ਕੈਨੇਡਾ 'ਚ ਆਏ ਹੋਏ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀ ਰੋਜ਼ੀ ਰੋਟੀ ਕਮਾਉਣ ਲਈ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹਨ। ਸਕਿਉਰਿਟੀ ਗਾਰਡ ਦੀ ਨੌਕਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਸਕਿਉਰਿਟੀ ਗਾਰਡ ਦੀ ਨੌਕਰੀ ਕਰਨਾ ਸੌਖਾ ਕੰਮ ਨਹੀਂ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਸਕਿਉਰਿਟੀ ਗਾਰਡਜ਼ ਦੀ ਨੌਕਰੀ ਕਰ ਰਹੇ ਨੌਜਵਾਨਾਂ ਉੱਪਰ ਹੋ ਰਹੇ ਹਮਲਿਆਂ ਕਾਰਨ ਸਕਿਉਰਿਟੀ ਕਾਮਿਆਂ ਦੀ ਸੁਰੱਖਿਆ ਦੀ ਮੰਗ ਉੱਠ ਰਹੀ ਹੈ। ਸਕਿਉਰਿਟੀ ਗਾਰਡ ਵੱਖ-ਵੱਖ ਮਾਲਜ਼, ਅਪਾਰਟਮੈਂਟਸ, ਯੂਨੀਵਰਸਿਟੀਜ਼, ਲਾਈਬ੍ਰੇਰੀਜ਼, ਸਿਨੇਮਾਘਰਾਂ ਅਤੇ ਹੋਰ ਪਲਾਜ਼ਿਆਂ 'ਚ ਕੰਮ ਕਰਦੇ ਹਨ। ਸਕਿਉਰਿਟੀ ਗਾਰਡਜ਼ ਉੱਪਰ ਹਮਲੇ ਹੋਣ ਦੀਆਂ ਖ਼ਬਰਾਂ ਲਗਾਤਾਰ ਚਰਚਾ 'ਚ ਹਨ ਅਤੇ ਇਹਨਾਂ ਘਟਨਾਵਾਂ 'ਚ ਨੌਜਵਾਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ। ਅਕਸਰ ਹੀ ਅਜਿਹੇ ਹਾਲਾਤਾਂ ਦੇ ਸ਼ਿਕਾਰ ਕੈਨੇਡਾ 'ਚ ਪੜ੍ਹਾਈ ਕਰਨ ਲਈ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਹੀ ਹੁੰਦੇ ਹਨ ਜੋ ਨਵੇਂ-ਨਵੇਂ ਕੈਨੇਡਾ ਆਏ ਹੁੰਦੇ ਹਨ।
ਐਡਮੰਟਨ 'ਚ ਦਸੰਬਰ ਮਹੀਨੇ ਦੌਰਾਨ ਹਰਸ਼ਾਨਦੀਪ ਸਿੰਘ ਦੇ ਕਤਲ ਦਾ ਮਾਮਲਾ ਦਾ ਸਾਹਮਣੇ ਆਇਆ ਸੀ ਜੋ ਕਿ ਸਕਿਉਰਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ। ਹਰਸ਼ਾਨਦੀਪ ਸਿੰਘ ਜੋ ਕਿ ਕਰੀਬ 18 ਮਹੀਨੇ ਪਹਿਲਾਂ ਪੜ੍ਹਾਈ ਕਰਨ ਸਟੱਡੀ ਵੀਜ਼ੇ ਉੱਪਰ ਕੈਨੇਡਾ ਆਇਆ ਸੀ। ਲੰਘੇ ਸਾਲ ਅਗਸਤ ਮਹੀਨੇ ਔਸ਼ਵਾ 'ਚ ਇਕ ਸਕਿਉਰਿਟੀ ਗਾਰਡ ਉੱਪਰ ਹਮਲਾ ਹੋਇਆ ਸੀ। ਦਸੰਬਰ ਮਹੀਨੇ ਦੌਰਾਨ ਕੁੱਝ ਵਿਅਕਤੀਆਂ ਵੱਲੋ ਵਿਨੀਪੈਗ 'ਚ ਇਕ ਸਕਿਉਰਿਟੀ ਗਾਰਡ ਉੱਪਰ ਹਮਲਾ ਕੀਤਾ ਗਿਆ ਸੀ। 2022 ਦੌਰਾਨ ਕਪੂਰਥਲਾ ਸ਼ਹਿਰ ਨਾਲ ਸੰਬੰਧਿਤ 24 ਸਾਲ ਦੀ ਹਰਮਨਦੀਪ ਕੌਰ ਦਾ ਉਸ ਸਮੇਂ ਕਤਲ ਹੋਇਆ ਸੀ ਜਦੋਂ ਉਹ ਯੂਨੀਵਰਸਿਟੀ ਔਫ਼ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਕੈਂਪਸ 'ਚ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰ ਰਹੀ ਸੀ। ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿੰਨ੍ਹਾਂ 'ਚ ਸਕਿਉਰਿਟੀ ਗਾਰਡਾਂ ਉੱਪਰ ਹਮਲੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾ ਬਚਾਅ ਹੋ ਜਾਂਦਾ ਹੈ। ਐੱਲਸੀਬੀਓ ਸਟੋਰਾਂ 'ਤੇ ਸਕਿਉਰਿਟੀ ਗਾਰਡਾਂ ਉੱਪਰ ਬਹੁਤ ਹਮਲੇ ਕੀਤੇ ਜਾਂਦੇ ਹਨ।
ਸਕਿਉਰਿਟੀ ਦੇ ਕਿੱਤੇ ਨਾਲ ਜੁੜੇ ਹੋਏ ਮਾਹਰਾਂ ਦਾ ਕਹਿਣਾ ਹੈ ਕਿ ਇਹ ਕੰਮ ਆਸਾਨ ਨਹੀਂ ਹੈ। ਸਕਿਉਰਟੀ ਦਾ ਕਿੱਤਾ ਹੁਣ ਉਹ ਨਹੀਂ ਰਿਹਾ ਜੋ ਅੱਜ ਤੋਂ ਕੁਝ ਦਹਾਕੇ ਪਹਿਲਾਂ ਸੀ। ਸਕਿਉਰਿਟੀ ਗਾਰਡ ਦਾ ਕੰਮ ਜ਼ੋਖਮ ਭਰਿਆ ਹੈ ਪਰ ਫ਼ਿਰ ਵੀ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਇਹ ਇਕ ਆਰਾਮਦਾਇਕ ਨੌਕਰੀ ਹੈ, ਜਿਸਨੂੰ ਆਰਾਮ ਨਾਲ ਬੈਠ ਕੇ ਕੀਤਾ ਜਾ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਕਿਉਰਿਟੀ ਗਾਰਡ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਸਕਿਉਰਟੀ ਗਾਰਡਾਂ ਕੋਲ ਆਮ ਨਾਗਰਿਕਾਂ ਨਾਲੋਂ ਕੋਈ ਵਧੇਰੇ ਕਾਨੂੰਨੀ ਸ਼ਕਤੀਆਂ ਨਹੀਂ ਹੁੰਦੀਆਂ। ਉਨ੍ਹਾਂ ਕੋਲ ਆਪਣੀ ਸੁਰੱਖਿਆ ਲਈ ਵੀ ਕੋਈ ਸਾਧਨ ਨਹੀਂ ਹੁੰਦੇ। ਸਕਿਉਰਿਟੀ ਗਾਰਡ ਦੀ ਨੌਕਰੀ ਕਰ ਚੁੱਕੇ ਮਾਹਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਕਿਉਰਿਟੀ ਗਾਰਡਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਮਾਹਰਾਂ ਵੱਲੋਂ ਇੱਕੋ ਸ਼ਿਫਟ ਉੱਪਰ ਦੋ ਗਾਰਡਾਂ ਨੂੰ ਤਾਇਨਾਤ ਕਰਨ ਦੇ ਸੁਝਾਅ ਵੀ ਦਿੱਤੇ ਜਾ ਰਹੇ ਹਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।
ਟ੍ਰੇਨਿੰਗ ਅਤੇ ਲਾਇਸੈਂਸਿੰਗ ਪ੍ਰਕਿਰਿਆ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਪਰ ਸਰਕਾਰਾਂ ਅਜਿਹਾ ਕਰਨ ਲਈ ਸੁਹਿਰਦ ਨਹੀਂ ਹਨ। ਮਾਹਰਾਂ ਅਨੁਸਾਰ ਸਰੀਰਕ ਤੌਰ 'ਤੇ ਤੰਦਰੁਸਤੀ ਲਈ ਸੰਤੁਲਿਤ ਭੋਜਨ ਅਤੇ ਕਸਰਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਨਵੇਂ ਆ ਰਹੇ ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਵਸਤੂ ਜ਼ਿੰਦਗੀ ਨਾਲੋਂ ਅਹਿਮ ਨਹੀਂ ਹੈ। ਜੇਕਰ ਕਾਮੇ ਨੂੰ ਲੱਗੇ ਕਿ ਉਸਨੂੰ ਕਿਸੇ ਅਜਿਹੀ ਥਾਂ 'ਤੇ ਭੇਜਿਆ ਜਾ ਰਿਹਾ ਹੈ, ਜੋ ਕਿ ਸੁਰੱਖਿਅਤ ਨਹੀਂ ਹੈ, ਤਾਂ ਕਰਮਚਾਰੀ ਉਕਤ ਥਾਂ 'ਤੇ ਜਾਣ ਤੋਂ ਇਨਕਾਰ ਕਰ ਸਕਦਾ ਹੈ ਅਤੇ ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਸਹੀ ਹੈ। ਮਾਹਰਾਂ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਦੌਰਾਨ ਨੌਜਵਾਨਾਂ ਨੂੰ ਆਪਣੀ ਸੁਰੱਖਿਆ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ। ਸਾਹਮਣੇ ਵਾਲੇ ਵਿਅਕਤੀ ਕੋਲ ਕੋਈ ਵੀ ਹਥਿਆਰ ਹੋ ਸਕਦਾ ਹੈ। ਫਿਲਹਾਲ ਸਕਿਉਰਿਟੀ ਗਾਰਡਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।