sixth Guru ਜੀ ਦੇ ਪਾਵਨ ਵਿਆਹ-ਪੁਰਬ ਮੌਕੇ ਵਿਸ਼ਾਲ Nagar Kirtan ਦਾ ਆਯੋਜਨ, ਹਜ਼ਾਰਾਂ ਹੀ ਸੰਗਤਾ ਨੇ ਭਰੀ ਹਾਜ਼ਰੀ
ਅੰਮ੍ਰਿਤਸਰ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਵਿਆਹ-ਪੁਰਬ ਦੇ ਸਬੰਧ ਵਿੱਚ ਅੱਜ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਵਿਆਹ-ਪੁਰਬ ਦੇ ਸਬੰਧ ਵਿੱਚ ਅੱਜ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਸ੍ਰੀ ਗੁਰੂ ਹਰਿਗੋਬਿੰਦ ਵਿਆਹ-ਪੁਰਬ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਨਗਰਕੀਰਤਨ ਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਨਗਰ ਕੀਰਤਨ ਸੁਸਾਇਟੀ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਪੱਪੀ ਅਤੇ ਸੁਖਰਾਜ ਸਿੰਘ ਦੀ ਦੇਖ-ਰੇਖ ਹੇਠ ਭਗਤੀਮਈ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ।
ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਹੋਈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਤਰੀਕੇ ਨਾਲ ਸਜੀ ਪਾਲਕੀ ਸਾਹਿਬ ਵਿੱਚ ਸ਼ੋਭਾ ਯਾਤਰਾ ਰੂਪ ਵਿੱਚ ਅੱਗੇ ਵਧਾਇਆ ਗਿਆ। ਜਿਵੇਂ ਹੀ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ ਵਿਚੋਂ ਲੰਘਿਆ, ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ “ਵਾਹਿਗੁਰੂ” ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਸਾਰਾ ਇਲਾਕਾ ਗੁਰਬਾਣੀ ਦੇ ਸ਼ਬਦਾਂ ਅਤੇ ਸ਼ਰਧਾ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।
ਰਸਤੇ ਦੌਰਾਨ ਗਤਕਾ ਪਾਰਟੀਆਂ ਵੱਲੋਂ ਸ਼ੌਰਿਆਮਈ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਬਹਾਦਰੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਦੇ ਨਾਲ ਹੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਦੀ ਰਸਭਿੰਨੀ ਧੁਨ ਨਾਲ ਸੰਗਤਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੋਇਆ।