ਵੱਡੀ ਖ਼ਬਰ : ਕਸ਼ਮੀਰ ’ਚ ਹਮਲਿਆਂ ਮਗਰੋਂ ਪਠਾਨਕੋਟ ’ਚ ਅਲਰਟ
ਜੰਮੂ ਕਸ਼ਮੀਰ ਵਿਚ ਪਿਛਲੇ ਦਿਨੀਂ ਹੋਏ ਸਿਲਸਿਲੇਵਾਰ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਏ, ਜਿਸ ਦੇ ਚਲਦਿਆਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਐ।;
ਪਠਾਨਕੋਟ (ਸ਼ਾਹ) : ਜੰਮੂ ਕਸ਼ਮੀਰ ਵਿਚ ਪਿਛਲੇ ਦਿਨੀਂ ਹੋਏ ਸਿਲਸਿਲੇਵਾਰ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਏ, ਜਿਸ ਦੇ ਚਲਦਿਆਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਐ। ਅਲਰਟ ਹੋਣ ਮਗਰੋਂ ਪਠਾਨਕੋਟ ਪੁਲਿਸ, ਸਵੈਟ ਟੀਮ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ’ਤੇ ਬਮਿਆਲ ਖੇਤਰ ਦੀ ਸੈਕੰਡ ਲਾਈਨ ਆਫ਼ ਡਿਫੈਂਸ ਵਿਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਏ।
ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਪਠਾਨਕੋਟ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਏ, ਜਿਸ ਦੇ ਚਲਦਿਆਂ 400 ਜਵਾਨਾਂ ਵੱਲੋਂ ਸਰਹੱਦ ਨਾਲ ਲਗਦੇ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਐ। ਪਠਾਨਕੋਟ ਪੁਲਿਸ, ਸਵੈਟ ਟੀਮ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ’ਤੇ ਬਮਿਆਲ ਖੇਤਰ ਦੀ ਸੈਕੰਡ ਲਾਈਨ ਆਫ਼ ਡਿਫੈਂਸ ’ਤੇ ਕਰੀਬ ਤਿੰਨ ਘੰਟੇ ਤੱਕ ਸਰਚ ਮੁਹਿੰਮ ਚਲਾਈ ਗਈ, ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਪੁਲਿਸ ਦੇ ਹੱਥ ਨਹੀਂ ਲੱਗੀ। ਇਸ ਸਰਚ ਅਪਰੇਸ਼ਨ ਵਿਚ ਇਕ ਡੀਐਸਪੀ, ਤਿੰਨ ਐਸਐਚਓ ਅਤੇ ਬੀਐਸਐਫ ਦੇ ਜਵਾਨਾਂ ਸਮੇਤ ਕੁੱਲ 400 ਜਵਾਨ ਮੌਜੂਦ ਸਨ। ਫ਼ੌਜੀ ਜਵਾਨਾਂ ਨੇ ਸਰਹੱਦ ਨੇੜੇ ਰਹਿੰਦੇ ਗੁੱਜਰਾਂ ਦੇ ਡੇਰਿਆਂ ਅਤੇ ਸ਼ੱਕੀ ਲੋਕਾਂ ਦੇ ਪਛਾਣ ਪੱਤਰ ਚੈੱਕ ਕੀਤੇ ਅਤੇ ਖਾਲੀ ਥਾਵਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ।
ਦਰਅਸਲ ਪਾਕਿਸਤਾਨੀ ਤਸਕਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਵਿਚ ਜੰਮੂ ਕਸ਼ਮੀਰ ਵਿਚ ਦੋ ਵਾਰ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਿਆ ਏ। ਜ਼ਿਲ੍ਹੇ ਵਿਚ ਵੀ ਅੱਤਵਾਦੀ ਘਟਨਾਵਾਂ ਦੀਆਂ ਧਮਕੀਆਂ ਮਿਲ ਚੁੱਕੀਆ ਨੇ ਕਿਉਂਕਿ ਪਠਾਨਕੋਟ ਦੇ ਨਾਲ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲਗਦੀ ਐ, ਜਿਸ ਕਰਕੇ ਅੱਤਵਾਦੀ ਹਰ ਸਮੇਂ ਆਪਣੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਰਹਿੰਦੇ ਨੇ। ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਮਨਜੀਤ ਸਿੰਘ ਨੇ ਆਖਿਆ ਕਿ ਅੱਜ ਜਿਹੜੀ ਸਰਚ ਮੁਹਿੰਮ ਚਲਾਈ ਗਈ ਐ, ਉਹ ਸੁਰੱਖਿਆ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਚਲਾਈ ਗਈ ਐ ਕਿਉਂਕਿ ਸਰਹੱਦ ਪਾਰ ਬੈਠੇ ਤਸਕਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।
ਇਸ ਤੋਂ ਇਲਾਵਾ ਸੁਰੱਖਿਆ ਬਲਾਂ ਵੱਲੋਂ ਸਰਹੱਦ ਨਾਲ ਲਗਦੇ ਪਿੰਡ ਸਿੰਬਲ ਸਕੋਲ, ਢੀਂਡਾ ਸਮੇਤ ਪੰਜ ਪਿੰਡਾਂ ਦੇ ਖੇਤ, ਇਲਾਕੇ ਵਿਚ ਵਗਦੀ ਨਦੀ, ਨਾਲੇ ਅਤੇ ਸੁੰਨਸਾਨ ਪਏ ਘਰ, ਮੋਟਰਾਂ ਦੇ ਕੋਠਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਰਹੱਦੀ ਖੇਤਰ ਵਿਚ ਸਥਾਪਿਤ ਕੀਤੀ ਗਈ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਵੀ ਕਿਹਾ ਗਿਆ ਏ ਕਿ ਉਹ ਖੇਤਰ ਵਿਚ ਕਿਤੇ ਵੀ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ, ਜਿੱਥੇ ਕਿਤੇ ਵੀ ਕੋਈ ਸ਼ੱਕੀ ਗ਼ਤੀਵਿਧੀ ਦਿਖਾਈ ਦਿੰਦੀ ਐ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਨ। ਪੁਲਿਸ ਵੱਲੋਂ ਵੀ ਪੂਰੇ ਖੇਤਰ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਐ ਅਤੇ ਇਲਾਕੇ ਵਿਚ ਦਾਖ਼ਲ ਹੋਣ ਵਾਲੇ ਬਦਲਵੇਂ ਮਾਰਗਾਂ ਅਤੇ ਹਾਈਟੈਕ ਨਾਕਿਆਂ ’ਤੇ ਨਾਕਾਬੰਦੀ ਕਰਕੇ ਹਰ ਗੱਡੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਸਰਹੱਦੀ ਖੇਤਰ ਹੋਣ ਕਰਕੇ ਪਠਾਨਕੋਟ ਅਕਸਰ ਅੱਤਵਾਦੀਆਂ ਅਤੇ ਤਸਕਰਾਂ ਦੇ ਨਿਸ਼ਾਨੇ ’ਤੇ ਰਹਿੰਦਾ ਏ, ਪਹਿਲਾਂ ਵੀ ਇੱਥੇ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ ਦੇ ਚੁੱਕੇ ਨੇ ਪਰ ਸਾਡੇ ਫ਼ੌਜੀ ਜਵਾਨ ਲਗਾਤਾਰ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੇ ਨੇ ਤਾਂ ਜੋ ਇਲਾਕੇ ਵਿਚ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।