ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ, 78 ਹਜ਼ਾਰ ਰੁਪਏ ਕਿਲੋ ਹੈ ਕੀਮਤ
ਸਭ ਤੋਂ ਖ਼ਾਸ ਗੱਲ ਇਹ ਐ ਕਿ ਦੁਨੀਆ ਦਾ ਇਹ ਸਭ ਤੋਂ ਮਹਿੰਗਾ ਪਨੀਰ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਨਹੀਂ ਹੁੰਦਾ ਬਲਕਿ ਇਹ ਖ਼ਾਸ ਪਨੀਰ ਗਧੀ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਏ...
ਬੇਲਗ੍ਰੇਡ : ਪਨੀਰ ਤਾਂ ਤੁਸੀਂ ਸਾਰਿਆਂ ਨੇ ਕਈ ਵਾਰ ਖਾਧਾ ਹੋਵੇਗਾ ਜੋ ਸਾਨੂੰ ਬਜ਼ਾਰ ਵਿਚੋਂ ਆਮ ਤੌਰ ’ਤੇ 250 ਤੋਂ 300 ਰੁਪਏ ਕਿਲੋ ਤੱਕ ਮਿਲ ਜਾਂਦਾ ਏ ਪਰ ਕੀ ਤੁਸੀਂ ਅਜਿਹੇ ਪਨੀਰ ਬਾਰੇ ਸੁਣਿਆ ਏ ਜੋ ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ ਐ ਅਤੇ ਜਿਸ ਦੀ ਕੀਮਤ ਹਜ਼ਾਰ ਦੋ ਹਜ਼ਾਰ ਰੁਪਏ ਨਹੀਂ ਬਲਕਿ 78 ਹਜ਼ਾਰ ਰੁਪਏ ਪ੍ਰਤੀ ਕਿਲੋ ਐ। ਕਿਉਂ? ਹੋ ਗਏ ਨਾ ਹੈਰਾਨ?? ਸੋ ਆਓ ਤੁਹਾਨੂੰ ਦੱਸਦੇ ਆਂ, ਕਿਵੇਂ ਅਤੇ ਕਿੱਥੇ ਬਣਾਇਆ ਜਾਂਦੈ ਇਹ ਖ਼ਾਸ ਕਿਸਮ ਦਾ ਪਨੀਰ ਅਤੇ ਕਿਉਂ ਹੈ ਇਸ ਦੀ ਇੰਨੀ ਜ਼ਿਆਦਾ ਕੀਮਤ?
ਪਨੀਰ ਖਾਣਾ ਸਭ ਨੂੰ ਵਧੀਆ ਲਗਦਾ ਏ ਜੋ ਆਮ ਤੌਰ ’ਤੇ ਬਜ਼ਾਰ ਵਿਚੋਂ 250 ਤੋਂ 300 ਰੁਪਏ ਕਿਲੋ ਮਿਲ ਜਾਂਦਾ ਏ ਪਰ ਯੂਰਪੀ ਦੇਸ਼ ਸਰਬੀਆ ਵਿਚ ਇਕ ਪਨੀਰ ਤਿਆਰ ਕੀਤਾ ਜਾਂਦਾ ਏ, ਜਿਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ ਕਿਹਾ ਜਾਂਦਾ ਏ ਕਿਉਂਕਿ ਇਸ ਪਨੀਰ ਨੂੰ ਖ਼ਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਦਰਅਸਲ ਇਸ ਪਨੀਰ ਦੀ ਕੀਮਤ 250 ਜਾਂ 300 ਰੁਪਏ ਨਹੀਂ ਐ ਬਲਕਿ 78 ਹਜ਼ਾਰ ਰੁਪਏ ਪ੍ਰਤੀ ਕਿਲੋ ਐ।
ਇਸ ਦੀ ਸਭ ਤੋਂ ਖ਼ਾਸ ਗੱਲ ਇਹ ਐ ਕਿ ਦੁਨੀਆ ਦਾ ਇਹ ਸਭ ਤੋਂ ਮਹਿੰਗਾ ਪਨੀਰ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਨਹੀਂ ਹੁੰਦਾ ਬਲਕਿ ਇਹ ਖ਼ਾਸ ਪਨੀਰ ਗਧੀ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਏ। ਤੁਹਾਨੂੰ ਦੱਸ ਦਈਏ ਕਿ ਗਧੀ ਦਾ ਦੁੱਧ ਅਪਣੀ ਕੀਮਤ ਅਤੇ ਸਵਾਦ ਕਰ ਕੇ ਵਿਸ਼ਵ ਭਰ ਵਿਚ ਕਾਫ਼ੀ ਜ਼ਿਆਦਾ ਪ੍ਰਸਿੱਧ ਐ। ਗਧੀ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਹ ਪਨੀਰ ਸਰਬੀਆ ਦੇ ਇਕ ਫਾਰਮ ਵਿਚ ਤਿਆਰ ਕੀਤਾ ਜਾਂਦਾ ਏ, ਜਿਸ ਤੋਂ ਬਾਅਦ ਇਸ ਨੂੰ ਮਾਰਕਿਟ ਵਿਚ ਭੇਜਿਆ ਜਾਂਦਾ ਏ।
ਇਸ ਪਨੀਰ ਨੂੰ ਤਿਆਰ ਕਰਨ ਵਾਲੇ ਇਕ ਕਿਸਾਨ ਦਾ ਕਹਿਣਾ ਏ ਕਿ ਇਹ ਪਨੀਰ ਨਾ ਸਿਰਫ਼ ਖਾਣ ਵਿਚ ਲਜੀਜ਼ ਹੁੰਦਾ ਏ ਬਲਕਿ ਇਹ ਸਿਹਤ ਦੇ ਲਿਹਾਜ ਨਾਲ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਏ। ਉਤਰੀ ਸਰਬੀਆ ਦੇ ਇਸ ਕੁਦਰਤੀ ਰਿਜ਼ਰਵ ਨੂੰ ਜੈਸਾਵਿਕਾ ਦੇ ਨਾਂਅ ਨਾਲ ਜਾਣਿਆ ਜਾਂਦਾ ਏ, ਜਿੱਥੇ ਕਿਸਾਨ ਨੇ 200 ਤੋਂ ਜ਼ਿਆਦਾ ਗਧੀਆਂ ਪਾਲ਼ੀਆਂ ਹੋਈਆਂ ਨੇ, ਜਿਨ੍ਹਾਂ ਦੇ ਦੁੱਧ ਤੋਂ ਕਈ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਨੇ। ਕਿਸਾਨ ਦਾ ਦਾਅਵਾ ਏ ਕਿ ਸਰਬੀਆ ਦੀਆਂ ਇਨ੍ਹਾਂ ਗਧੀਆਂ ਦੇ ਦੁੱਧ ਵਿਚ ਮਾਂ ਦੇ ਦੁੱਧ ਵਰਗੇ ਗੁਣ ਮੌਜੂਦ ਹੁੰਦੇ ਨੇ। ਹੋਰ ਤਾਂ ਹੋਰ ਮਨੁੱਖੀ ਬੱਚੇ ਨੂੰ ਜਨਮ ਦੇ ਪਹਿਲੇ ਦਿਨ ਤੋਂ ਹੀ ਬਿਨਾਂ ਪਤਲਾ ਕੀਤੇ ਇਹ ਦੁੱਧ ਪਿਲਾਇਆ ਜਾ ਸਕਦਾ ਏ। ਉਸ ਨੇ ਦੱਸਿਆ ਕਿ ਗਧੀ ਦੇ ਦੁੱਧ ਦਾ ਸੇਵਨ ਕਰਨ ਦੇ ਨਾਲ ਅਸਥਮਾ ਅਤੇ ਬ੍ਰਾਕਾਈਟਿਸ ਵਰਗੀਆਂ ਬਿਮਾਰੀਆਂ ਤੋਂ ਫ਼ਾਇਦਾ ਮਿਲਦਾ ਏ। ਹਾਲਾਂਕਿ ਇਨ੍ਹਾਂ ਦਾਅਵਿਆਂ ਬਾਰੇ ਕੋਈ ਵਿਗਿਆਨਕ ਪੁਸ਼ਟੀ ਨਹੀਂ ਮਿਲਦੀ।
ਇਕ ਰਿਪੋਰਟ ਦੇ ਮੁਤਾਬਕ ਇਸ ਦੁੱਧ ਬਾਰੇ ਇਹ ਵੀ ਕਿਹਾ ਜਾਂਦਾ ਏ ਕਿ ਇਹ ਦੁੱਧ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਏ, ਜਿਨ੍ਹਾਂ ਨੂੰ ਗਾਂ ਦੇ ਦੁੱਧ ਤੋਂ ਅਲਰਜੀ ਦੀ ਸਮੱਸਿਆ ਹੁੰਦੀ ਐ। ਇਸ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਪਾਈ ਜਾਂਦੀ ਐ। ਜਾਣਕਾਰੀ ਅਨੁਸਾਰ ਗਧੀ ਦੇ 25 ਕਿਲੋ ਦੁੱਧ ਤੋਂ ਮਹਿਜ਼ ਇਕ ਕਿਲੋ ਪਨੀਰ ਤਿਆਰ ਹੁੰਦਾ ਏ, ਜਿਸ ਦਾ ਸਵਾਦ ਭੇਡ ਦੇ ਦੁੱਧ ਤੋਂ ਬਣੇ ਪਨੀਰ ਵਰਗਾ ਹੁੰਦਾ ਏ। ਇੱਥੇ ਹੀ ਬਸ ਨਹੀਂ, ਗਧੀ ਦੇ ਦੁੱਧ ਨਾਲ ਕਈ ਤਰ੍ਹਾਂ ਦੀਆਂ ਪੁਰਾਤਨ ਕਹਾਣੀਆਂ ਵੀ ਜੁੜੀਆਂ ਹੋਈਆਂ ਨੇ। ਕਹਿੰਦੇ ਨੇ ਪੁਰਾਣੇ ਸਮੇਂ ਵਿਚ ਮਿਸ਼ਰ ਦੀ ਬੇਹੱਦ ਸੁੰਦਰ ਰਾਣੀ ਕਿਲਯੋਪੇਟਰਾ ਦੀ ਸੁੰਦਰਤਾ ਦਾ ਰਾਜ ਵੀ ਗਧੀ ਦਾ ਦੁੱਧ ਸੀ, ਜਿਸ ਦੇ ਨਾਲ ਉਹ ਰੋਜ਼ਾਨਾ ਨਹਾਉਂਦੀ ਹੁੰਦੀ ਸੀ। ਇਸੇ ਮਿੱਥ ਦੇ ਚਲਦਿਆਂ ਕੁੱਝ ਹੋਰ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਸੁੰਦਰਤਾ ਵਧਾਉਣ ਲਈ ਗਧੀ ਦੇ ਦੁੱਧ ਦੀ ਵਰਤੋਂ ਕਰਦੇ ਨੇ।
ਫਾਰਮ ਦੇ ਮਾਲਕ ਦਾ ਕਹਿਣਾ ਏ ਕਿ ਦੁਨੀਆ ਵਿਚ ਉਨ੍ਹਾਂ ਤੋਂ ਪਹਿਲਾਂ ਗਧੀ ਦੇ ਦੁੱਧ ਤੋਂ ਕਿਸੇ ਨੇ ਪਨੀਰ ਨਹੀਂ ਬਣਾਇਆ। ਜਦੋਂ ਉਨ੍ਹਾਂ ਨੂੰ ਇਸ ਦੁੱਧ ਤੋਂ ਪਨੀਰ ਬਣਾਉਣ ਦਾ ਆਈਡੀਆ ਆਇਆ ਤਾਂ ਪਹਿਲਾਂ ਸਮੱਸਿਆ ਇਹ ਸੀ ਕਿ ਇਸ ਦੁੱਧ ਵਿਚ ਕੈਸੀਨ ਦਾ ਪੱਧਰ ਬਹੁਤ ਘੱਟ ਹੁੰਦਾ ਏ ਜੋ ਪਨੀਰ ਲਈ ਬਾਂਡਿੰਗ ਦਾ ਕੰਮ ਕਰਦਾ ਏ, ਇਹ ਜਮ ਨਹੀਂ ਰਿਹਾ ਸੀ ਬਲਕਿ ਦਾਣਿਆਂ ਵਾਂਗ ਖਿੰਡ ਜਾਂਦਾ ਸੀ। ਫਿਰ ਇਸ ਵਿਚ ਥੋੜ੍ਹਾ ਬੱਕਰੀ ਦਾ ਦੁੱਧ ਮਿਲਾ ਕੇ ਕੋਸ਼ਿਸ਼ ਕੀਤੀ ਗਈ ਤਾਂ ਪਨੀਰ ਬਣਾਉਣ ਵਿਚ ਸਫ਼ਲਤਾ ਹਾਸਲ ਹੋ ਗਈ। ਖ਼ਾਸ ਗੱਲ ਇਹ ਵੀ ਐ ਕਿ ਇਕ ਗਧੀ ਇਕ ਦਿਨ ਵਿਚ ਇਕ ਲੀਟਰ ਦੁੱਧ ਵੀ ਨਹੀਂ ਦਿੰਦੀ ਜਦਕਿ ਇਕ ਗਾਂ ਤੋਂ 40 ਲੀਟਰ ਤਕ ਦੁੱਧ ਇਕ ਦਿਨ ਵਿਚ ਮਿਲ ਜਾਂਦਾ ਏ। ਇਸੇ ਕਰਕੇ ਇਸ ਪਨੀਰ ਦਾ ਉਤਪਾਦਨ ਕਾਫ਼ੀ ਘੱਟ ਹੁੰਦਾ ਏ। ਇਕ ਸਾਲ ਵਿਚ ਇੱਥੇ ਸਿਰਫ਼ 6 ਤੋਂ 15 ਕਿਲੋ ਤਕ ਹੀ ਪਨੀਰ ਬਣਾਇਆ ਜਾਂਦਾ ਏ। ਘੱਟ ਉਤਪਾਦਨ ਕਾਰਨ ਹੀ ਇਸ ਪਨੀਰ ਦੀ ਕੀਮਤ ਕਾਫ਼ੀ ਜ਼ਿਆਦਾ ਹੁੰਦੀ ਐ।
ਦਰਅਸਲ ਗਧੀ ਦੇ ਦੁੱਧ ਦਾ ਪਨੀਰ ਸਾਲ 2012 ਵਿਚ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਚ ਦੇ ਬਾਰੇ ਇਹ ਖ਼ਬਰ ਆਈ ਕਿ ਉਨ੍ਹਾਂ ਲਈ ਇਸ ਪਨੀਰ ਦੀ ਸਾਲਾਨਾ ਸਪਲਾਈ ਕੀਤੀ ਜਾਂਦੀ ਐ, ਹਾਲਾਂਕਿ ਬਾਅਦ ਵਿਚ ਨੋਵਾਕ ਨੇ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਦੱਸਿਆ ਸੀ। ਇਸ ਫ਼ਾਰਮ ਵਿਚ ਪਾਲੇ ਜਾਂਦੇ ਗਧੇ ਬਾਲਕਨ ਪ੍ਰਜਾਤੀ ਦੇ ਨੇ ਜੋ ਸਿਰਫ਼ ਸਰਬੀਆ ਦੇ ਮਾਂਟੇਨੇਗ੍ਰੋ ਸੂਬੇ ਵਿਚ ਹੀ ਪਾਏ ਜਾਂਦੇ ਨੇ।
ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ