ਭਗਵੰਤ ਮਾਨ ਨੂੰ ਮਿਲ਼ੀ ਹਸਪਤਾਲ ਤੋਂ ਛੁੱਟੀ, ਪੁਲਿਸ ਤੇ ਕਿਸਾਨਾਂ ਦੀਆਂ ਝੜਪਾਂ ਬਾਰੇ ਪਤਾ ਨਹੀਂ: ਸਿਸੋਦੀਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਵੀਰਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ
ਡਿਪਟੀ CM ਬਾਰੇ ਸੁਆਲ ਦਾ ਵੀ ਸਿਸੋਦੀਆ ਨੇ ਨਹੀਂ ਦਿੱਤਾ ਜੁਆਬ
ਐਸਏਐਸ ਨਗਰ (ਮੋਹਾਲ਼ੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਵੀਰਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 52 ਸਾਲਾ ਭਗਵੰਤ ਮਾਨ ਨੂੰ ਥਕਾਵਟ ਮਹਿਸੂਸ ਹੋਣ ਤੋਂ ਬਾਅਦ 15 ਫਰਵਰੀ ਨੂੰ ਚੈੱਕਅੱਪ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
16 ਫਰਵਰੀ ਨੂੰ, ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੋਗਾ ਗਏ ਸਨ। ਪਰ ਉੱਥੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ, ਉਹ ਹਸਪਤਾਲ ਵਾਪਸ ਆ ਗਏ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਥਕਾਵਟ ਮਹਿਸੂਸ ਹੋਈ।
ਮੰਗਲਵਾਰ ਸ਼ਾਮ ਨੂੰ ਫੋਰਟਿਸ ਮੋਹਾਲੀ ਵੱਲੋਂ ਜਾਰੀ ਕੀਤੇ ਗਏ ਮਾਨ ਦੀ ਸਿਹਤ ਬਾਰੇ ਇੱਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਾਰੇ ਅਹਿਮ ਮੈਡੀਕਲ ਮਾਪਦੰਡ ਸਥਿਰ ਅਤੇ ਆਮ ਤੈਅਸ਼ੁਦਾ ਸੀਮਾਵਾਂ ਦੇ ਅੰਦਰ ਹਨ।
ਇਸ ਵਿੱਚ ਅੱਗੇ ਕਿਹਾ ਗਿਆ ਸੀ ਕਿ ਮਾਨ ਦੀ ਹਾਲਤ ਸਥਿਰ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਮਾਨ ਨਾਲ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲ ਵਿੱਚ ਮੁਲਾਕਾਤ ਕੀਤੀ।
ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ, ਸਿਸੋਦੀਆ ਨੇ ਕਿਹਾ ਸੀ ਕਿ ਮਾਨ ਬਿਹਤਰ ਮਹਿਸੂਸ ਕਰ ਰਹੇ ਹਨ। ਸਿਸੋਦੀਆ ਤੋਂ ਜਦੋਂ ਪੁੱਛਿਆ ਗਿਆ ਕਿ ਬਠਿੰਡਾ ਜ਼ਿਲ੍ਹੇ 'ਚ ਪੁਲਿਸ ਅਤੇ ਕਿਸਾਨਾਂ ਵਿਚਾਲ਼ੇ ਹੋਈਆਂ ਹਿੰਸਕ ਝੜਪਾਂ ਬਾਰੇ ਉਹ ਕੀ ਆਖਣਾ ਚਾਹੁਣਗੇ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਪੰਜਾਬ ਵਿੱਚ ਇੱਕ ਡਿਪਟੀ ਮੁੱਖ ਮੰਤਰੀ ਲਾਏ ਜਾਣ ਦੀਆਂ ਅਫ਼ਵਾਹਾਂ ਤੇ ਕੈਬਨਿਟ 'ਚ ਵਿਸਥਾਰ ਕੀਤੇ ਜਾਣ ਬਾਰੇ ਕੁਝ ਵੀ ਆਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।