ਸਮੇਂ ਸਿਰ ਵਿਆਹ ਤੇ ਵੱਡਾ ਪਰਿਵਾਰ ਅੱਜ ਦੀ ਲੋੜ, ਗਿਆਨੀ ਕੁਲਦੀਪ ਸਿੰਘ ਗੜਗੱਜ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਸਮਾਜ ਨੂੰ ਸਮੇਂ ਸਿਰ ਵਿਆਹ ਅਤੇ ਵੱਡੇ ਪਰਿਵਾਰ ਦੀ ਮਹੱਤਤਾ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੇਵਲ ਇੱਕ ਬੱਚੇ ਤੱਕ ਸੀਮਿਤ ਰਹਿਣੀ ਸੋਚ ‘ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਅਤੇ ਹਰ ਪਰਿਵਾਰ ਨੂੰ ਦੋ ਤੋਂ ਤਿੰਨ ਜਾਂ ਤਿੰਨ ਤੋਂ ਚਾਰ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

Update: 2025-12-09 07:09 GMT

ਅੰਮ੍ਰਿਤਸਰ :  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਸਮਾਜ ਨੂੰ ਸਮੇਂ ਸਿਰ ਵਿਆਹ ਅਤੇ ਵੱਡੇ ਪਰਿਵਾਰ ਦੀ ਮਹੱਤਤਾ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੇਵਲ ਇੱਕ ਬੱਚੇ ਤੱਕ ਸੀਮਿਤ ਰਹਿਣੀ ਸੋਚ ‘ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਅਤੇ ਹਰ ਪਰਿਵਾਰ ਨੂੰ ਦੋ ਤੋਂ ਤਿੰਨ ਜਾਂ ਤਿੰਨ ਤੋਂ ਚਾਰ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।


ਜਥੇਦਾਰ ਗੜਗੱਜ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 28 ਤੋਂ 30 ਸਾਲ ਦੇ ਨੇੜੇ ਪਹੁੰਚ ਗਈ ਹੈ ਅਤੇ ਅਜੇ ਤੱਕ ਅਨੰਦ ਕਾਰਜ ਨਹੀਂ ਹੋਇਆ, ਉਹਨਾਂ ਨੂੰ ਬਿਨਾਂ ਕਿਸੇ ਵਧੇਰੇ ਦੇਰੀ ਦੇ ਵਿਆਹ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਵਿਆਹ ਅਤੇ ਸਮੇਂ ਸਿਰ ਸੰਤਾਨ, ਦੋਵੇਂ ਪਰਿਵਾਰਕ ਜੀਵਨ ਦੀ ਮਜਬੂਤ ਨੀਂਹ ਹਨ।

ਉਨ੍ਹਾਂ ਇਸ ਗੱਲ ‘ਤੇ ਵੀ ਚਿੰਤਾ ਜਤਾਈ ਕਿ ਜੇ ਘਰ ਵਿੱਚ ਸਿਰਫ਼ ਇੱਕ ਹੀ ਬੱਚਾ ਹੋਵੇ ਤਾਂ ਭਵਿੱਖ ਵਿੱਚ ਰਿਸ਼ਤਿਆਂ ਦੀ ਘਾਟ ਪੈਦਾ ਹੋ ਜਾਂਦੀ ਹੈ। ਮਾਮਾ, ਚਾਚਾ, ਤਾਇਆ, ਮਾਸੀ ਵਰਗੇ ਪਿਆਰੇ ਰਿਸ਼ਤੇ ਆਪੋ-ਆਪ ਘੱਟ ਹੋ ਜਾਂਦੇ ਹਨ, ਜਦਕਿ ਪੰਜਾਬੀ ਸਭਿਆਚਾਰ ਰਿਸ਼ਤਿਆਂ ਦੀ ਮਿਠਾਸ, ਸਾਥ ਅਤੇ ਸਹਾਰੇ ‘ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਰਿਸ਼ਤੇਦਾਰ ਹੀ ਸਭ ਤੋਂ ਵੱਡਾ ਸਹਾਰਾ ਬਣਦੇ ਹਨ।


ਗਿਆਨੀ ਗੜਗੱਜ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਕਈ ਵਾਰ ਰੱਬ ਨਾ ਕਰੇ ਕਿਸੇ ਪਰਿਵਾਰ ਨਾਲ ਅਣਚਾਹੀ ਘਟਨਾ ਵਾਪਰ ਜਾਵੇ ਤਾਂ ਇੱਕੋ ਸੰਤਾਨ ਹੋਣ ‘ਤੇ ਮਾਪਿਆਂ ਦੀ ਮੁਸ਼ਕਲ ਕਈ ਗੁਣਾ ਵੱਧ ਜਾਂਦੀ ਹੈ। ਐਸੇ ਹਾਲਾਤਾਂ ਨੂੰ ਦੇਖਦਿਆਂ ਭਵਿੱਖ ਲਈ ਸਿਆਣੀ ਸੋਚ ਅਪਣਾਉਣੀ ਜ਼ਰੂਰੀ ਹੈ।


ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਵੱਡਾ ਪਰਿਵਾਰ ਹੋਣ ਦਾ ਮਤਲਬ ਬੇਪਰਵਾਹੀ ਨਹੀਂ, ਸਗੋਂ ਹਰ ਵਿਅਕਤੀ ਨੂੰ ਆਪਣੀ ਆਰਥਿਕ ਸਥਿਤੀ ਅਤੇ ਪਰਿਵਾਰਕ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰਨਾ ਚਾਹੀਦਾ ਹੈ। ਕਿਰਤ ਕਰਨਾ ਹਰ ਸਿੱਖ ਦੀ ਮੂਲ ਡਿਊਟੀ ਹੈ ਅਤੇ ਮਿਹਨਤ ਨਾਲ ਪਰਿਵਾਰ ਨੂੰ ਸੰਭਾਲਿਆ ਜਾ ਸਕਦਾ ਹੈ।


ਅਖੀਰ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਮੇਂ ਸਿਰ ਵਿਆਹ, ਸਮੇਂ ਸਿਰ ਬੱਚੇ ਅਤੇ ਪਰਿਵਾਰਕ ਏਕਤਾ ਹੀ ਸਮਾਜ ਨੂੰ ਮਜ਼ਬੂਤ ਕਰ ਸਕਦੀ ਹੈ।

Tags:    

Similar News