ਕੈਨੇਡਾ 'ਚ ਭਖੀ ਸਿਆਸਤ, ਪੀਅਰ ਪੋਲੀਏਵ ਨੇ ਜਗਮੀਤ ਸਿੰਘ 'ਤੇ ਕੱਸਿਆ ਤੰਜ਼

ਆਪਣੇ ਹੀ ਸ਼ਬਦਾਂ 'ਤੇ ਨਹੀਂ ਖੜ੍ਹ ਰਹੇ ਐੱਨਡੀਪੀ ਲੀਡਰ ਜਗਮੀਤ ਸਿੰਘ: ਪੀਅਰ ਪੋਲੀਏਵ;

Update: 2024-12-17 21:01 GMT

ਹਾਲ ਹੀ 'ਚ ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫ੍ਰੀਲੈਂਡ ਨੂੰ ਵਿੱਤ ਮੰਤਰੀ ਵਜੋਂ ਨਹੀਂ ਚਾਹੁੰਦੇ ਸਨ। ਅਸਤੀਫੇ ਤੋਂ ਅਗਲੇ ਦਿਨ ਹੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਵੱਲੋਂ ਮਿਸੀਸਾਗਾ 'ਚ ਪ੍ਰੈਸ ਕਾਨਫਰੰਸ ਰੱਖੀ ਗਈ। ਪੀਅਰ ਪੋਲੀਏਵ ਨੇ ਪ੍ਰੈਸ ਵਾਰਤਾ 'ਚ ਕੈਨੇਡਾ ਦੇ ਮੌਜੂਦਾ ਹਾਲਤਾਂ ਅਤੇ ਲਿਬਰਲ ਸਰਕਾਰ 'ਚ ਮਚੀ ਹਲਚਲ ਦੀ ਗੱਲ ਕੀਤੀ। ਪੀਅਰ ਪੋਲੀਏਵ ਨੇ ਸਭ ਤੋਂ ਪਹਿਲਾਂ ਸ਼ੁਰੂਆਤ 'ਚ ਡੈਫੀਸਿਟ, ਘਾਟੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਡਾਲਰ 70 ਸੈਂਟ ਤੋਂ ਵੀ ਹੇਠਾਂ ਡਿੱਗ ਗਿਆ ਹੈ ਜਿਸਦਾ ਮਤਲਬ ਹੈ ਕਿ ਵਧੇਰੇ ਮਹਿੰਗਾ ਤੇਲ, ਭੋਜਨ, ਕੱਪੜੇ ਅਤੇ ਆਟੋਮੋਬਾਈਲ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਪੀਅਰ ਪੋਲੀਏਵ ਨੇ ਕਿਹਾ ਕਿ ਇਸ ਤਰ੍ਹਾਂ ਕਿ ਜੇਕਰ ਇਹੀ ਹਾਲ ਚਲਦਾ ਰਿਹਾ ਤਾਂ ਲੋਕ ਬਹੁਤ ਗਰੀਬ ਹੋ ਜਾਣਗੇ। ਨਾਲ ਹੀ ਪੀਅਰ ਪੋਲੀਏਵ ਨੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਬਾਰੇ ਗੱਲ ਕਰਦਿਆਂ ਕਿਹਾ ਕਿ ਜਸਟਿਨ ਟਰੂਡੋ ਦੀ ਮਦਦ ਕਰਨ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਰਾਸ਼ਟਰੀ ਕਰਜ਼ੇ ਨੂੰ ਦੁੱਗਣਾ ਕਰ ਦਿੱਤਾ। ਪਹਿਲਾਂ ਤਾਂ ਜਸਟਿਨ ਟਰੂਡੋ ਨੇ ਵੀ ਫ੍ਰੀਲੈਂਡ ਦਾ ਸਾਥ ਦਿੱਤਾ ਪਰ ਹੁਣ ਜਸਟਿਨ ਟਰੂਡੋ ਸਿਰਫ ਕ੍ਰਿਸਟੀਆ ਫ੍ਰੀਲੈਂਡ ਨੂੰ ਦੋਸ਼ੀ ਠਹਿਰਾਉਣ ਬਾਰੇ ਸੋਚ ਰਹੇ ਹਨ।

ਇਸ ਦੌਰਾਨ ਪੀਅਰ ਪੋਲੀਏਵ ਨੇ ਐੱਨਡੀਪੀ ਲੀਡਰ ਜਗਮੀਤ ਸਿੰਘ ਨੂੰ ਵੀ ਘੇਰਿਆ। ਪੋਲੀਏਵ ਨੇ ਕਿਹਾ ਕਿ ਜਗਮੀਤ ਸਿੰਘ ਨੇ ਬੀਤੇ ਦਿਨੀਂ ਕਿਹਾ ਕਿ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਰ ਪਿਛਲੇ ਹਫਤੇ ਜਗਮੀਤ ਸਿੰਘ ਨੇ ਟਰੂਡੋ ਨੂੰ ਸੱਤਾ 'ਚ ਰੱਖਣ ਲਈ ਵੋਟ ਦਿੱਤੀ ਸੀ। ਪੀਅਰ ਪੋਲੀਏਵ ਨੇ ਨੌਨ ਕੌਂਫੀਡੈਂਸ ਮੋਸ਼ਨ ਪੇਸ਼ ਕੀਤਾ ਸੀ ਅਤੇ ਜਗਮੀਤ ਸਿੰਘ ਦੇ ਸ਼ਬਦ ਹੀ ਉਸ 'ਚ ਰੱਖੇ ਸਨ ਪਰ ਜਗਮੀਤ ਸਿੰਘ ਨੇ ਆਪਣੀ ਹੀ ਸ਼ਬਦਾਵਲੀ ਦੇ ਖਿਲਾਫ ਵੋਟ ਕੀਤਾ। ਅਖੀਰ 'ਚ ਪੀਅਰ ਪੋਲੀਏਵ ਨੇ ਕਿਹਾ ਕਿ ਕੈਨੇਡੀਅਨਜ਼ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਆਪਣੀ ਕਾਰ ਦੇਖਦੇ ਹਨ। ਕੈਨੇਡਾ 'ਚ ਮਾੜਾ ਬੇਲ ਸਿਸਟਮ ਹੋਣ ਕਰਕੇ ਹੀ ਕ੍ਰਾਈਮ ਵੱਧਿਆ ਹੋਇਆ ਹੈ। ਮਾਂਵਾਂ ਨੂੰ ਨਸ਼ਿਆਂ ਕਾਰਨ ਆਪਣੇ ਪੁੱਤ ਗਵਾਉਣੇ ਪੈ ਰਹੇ ਹਨ ਕਿਉਂਕਿ ਕੈਨੇਡਾ 'ਚ ਡਰੱਗਸ ਸ਼ਰੇਆਮ ਵਿਕਦੇ ਹਨ। ਓਟਾਵਾ 'ਚ ਸ਼ਰੇਆਮ ਰੀਫਿਊਜ਼ੀ ਕੈਂਪ ਲਗਾਏ ਜਾ ਰਹੇ ਹਨ। ਵਧੇ ਹੋਏ ਟੈਕਸ ਵੀ ਚਿੰਤਾ ਦਾ ਵਿਸ਼ਾ ਹਨ। ਲੋਕ ਨਵੇਂ ਘਰ ਬਣਾਉਣ 'ਚ ਅਸਮਰੱਥ ਹਨ। 

Tags:    

Similar News