ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਹੰਗਾਮਾ, ਬੱਚੇ ਨੂੰ ਐਕਸਪਾਇਰੀ ਟੀਕਾ ਲਾਉਣ ’ਤੇ ਭੜਕੇ ਮਾਪੇ

ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਆਇਆ ਸੀ, ਜਿਸ ਦੀ ਤਬੀਅਤ ਬਹੁਤ ਖ਼ਰਾਬ ਸੀ ਤੇ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ;

Update: 2024-06-19 07:45 GMT

ਅੰਮ੍ਰਿਤਸਰ :  ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਹੰਗਾਮਾ ਵੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਿਆ ਦਾ ਹਸਪਤਾਲ ਹੈ, ਜਿੱਥੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਆਇਆ ਸੀ, ਜਿਸ ਦੀ ਤਬੀਅਤ ਬਹੁਤ ਖ਼ਰਾਬ ਸੀ ਤੇ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ, ਜਿਸ ਦੇ ਚਲਦੇ ਬੱਚੇ ਦੀ ਹਾਲਤ ਹੋਰ ਖਰਾਬ ਹੋ ਗਈ। ਮੌਕੇ ’ਤੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਟੀਕੇ ਦੀ ਐਕਸਪਾਇਰੀ ਡੇਟ ਨੂੰ ਚੈੱਕ ਕੀਤਾ ਤਾਂ ਉਸੇ ਵੇਲੇ ਡਾਕਟਰ ਨੂੰ ਰੋਕ ਦਿੱਤਾ ਪਰ ਉਨੇ ਚਿਰ ਤੱਕ ਟੀਕਾ ਲੱਗ ਚੁੱਕਾ ਸੀ ਤੇ ਬੱਚਾ ਬੇਹੋਸ਼ ਦੀ ਹਾਲਤ ਵਿੱਚ ਸੀ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਾਫੀ ਹੰਗਾਮਾ ਕੀਤਾ। ਇਸ ਮੌਕੇ ਮੀਡੀਆ ਦੀ ਟੀਮ ਨੇ ਜਦੋਂ ਹਸਪਤਾਲ ਵਿੱਚ ਜਾ ਕੇ ਵੇਖਿਆ ਤਾਂ ਬੱਚੇ ਦੀ ਹਾਲਤ ਬਹੁਤ ਸੀ ਗੰਭੀਰ ਸੀ।

ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਇਹ ਬੱਚੀ ਅਟਾਰੀ ਦੇ ਧਨੋਏ ਪਿੰਡ ਦਾ ਰਹਿਣ ਵਾਲਾ ਏ, ਜਿਸ ਦਾ ਦਾ ਨਾਮ ਮਹਿਰਾਜ ਕੌਰ ਉਮਰ 11 ਮਹੀਨੇ ਦੀ ਹੈ ਅਤੇ ਇਸ ਨੂੰ ਕੋਈ ਦਿਮਾਗੀ ਸਮੱਸਿਆ ਦੇ ਕਾਰਨ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਇੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਐਕਸਪਾਇਰੀ ਇੰਜੈਕਸ਼ਨ ਲਗਾ ਦਿੱਤਾ ਗਿਆ, ਜਿਸ ਨਾਲ ਬੱਚੇ ਦੀ ਹਾਲਤ ਹੋਰ ਵਿਗੜ ਗਈ।

ਜਦੋਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਵੇਖਿਆ ਤਾਂ ਉਹਨਾਂ ਨੇ ਹਸਪਤਾਲ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਦੌਰਾਨ ਡਾਕਟਰਾਂ ਨੇ ਵੀ ਆਪਣੀ ਗਲਤੀ ਮੰਨੀ ਕਿ ਸਾਡੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਹੈ, ਜਿਸ ਦੀ ਮਿਆਦ ਖਤਮ ਹੋ ਚੁੱਕੀ ਸੀ। ਉੱਥੇ ਹੀ ਜਦੋਂ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਉਹ ਵੀ ਮੌਕੇ ’ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਦੋਂ ਜਾਂਚ ਕੀਤੀ ਗਈ ਤੇ ਹੋਰ ਵੀ ਕਈ ਦਵਾਈਆਂ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਹ ਉਥੇ ਪਾਈਆਂ ਗਈਆਂ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਅਸੀਂ ਚੈਕਿੰਗ ਕੀਤੀ ਤੇ ਕਈ ਦਵਾਈਆਂ ਦੀ ਡੇਟ ਐਕਸਪੈਰੀ ਹੋ ਚੁੱਕੀ ਸੀ, ਜਿਨਾਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਜੋ ਵੀ ਬਣਦੀ ਕਾਰਵਾਈ ਹੈ, ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਜੋ ਵੀ ਕਾਰਵਾਈ ਹੈ ਉਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।

ਪੀੜਿਤ ਪਰਿਵਾਰ ਨੇ ਕਿਹਾ ਕਿ ਜੇਕਰ ਅਸੀਂ ਨਾ ਦੇਖਦੇ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਪਰ ਇਹ ਡਾਕਟਰਾਂ ਦੀ ਲਾਪਰਵਾਹੀ ਕਰਕੇ ਹੋਰ ਵੀ ਕਈ ਬੱਚਿਆਂ ਦੀ ਜਾਨ ਗਈ ਹੋਵੇਗੀ। ਜਿਹੜੇ ਹਸਪਤਾਲ ਵਾਲੇ ਐਕਸਪਾਇਰੀ ਇੰਜੈਕਸ਼ਨ ਜਾਂ ਦਵਾਈਆਂ ਦੇ ਦੇ ਕੇ ਬੱਚਿਆਂ ਨੂੰ ਮਾਰ ਰਹੇ ਹਨ, ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਵੀ ਆਪਣੀ ਗਲਤੀ ਮੰਨੀ ਕਿ ਸਾਡੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਹੈ, ਜਿਸ ਦੀ ਤਾਰੀਖ ਖਤਮ ਹੋ ਚੁੱਕੀ ਸੀ ਪਰ ਬੱਚਾ ਖਤਰੇ ਤੋਂ ਬਾਹਰ ਹੈ। ਫਿਲਹਾਲ ਬੱਚੇ ਨੇ ਹੋਸ਼ ਨਹੀਂ ਆਈ ਪਰ ਜਲਦੀ ਉਹਨੂੰ ਕਿਸੇ ਹੋਰ ਡਾਕਟਰ ਕੋਲ ਇਲਾਜ ਲਈ ਭੇਜਿਆ ਜਾ ਰਿਹਾ ਹੈ।

ਇਸ ਮੌਕੇ ਥਾਣਾ ਛੇਹਰਟਾ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ। ਉਨ੍ਹਾਂ ਆਖਿਆ ਕਿ ਜੋਬਨਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਜੋ ਕਿ ਅਟਾਰੀ ਦੇ ਪਿੰਡ ਧਨੋਏ ਦੇ ਰਹਿਣ ਵਾਲੇ ਹਨ, ਉਹ ਇੱਥੇ ਆਪਣੀ 11 ਮਹੀਨੇ ਦੀ ਬੱਚੀ ਮਹਿਰਾਜ ਕੌਰ ਨੂੰ ਲੈ ਕੇ ਆਏ ਸਨ ਪਰ ਡਾਕਟਰਾਂ ਨੇ ਐਕਸਪਾਇਰੀ ਇੰਜੈਕਸ਼ਨ ਬੱਚੀ ਨੂੰ ਲਗਾ ਦਿੱਤਾ, ਜਿਸ ਕਾਰਨ ਬੱਚੀ ਦੀ ਹਾਲਤ ਹੋਰ ਵਿਗੜ ਗਈ। ਉਹਨਾਂ ਕਿਹਾ ਕਿ ਅਸੀਂ ਮੌਕੇ ’ਤੇ ਪੁੱਜੇ ਹਾਂ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਵੀ ਆਈ ਹੈ ਉਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। 

Tags:    

Similar News