮੰਦਰ ਤੋਂ ਚੋਰੀ ਦੀ ਵਾਰਦਾਤ ਦੌਰਾਨ ਸ਼ਿਵਲਿੰਗ ਖੰਡਿਤ ਕਰਨ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਦਾ ਗੁੱਸਾ ਭੜਕ ਉਠਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਐਸਐਸਪੀ ਅਸ਼ਵਨੀ ਗੋਤਯਾਲ ਖ਼ੁਦ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਪੁੱਜੇ...
ਖੰਨਾ : ਖੰਨਾ ਵਿਖੇ ਸ਼ਿਵਪੁਰੀ ਮੰਦਰ ਤੋਂ ਚੋਰੀ ਦੀ ਵਾਰਦਾਤ ਦੌਰਾਨ ਸ਼ਿਵਲਿੰਗ ਖੰਡਿਤ ਕਰਨ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਦਾ ਗੁੱਸਾ ਭੜਕ ਉਠਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਐਸਐਸਪੀ ਅਸ਼ਵਨੀ ਗੋਤਯਾਲ ਖ਼ੁਦ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਪੁੱਜੇ ਪਰ ਉਹ ਨਹੀਂ ਮੰਨੇ ਅਤੇ ਆਖਿਆ ਕਿ ਜਦੋਂ ਤੱਕ ਮੁਲਜ਼ਮ ਨਹੀਂ ਫੜੇ ਜਾਂਦੇ, ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ। ਹਾਲਾਂਕਿ ਲੋਕਾਂ ਨਾਲ ਗ਼ਲਤ ਤਰੀਕੇ ਨਾਲ ਗੱਲਬਾਤ ਕਰਨ ’ਤੇ ਇਕ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਖੰਨਾ ਦੇ ਇਸ ਮੰਦਰ ਵਿਚ ਹੋਈ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਵਿਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਨਾਲ ਹੀ ਉਨ੍ਹਾਂ ਨੂੰ ਹਥੌੜਾ ਮਾਰ ਕੇ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਲੌਕ ਤੋੜ ਕੇ ਮੰਦਰ ਦੇ ਅੰਦਰੋਂ ਹਨੂੰਮਾਨ ਜੀ ਦੀ ਮੂਰਤੀ ਅਤੇ ਮੁਕਟ ਚੋਰੀ ਕਰ ਲਿਆ। ਚੋਰ ਮੂਰਤੀਆਂ ਤੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਸਵੇਰੇ ਜਿਵੇਂ ਹੀ ਪੁਜਾਰੀ ਨੇ ਮੰਦਰ ਦਾ ਦਰਵਾਜ਼ਾ ਖੋਲਿ੍ਹਆ ਤਾਂ ਇਸ ਘਟਨਾ ਬਾਰੇ ਪਤਾ ਚੱਲਿਆ। ਸਾਉਣ ਦੇ ਮਹੀਨੇ ਵਿਚ ਹੋਈ ਇਸ ਵਾਰਦਾਤ ਮਗਰੋਂ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਹਿੰਦੂ ਸੰਗਠਨਾਂ ਵੱਲੋਂ ਲਗਾਏ ਗਏ ਧਰਨੇ ਵਿਚ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਆਗੂ ਪੁੱਜੇ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹਿੰਦੂ ਸੰਗਠਨਾਂ ਦੇ ਸਮਰਥਨ ਵਿਚ ਖੰਨਾ ਵਿਖੇ ਪੁੱਜੇ। ਇਨ੍ਹਾਂ ਸਾਰੇ ਆਗੂਆਂ ਵੱਲੋਂ ਵੀ ਮੁਲਜ਼ਮਾਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।