ਪਿੰਡ ਠੱਠੇ ਵਿੱਚ ਜਮੀਨੀ ਝਗੜੇ ਦੌਰਾਨ ਚੱਲੀਆਂ ਗੋਲੀਆਂ , ਇੱਕ 21 ਸਾਲਾਂ ਨੌਜਵਾਨ ਦੀ ਮੌਤ

ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਠੱਠੇ ਵਿੱਚ ਜਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਇੱਕ ਧਿਰ ਵੱਲੋਂ ਦੂਜੇ ਧਿਰ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

Update: 2025-11-14 09:48 GMT

ਲੋਪੋਕੇ : ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਠੱਠੇ ਵਿੱਚ ਜਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਇੱਕ ਧਿਰ ਵੱਲੋਂ ਦੂਜੇ ਧਿਰ ‘ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਇੱਕ 21 ਸਾਲਾਂ ਨੌਜਵਾਨ ਜਸਕਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਿਤਾ ਨੂੰ ਵੀ ਗੋਲੀਆਂ ਤੇ ਦਾਤਰ ਮਾਰੇ ਗਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।



ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿੰਡ ਵਿੱਚ ਕਾਫੀ ਸਮੇਂ ਤੋਂ ਜਮੀਨੀ ਵਿਵਾਦ ਦਾ ਸਾਹਮਣਾ ਕਰ ਰਿਹਾ ਸੀ। ਪਿੰਡ ਦੇ ਕੁਝ ਮੋਹਤਬਰਾਂ ਨੇ ਇਸ ਮਾਮਲੇ ਨੂੰ ਨਿਪਟਾਉਣ ਲਈ ਰਾਜੀਨਾਮਾ ਕਰਾਉਣ ਦਾ ਭਰੋਸਾ ਦਿੱਤਾ ਸੀ। ਅੱਜ ਸਵੇਰੇ ਜਸਕਰਨ ਸਿੰਘ ਮੋਹਤਬਰਾਂ ਨੂੰ ਘਰ ਛੱਡ ਕੇ ਵਾਪਸ ਆਪਣੀ ਜਮੀਨ ‘ਤੇ ਗਿਆ ਸੀ, ਜਿੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਕੁਝ ਲੋਕਾਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ, ਉਸ ਦੀ ਛਾਤੀ ਵਿੱਚ ਗੋਲੀ ਲੱਗੀ ਤੇ ਉਸ ਨੂੰ ਦਾਤਰਾਂ ਨਾਲ ਵੀ ਵਾਰ ਕੀਤੇ ਗਏ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।



ਪਰਿਵਾਰ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਉਹਨਾਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਮੌਤ ਨਾਲ ਘਰ ‘ਚ ਮਾਤਮ ਦਾ ਮਾਹੌਲ ਬਣ ਗਿਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।



ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਸ਼ਾਮ ਕਰੀਬ 7:30 ਵਜੇ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।



ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਾਰੇ ਪਿੰਡ ਵਾਸੀ ਨੌਜਵਾਨ ਦੀ ਅਕਾਲ ਮੌਤ ‘ਤੇ ਗਮੀਨ ਹਨ।

Tags:    

Similar News