ਯੋਗੀ ਆਦਿੱਤਿਆਨਾਥ ਨੇ ਹੜ੍ਹ ਪੀੜ੍ਹਤ ਪੰਜਾਬ ਲਈ ਦਿਖਾਇਆ ਵੱਡਾ ਦਿੱਲ, ਕਰਤੀ ਵੱਡੀ ਸੇਵਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਲਈ ਵੱਡਾ ਦਿਲ ਦਿਖਾਇਆ ਹੈ ਅਤੇ ਉਹਨਾਂ ਨੇ ਕਿਸਾਨਾਂ ਦੀ ਸਹਾਇਤਾ ਲਈ ਕਣਕ ਦੇ ਬੀਜ ਨਾਲ ਲੱਦੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।

Update: 2025-10-21 10:00 GMT

ਚੰਡੀਗੜ੍ਹ (ਗੁਰਪਿਆਰ ਥਿੰਦ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਲਈ ਵੱਡਾ ਦਿਲ ਦਿਖਾਇਆ ਹੈ ਅਤੇ ਉਹਨਾਂ ਨੇ ਕਿਸਾਨਾਂ ਦੀ ਸਹਾਇਤਾ ਲਈ ਕਣਕ ਦੇ ਬੀਜ ਨਾਲ ਲੱਦੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।


ਉਹਨਾਂ ਨੇ ਕਿਹਾ ਕਿ ਪੂਰਾ ਭਾਰਤ ਦਿਵਾਲੀ ਦਾ ਤਿਉਹਾਰ ਸ਼ਾਂਤੀਪੂਰਨ ਮਾਹੌਲ ਵਿੱਚ ਮਨਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਤਿਉਹਾਰ ਦਾ ਆਨੰਦ ਤਾਂ ਹੀ ਹੁੰਦਾ ਹੈ ਜਦੋਂ ਅਸੀ ਕਿਸੀ ਦੁਖੀ ਵਿਅਕਤੀ ਦੀ ਮਦਦ ਕਰਦੇ ਹਾਂ ਅਤੇ ਇਸ ਸਮੇਂ ਪੰਜਾਬ ਵੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਪੂਰਾ ਉਤਰ-ਪ੍ਰਦੇਸ਼ ਅੱਜ ਪੰਜਾਬ ਨਾਲ ਇਸ ਦੁੱਖ ਦੀ ਘੜੀ ਵਿੱਚ ਖੜ੍ਹਾ ਹੈ ।


ਉਨ੍ਹਾਂ ਕਿਹਾ ਕਿ ਆਫ਼ਤ ਦਾ ਸਾਹਮਣਾ ਪੰਜਾਬ ਦੇ ਕਿਸਾਨ ਇਕੱਲੇ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਡਬਲ ਇੰਜਣ ਦੀ ਸਰਕਾਰ ਹਰ ਆਫ਼ਤ ਪੀੜਤ ਨਾਗਰਿਕ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਰਾਹਤ ਸਮੱਗਰੀ ਦੇ ਰੂਪ ਵਿੱਚ ਸਹਾਇਤਾ ਹੋਵੇ, ਆਰਥਿਕ ਸਹਿਯੋਗ ਹੋਵੇ ਜਾਂ ਮੁੜ ਵਸੇਬੇ ਦੀ ਕੋਸ਼ਿਸ਼। ਉਨ੍ਹਾਂ ਕਿਹਾ, ''ਅਸੀਂ ਸਾਰੇ ਮਿਲ ਕੇ ਕਿਸਾਨਾਂ ਨੂੰ ਸ਼ਕਤੀਸ਼ਾਲੀ, ਆਤਮਨਿਰਭਰ ਅਤੇ ਖੁਸ਼ਹਾਲ ਬਣਾਵਾਂਗੇ।''


ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਭੇਜਿਆ ਜਾ ਰਿਹਾ 1000 ਕੁਇੰਟਲ ਕਣਕ ਦਾ ਬੀਜ ਬੀਬੀ 327 ਕਿਸਮ ਦਾ ਹੈ, ਜਿਸ ਨੂੰ ਕਰਨ ਸ਼ਿਵਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰੋਗ ਰੋਧਕ, ਬਾਇਓ ਫੋਰਟੀਫਾਈਡ ਅਤੇ ਪੋਸ਼ਣਯੁਕਤ ਕਿਸਮ ਹੈ, ਜੋ ਸਿਰਫ਼ 155 ਦਿਨਾਂ ਵਿੱਚ ਤਿਆਰ ਹੁੰਦੀ ਹੈ ਅਤੇ ਲਗਪਗ 80 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਦੀ ਉਪਜ ਦੇਣ ਦੇ ਸਮਰੱਥ ਹੈ।

ਦਰਅਸਲ ਪੰਜਾਬ ਵਿੱਚ ਹੜਾਂ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ ਜਿਸ ਵਿੱਚ 2300 ਪਿੰਡ ਹੜ੍ਹਾਂ ਨਾਲ ਤਬਾਹ ਹੋ ਗਏ ਸਨ ਅਤੇ ਕਿਸਾਨਾਂ ਦੀ 5 ਲੱਖ ਏਕੜ ਫ਼ਸਲ ਡੁੱਬ ਕੇ ਨਸ਼ਟ ਹੋ ਗਈ ਸੀ ਜਿਸ ਨਾਲ ਪੰਜਾਬ ਵਿੱਚ ਭਾਰੀ ਆਰਥੀਕ ਨੁਕਸਾਨ ਹੋਇਆ ਸੀ। ਕਈ ਪਸ਼ੂ ਵੀ ਰੁੜ ਗਏ ਸਨ ਅਤੇ 60 ਦੇ ਕਰੀਬ ਲੋਕਾਂ ਦੀ ਹੜ੍ਹਾਂ ਨਾਲ ਮੌਤ ਵੀ ਹੋ ਗਈ ਸੀ। ਪੰਜਾਬ ਸਰਕਾਰ ਦੇ ਅਨੁਮਾਨ ਨਾਲ ਪੰਜਾਬ ਵਿੱਚ ਹੜ੍ਹਾਂ ਕਾਰਨ 12000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਸਤੋਂ ਬਾਅਦ ਕਈ ਕੇਂਦਰੀ ਮੰਤਰੀ ਪੰਜਾਬ ਲਈ ਅੱਗੇ ਆ ਰਹੇ ਹਨ। ਪੰਜਾਬ ਲਈ ਪ੍ਰਧਾਨ ਮੰਤਰੀ ਮੋਦੀ ਨੇ 1600 ਕਰੋੜ ਰੁਪਏ ਦਾ ਪੈਕੇਜ਼ ਦਿੱਤਾ ਸੀ ਜੋ ਪੰਜਾਬ ਸਰਕਾਰ ਅਨੁਸਾਰ ਘੱਟ ਸੀ ਅਤੇ ਪੰਜਾਬ ਸਰਕਾਰ ਨੇ ਇਸਦੀ ਅਲੋਚਨਾ ਵੀ ਕੀਤੀ ਸੀ। ਪਰ ਮੋਦੀ ਸਰਕਾਰ ਨੇ ਕਿਹਾ ਸੀ ਕਿ ਇਹ ਫੰਡ ਸਿਰਫ਼ ਆਟੇ ਵਿੱਚ ਲੂਣ ਵਾਂਗ ਹੈ ਪੰਜਾਬ ਨੂੰ ਹੋਰ ਵੀ ਫੰਡ ਮੁਹਾਇਆ ਕਰਵਾਇਆ ਜਾਵੇਗਾ।

Tags:    

Similar News