ਅੰਬਾਨੀ ਨੇ ਫਿਰ ਮੁੱਠੀ ’ਚ ਕੀਤਾ ਪੰਜਾਬ!

ਪੰਜਾਬ ਵਿਚ ਭਾਵੇਂ ਰਿਲਾਇੰਸ ਜੀਓ ਦਾ ਜਮ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਏ ਪਰ ਜੇਕਰ ਪੰਜਾਬ ਵਿਚਲੇ ਮੋਬਾਇਲ ਕੁਨੈਕਸ਼ਨਾਂ ਦੇ ਅੰਕੜੇ ਦੇਖੇ ਜਾਣ ਤਾਂ ਦੋ ਕੰਪਨੀਆਂ ਦੇ ਕੁਨੈਕਸ਼ਨ ਸਭ ਤੋਂ ਜ਼ਿਆਦਾ ਨੇ, ਜਿਨ੍ਹਾਂ ਵਿਚੋਂ ਰਿਲਾਇੰਸ ਜੀਓ ਵੀ ਪ੍ਰਮੁੱਖ ਐ। ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਘੱਟ ਹੋ ਗਈ ਸੀ...

Update: 2024-08-12 08:39 GMT

ਚੰਡੀਗੜ੍ਹ : ਪੰਜਾਬ ਵਿਚ ਭਾਵੇਂ ਰਿਲਾਇੰਸ ਜੀਓ ਦਾ ਜਮ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਏ ਪਰ ਜੇਕਰ ਪੰਜਾਬ ਵਿਚਲੇ ਮੋਬਾਇਲ ਕੁਨੈਕਸ਼ਨਾਂ ਦੇ ਅੰਕੜੇ ਦੇਖੇ ਜਾਣ ਤਾਂ ਦੋ ਕੰਪਨੀਆਂ ਦੇ ਕੁਨੈਕਸ਼ਨ ਸਭ ਤੋਂ ਜ਼ਿਆਦਾ ਨੇ, ਜਿਨ੍ਹਾਂ ਵਿਚੋਂ ਰਿਲਾਇੰਸ ਜੀਓ ਵੀ ਪ੍ਰਮੁੱਖ ਐ। ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਘੱਟ ਹੋ ਗਈ ਸੀ ਪਰ ਹੁਣ ਇਸ ਕੰਪਨੀ ਨੇ ਫਿਰ ਤੋਂ ਪੰਜਾਬ ਵਿਚ ਆਪਣੀ ਗੁਆਚੀ ਸ਼ਾਖ ਬਹਾਲ ਕਰ ਲਈ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਪੰਜਾਬ ਵਿਚ ਕਿਸਾਨੀ ਅੰਦੋਲਨ ਕਾਰਨ ਰਿਲਾਇੰਸ ਨੂੰ ਹੋਇਆ ਸੀ ਕਿੰਨਾ ਨੁਕਸਾਨ ਅਤੇ ਹੁਣ ਕਿੰਨੀ ਐ ਪੰਜਾਬ ਵਿਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ।

ਪੰਜਾਬ ਦੇ ਲੋਕ ਭਾਵੇਂ ਕਿੰਨਾ ਮਰਜ਼ੀ ਰਿਲਾਇੰਸ ਜੀਓ ਕੰਪਨੀ ਦਾ ਭੰਡੀ ਪ੍ਰਚਾਰ ਕਰੀ ਜਾਣ ਪਰ ਹਕੀਕਤ ਇਹ ਐ ਕਿ ਅੱਜ ਪੂਰਾ ਪੰਜਾਬ ਜੀਓ ਦੀ ਮੁੱਠੀ ਵਿਚ ਐ, ਜਾਂ ਇਹ ਕਹਿ ਲਓ ਕਿ ਅੱਜ ਵੀ ਪੰਜਾਬ ਵਿਚ ਜੀਓ ਕੰਪਨੀ ਦੇ ਹੀ ਕੁਨੈਕਸ਼ਨ ਜ਼ਿਆਦਾ ਨੇ। ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਿਰਫ਼ ਇਕ ਦੋ ਟੈਲੀਕਾਮ ਘਰਾਣਿਆਂ ਦੀ ਮੁੱਠੀ ਵਿਚ ਆਇਆ ਹੋਇਆ ਏ, ਜਿਨ੍ਹਾਂ ਵਿਚ ਰਿਲਾਇੰਸ ਜੀਓ ਦਾ ਨਾਮ ਪ੍ਰਮੁੱਖ ਐ। ਜੇਕਰ ਪੰਜਾਬ ਵਿਚ ਮੋਬਾਈਲ ਕੁਨੈਕਸ਼ਨਾਂ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦਾ ਅੰਕੜਾ ਲਗਾਤਾਰ ਸ਼ਿਖ਼ਰ ਵੱਲ ਵਧਦਾ ਜਾ ਰਿਹਾ ਏ, ਯਾਨੀ ਕਿ ਕੰਪਨੀ ਨੇ ਕਿਸਾਨੀ ਅੰਦੋਲਨ ਦੌਰਾਨ ਹੋਇਆ ਆਪਣਾ ਡੈਮੇਜ਼ ਕੰਟਰੋਲ ਕਰ ਲਿਆ ਏ।

ਜਿਸ ਸਮੇਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ ਸਮੇਂ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵੀ ਜੰਗ ਵਿੱਢੀ ਹੋਈ ਸੀ, ਜਿਨ੍ਹਾਂ ਵਿਚ ਅੰਬਾਨੀ- ਅਡਾਨੀ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ। ਇਸ ਦੌਰਾਨ ਜਿੱਥੇ ਕਿਸਾਨਾਂ ਨੇ ਕਾਫ਼ੀ ਸਮੇਂ ਤੱਕ ਰਿਲਾਇੰਸ ਕੰਪਨੀ ਦੇ ਪਟਰੌਲ ਪੰਪਾਂ ਨੂੰ ਬੰਦ ਕਰ ਦਿੱਤਾ ਸੀ, ਉਥੇ ਹੀ ਕਿਸਾਨ ਅੰਦੋਲਨ ਦੇ ਪਰਛਾਵੇਂ ਕਾਰਨ ਪੰਜਾਬ ਵਿੱਚ ਜੀਓ ਕੰਪਨੀ ਦੇ ਕੁਨੈਕਸ਼ਨਾਂ ਦੀ ਗਿਣਤੀ ਧੜੰਮ ਕਰ ਕੇ ਮੂਧੇ ਮੂੰਹ ਡਿੱਗੀ ਸੀ ਪਰ ਹੁਣ ਦੇਸ਼ ਦੇ ਉਸ ਅਮੀਰ ਘਰਾਣੇ ਨੇ ਆਪਣੀ ਕਮਜ਼ੋਰ ਹੋਈ ਸ਼ਾਖ਼ ਨੂੰ ਫਿਰ ਤੋਂ ਮਜ਼ਬੂਤ ਕਰ ਲਿਆ ਏ।

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਵੱਲੋਂ ਜਾਰੀ ਰਿਪੋਰਟ ਮੁਤਾਬਕ ਮਈ 2024 ਤੱਕ ਪੰਜਾਬ ਵਿਚ ਕੁੱਲ ਮੋਬਾਈਲ ਕੁਨੈਕਸ਼ਨ 3.49 ਕਰੋੜ ਨੇ, ਯਾਨੀ ਕਿ ਔਸਤਨ ਹਰੇਕ ਪੰਜਾਬੀ ਦੇ ਹੱਥ ਵਿਚ ਮੋਬਾਈਲ ਫੋਨ ਐ। ਮਈ 2019 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਪੰਜਾਬ ਵਿਚ ਕੁੱਲ 3.91 ਕਰੋੜ ਮੋਬਾਈਲ ਕੁਨੈਕਸ਼ਨ ਸਨ ਅਤੇ ਹੁਣ ਸਾਢੇ ਪੰਜ ਸਾਲਾਂ ਬਾਅਦ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ ਘਟ ਕੇ 3.49 ਕਰੋੜ ਰਹਿ ਗਈ ਐ। ਯਾਨੀ ਕਿ ਇਨ੍ਹਾਂ ਪੰਜ ਸਾਲਾਂ ਦੌਰਾਨ ਪੰਜਾਬ ਵਿਚ 42 ਲੱਖ ਕੁਨੈਕਸ਼ਨ ਘੱਟ ਹੋ ਚੁੱਕੇ ਨੇ, ਜਿਸ ਤੋਂ ਇੰਝ ਲਗਦਾ ਏ ਕਿ ਬਹੁਤੇ ਪੰਜਾਬੀਆਂ ਦਾ ਮੋਬਾਈਲ ਤੋਂ ਮਨ ਭਰ ਗਿਆ ਏ ਜਾਂ ਫਿਰ ਬਹੁਤਾਤ ਗਿਣਤੀ ਵਿਚ ਪੰਜਾਬੀ ਵਿਦੇਸ਼ ਚਲੇ ਗਏ, ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਆਪਣੇ ਕੁਨੈਕਸ਼ਨ ਬੰਦ ਕਰਵਾ ਦਿੱਤੇ ਹੋਣਗੇ।

ਇਸੇ ਤਰ੍ਹਾਂ ਜੇਕਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ’ਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਵਿਚ ਰਿਲਾਇੰਸ ਜੀਓ ਦੇ ਮਈ 2020 ਦੌਰਾਨ 1 ਕਰੋੜ 39 ਲੱਖ ਕੁਨੈਕਸ਼ਨ ਸਨ। ਇਸੇ ਦੌਰਾਨ ਅਗਸਤ 2020 ਵਿਚ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ ਸੀ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਵਿਰੋਧ ਦਾ ਸੱਦਾ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਲੇ ਸਾਲ ਦਸੰਬਰ 2021 ਵਿਚ ਕਿਸਾਨੀ ਅੰਦੋਲਨ ਖ਼ਤਮ ਹੋ ਗਿਆ ਸੀ ਅਤੇ ਮਈ 2022 ਵਿਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 1 ਕਰੋੜ 39 ਲੱਖ ਤੋਂ ਘਟ ਕੇ 1 ਕਰੋੜ 6 ਹਜ਼ਾਰ ਰਹਿ ਗਈ ਸੀ।

ਇਨ੍ਹਾਂ ਦੋ ਵਰਿ੍ਹਆਂ ਵਿਚ ਰਿਲਾਇੰਸ ਜੀਓ ਦੇ 33 ਲੱਖ ਕੁਨੈਕਸ਼ਨ ਘੱਟ ਹੋ ਗਏ ਸੀ, ਯਕੀਨਨ ਤੌਰ ’ਤੇ ਇਹ ਕੰਪਨੀ ਦੇ ਲਈ ਵੱਡਾ ਝਟਕਾ ਸੀ। ਲੋਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਜੋਸ਼ ਵਿਚ ਆ ਕੇ ਭਾਵੇਂ ਰਿਲਾਇੰਸ ਜੀਓ ਦੇ ਕੁਨੈਕਸ਼ਨ ਬੰਦ ਕਰਵਾ ਦਿੱਤੇ ਜਾਂ ਦੂਜੀਆਂ ਕੰਪਨੀਆਂ ਵਿਚ ਪੋਰਟ ਕਰਵਾ ਲਏ ਪਰ ਦੂਜੀਆਂ ਕੰਪਨੀਆਂ ਰਿਲਾਇੰਸ ਜੀਓ ਦੇ ਮੁਕਾਬਲੇ ਸਹੂਲਤਾਂ ਦੇਣ ਵਿਚ ਓਨੀਆਂ ਸਫ਼ਲ ਨਹੀਂ ਹੋ ਸਕੀਆਂ,,, ਜਾਂ ਇਹ ਕਹਿ ਲਓ ਕਿ ਦੂਜੀਆਂ ਕੰਪਨੀਆਂ ਨੂੰ ਇਸ ਵੱਡੀ ਮੁਹਿੰਮ ਦਾ ਫ਼ਾਇਦਾ ਹੀ ਨਹੀਂ ਉਠਾਉਣਾ ਆਇਆ। ਇਸ ਦਾ ਨਤੀਜਾ ਇਹ ਹੋਇਆ ਕਿ ਰਿਲਾਇੰਸ ਨੇ ਮੁੜ ਪੰਜਾਬ ’ਚ ਆਪਣਾ ਦਬਦਬਾ ਕਾਇਮ ਕਰ ਲਿਆ। ਮਈ 2023 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ ਵਧ ਕੇ 1 ਕਰੋੜ 15 ਲੱਖ ਹੋ ਗਏ ਸਨ ਜੋ ਕਿ ਇਸ ਸਾਲ ਮਈ 2024 ਵਿਚ ਹੋਰ ਵਧ ਕੇ 1 ਕਰੋੜ 22 ਲੱਖ ’ਤੇ ਪਹੁੰਚ ਗਏ।

ਇਸੇ ਤਰ੍ਹਾਂ ਜੇਕਰ ਭਾਰਤੀ ਏਅਰਟੈੱਲ ਦੀ ਗੱਲ ਕੀਤੀ ਜਾਵੇ ਤਾਂ ਇਸ ਕੰਪਨੀ ਦੇ ਪੰਜਾਬ ਵਿਚ 1 ਕਰੋੜ 26 ਲੱਖ ਮੋਬਾਈਲ ਕੁਨੈਕਸ਼ਨ ਨੇ ਜਦਕਿ ਸਾਲ ਪਹਿਲਾਂ ਇਹ ਗਿਣਤੀ 1 ਕਰੋੜ 22 ਲੱਖ ਸੀ। ਸਾਲ 2019 ਵਿਚ ਪੰਜਾਬ ’ਚ ਏਅਰਟੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ 99.64 ਲੱਖ ਸੀ। ਜੁਲਾਈ ਮਹੀਨੇ ਵਿਚ ਹੀ ਰਿਲਾਇੰਸ ਜੀਓ ਨੇ ਆਪਣੀਆਂ ਦਰਾਂ ਵਿਚ ਵਾਧਾ ਕੀਤਾ ਏ, ਜਿਸ ਵਿਚ ਕੰਪਨੀ ਨੇ 155 ਰੁਪਏ ਵਾਲੇ ਪਲਾਨ ਦਾ ਰੇਟ ਵਧਾ ਕੇ 189 ਰੁਪਏ ਕਰ ਦਿੱਤਾ ਏ। ਕੁੱਝ ਲੋਕਾਂ ਦਾ ਕਹਿਣਾ ਏ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਅੰਬਾਨੀ ਕਰਕੇ ਜੀਓ ਦਾ ਕੁਨੈਕਸ਼ਨ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹ ਇਨ੍ਹਾਂ ਅਮੀਰ ਘਰਾਣਿਆਂ ਨੂੰ ਕਿਸਾਨਾਂ ਦਾ ਦੁਸ਼ਮਣ ਸਮਝਦੇ ਨੇ।

ਇਸੇ ਕਰਕੇ ਬਹੁਤ ਸਾਰੇ ਲੋਕ ਇਸ ਸਮੇਂ ਬੀਐਸਐਨਐਲ ਦਾ ਰੁਖ਼ ਕਰ ਰਹੇ ਨੇ ਪਰ ਜੇਕਰ ਲੋਕਾਂ ਨੂੰ ਬੀਐਸਐਨਐਲ ਵੱਲੋਂ ਸਹੀ ਤਰੀਕੇ ਦੀਆਂ ਸਹੂਲਤਾਂ ਨਾ ਮਿਲੀਆਂ ਤਾਂ ਉਨ੍ਹਾਂ ਨੂੰ ਫਿਰ ਮਜਬੂਰੀ ਵੱਸ ਜੀਓ ਦਾ ਕੁਨੈਕਸ਼ਨ ਲੈਣਾ ਪਵੇਗਾ, ਜਿਵੇਂ ਕਿ ਪਹਿਲਾਂ ਹੋ ਚੁੱਕਿਆ ਏ। ਜੀਓ ਦਾ ਰੇਟ ਭਾਵੇਂ ਜ਼ਿਆਦਾ ਏ ਪਰ ਉਸ ਦੀ ਸਪੀਡ ਅਤੇ ਰੇਂਜ ਕਾਫ਼ੀ ਵਧੀਆ ਏ, ਜਿਸ ਕਰਕੇ ਦੂਜੀਆਂ ਕੰਪਨੀਆਂ ਇਸ ਦੇ ਮੁਕਾਬਲੇ ਟਿਕ ਨਹੀਂ ਪਾਉਂਦੀਆਂ। ਕੁੱਝ ਲੋਕਾਂ ਦਾ ਕਹਿਣਾ ਏ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਏ ਅਤੇ ਇਸ ਦਾ ਕਿਸਾਨੀ ਅੰਦੋਲਨ ਦਾ ਕਾਫ਼ੀ ਡੂੰਘਾ ਅਸਰ ਐ, ਇਸ ਕਰਕੇ ਇੱਥੋਂ ਦੇ ਲੋਕ ਅੰਬਾਨੀ ਦੀ ਕੰਪਨੀ ਜੀਓ ਦਾ ਬਦਲ ਲੱਭ ਰਹੇ ਨੇ ਜੋ ਹਾਲੇ ਤੱਕ ਉਨ੍ਹਾਂ ਨੂੰ ਸਹੀ ਬਦਲ ਨਹੀਂ ਮਿਲ ਸਕਿਆ। ਜਿਸ ਦਿਨ ਪੰਜਾਬੀਆਂ ਨੂੰ ਕੋਈ ਸਹੀ ਬਦਲ ਮਿਲ ਗਿਆ ਤਾਂ ਸ਼ਾਇਦ ਜੀਓ ਵਰਗੀ ਕੰਪਨੀ ਪੰਜਾਬ ਵਿਚ ਲੱਭਿਆਂ ਨਹੀਂ ਲੱਭਣੀ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News