328 ਸਰੂਪ ਮਾਮਲੇ ’ਚ FIR ਨੂੰ ਧਾਲੀਵਾਲ ਨੇ ਦੱਸਿਆ ਸਹੀ ਫੈਸਲਾ, SGPC ਪ੍ਰਧਾਨ ’ਤੇ ਤਿੱਖੇ ਸਵਾਲ

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਆਪ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ।

Update: 2025-12-08 08:48 GMT

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਆਪ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਲੰਘੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਠੋਸ ਕੰਮਾਂ ਦਾ ਅਸਰ ਜ਼ਮੀਨੀ ਪੱਧਰ ’ਤੇ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ।



ਧਾਲੀਵਾਲ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਸਖ਼ਤ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਮਾਰਚ ਮਹੀਨੇ ਤੋਂ ਸ਼ੁਰੂ ਕੀਤੇ ਗਏ ‘ਨਸ਼ਿਆਂ ਦੇ ਖ਼ਿਲਾਫ਼ ਯੁੱਧ’ ਦੇ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਮੁਤਾਬਕ, ਪੰਜਾਬ ਦੇ 50 ਫ਼ੀਸਦੀ ਤੋਂ ਵੱਧ ਪਿੰਡ ਨਸ਼ਾ ਮੁਕਤ ਹੋ ਚੁੰਕੇ ਹਨ ਅਤੇ 1000 ਤੋਂ ਵੀ ਵੱਧ ਪਿੰਡ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਘੋਸ਼ਿਤ ਕੀਤੇ ਜਾ ਚੁੱਕੇ ਹਨ। ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਲਈ ਸਰਕਾਰ ਵੱਲੋਂ 3100 ਪਿੰਡਾਂ ਵਿੱਚ ਖੇਡ ਸਟੇਡੀਅਮ ਤਿਆਰ ਕਰਵਾਏ ਗਏ ਹਨ, ਤਾਂ ਜੋ ਉਹ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਜੀ ਸਕਣ।


ਬਿਜਲੀ ਅਤੇ ਬੁਨਿਆਦੀ ਢਾਂਚੇ ’ਤੇ ਗੱਲ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੀ ਹੈ। ਨਾਲ ਹੀ ਪਿੰਡਾਂ ਵਿੱਚ ਲਿੰਕ ਰੋਡਾਂ ਦਾ ਵੱਡਾ ਜਾਲ ਬਿਛਾਇਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਈ ਹੈ, ਸਗੋਂ ਪਿੰਡਾਂ ਦੀ ਆਰਥਿਕ ਤੇ ਸਮਾਜਿਕ ਦਿਸ਼ਾ ਵੀ ਬਦਲੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 60 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।



328 ਸਰੂਪ ਮਾਮਲੇ ’ਤੇ ਟਿੱਪਣੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਕੋਈ ਛੋਟਾ ਮਾਮਲਾ ਨਹੀਂ ਸੀ ਅਤੇ ਇਸ ’ਚ ਐਫਆਈਆਰ ਦਰਜ ਹੋਣਾ ਬਿਲਕੁਲ ਸਹੀ ਤੇ ਲਾਜ਼ਮੀ ਕਦਮ ਹੈ। ਉਨ੍ਹਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪ੍ਰਧਾਨ ਨੂੰ ਖੁਦ ਅੱਗੇ ਆ ਕੇ ਜਾਂਚ ਲਈ ਸਹਿਯੋਗ ਕਰਨਾ ਚਾਹੀਦਾ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਜਿਸ ਦੀ ਵੀ ਭੂਮਿਕਾ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ।



ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਭ੍ਰਿਸ਼ਟਾਚਾਰ ਨਾਲ ਭਰਿਆ ਰਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ‘350 ਕਰੋੜ’ ਦੇ ਮਾਮਲੇ ’ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ ਸਿੱਧਾ ਤੇ ਸਪਸ਼ਟ ਜਵਾਬ ਮੰਗਿਆ।

Tags:    

Similar News