ਪਾਣੀ ’ਚ ਤੈਰਨ ਵਾਲੇ ਊਠਾਂ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ
ਊਠ ਰੇਗਿਸਤਾਨ ਵਿਚ ਚਲਦੇ ਨੇ, ਇਹ ਤਾਂ ਅਸੀਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਪਰ ਜੇਕਰ ਕੋਈ ਇਹ ਆਖੇ ਕਿ ਪਾਣੀ ਵਿਚ ਤੈਰਨ ਵਾਲੇ ਊਠ ਵੀ ਹੁੰਦੇ ਹਨ ਤਾਂ ਸਾਨੂੰ ਹੈਰਾਨੀ ਹੋਵੇਗੀ।
ਕੱਛ: ਅਸੀਂ ਅਕਸਰ ਇਹ ਸੁਣਦੇ ਆ ਰਹੇ ਆਂ ਕਿ ਊਠ ਸਿਰਫ਼ ਰੇਗਿਸਤਾਨ ਵਿਚ ਚੱਲ ਸਕਦਾ ਏ, ਜਿਸ ਕਰਕੇ ਉਸ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਏ ਪਰ ਕੀ ਤੁਸੀਂ ਊਠਾਂ ਦੀ ਇਕ ਅਜਿਹੀ ਪ੍ਰਜਾਤੀ ਬਾਰੇ ਜਾਣਦੇ ਹੋ ਜੋ ਪਾਣੀ ਵਿਚ ਤੈਰਦੀ ਹੋਵੇ.. ਜੀ ਹਾਂ, ਊਠਾਂ ਦੀ ਇਹ ਖ਼ਾਸ ਪ੍ਰਜਾਤੀ ਕਿਤੇ ਹੋਰ ਨਹੀਂ ਬਲਕਿ ਭਾਰਤ ਵਿਚ ਪਾਈ ਜਾਂਦੀ ਐ, ਜਿਸ ਨੂੰ ਖਰਾਈ ਊਠ ਕਿਹਾ ਜਾਂਦਾ ਏ।
ਊਠ ਰੇਗਿਸਤਾਨ ਵਿਚ ਚਲਦੇ ਨੇ, ਇਹ ਤਾਂ ਅਸੀਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਪਰ ਜੇਕਰ ਕੋਈ ਇਹ ਆਖੇ ਕਿ ਪਾਣੀ ਵਿਚ ਤੈਰਨ ਵਾਲੇ ਊਠ ਵੀ ਹੁੰਦੇ ਨੇ ਤਾਂ ਸਾਨੂੰ ਹੈਰਾਨੀ ਹੋਵੇਗੀ,, ਪਰ ਇਹ ਬਿਲਕੁਲ ਸੱਚ ਐ। ਊਠਾਂ ਦੀ ਇਸ ਪ੍ਰਜਾਤੀ ਨੂੰ ਖਰਾਈ ਊਠ ਕਿਹਾ ਜਾਂਦਾ ਏ ਅਤੇ Çੲਹ ਭਾਰਤ ਵਿਚ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਨਮਕ ਦਲਦਲ ਵਿਚ ਪਾਈ ਜਾਣ ਵਾਲੀ ਇਕ ਦੁਰਲਭ ਨਸਲ ਐ। ਇਨ੍ਹਾਂ ਦਾ ਨਾਮ ਸਥਾਨਕ ਸ਼ਬਦ ਖਾਰਾਈ ਤੋਂ ਲਿਆ ਗਿਆ ਏ, ਜਿਸ ਦਾ ਅਰਥ ਐ ਖਾਰਾ। ਯਾਨੀ ਇਹ ਊਠ ਖਾਰੇ ਰੇਗਿਸਤਾਨੀ ਵਾਤਾਵਰਣ ਲਈ ਚੰਗੀ ਤਰ੍ਹਾਂ ਅਨੁਕੂਲ ਹੁੰਦੇ ਨੇ ਅਤੇ ਆਪਣੀ ਤੈਰਨ ਦੀ ਸਮਰੱਥਾ ਦੇ ਲਈ ਜਾਣੇ ਜਾਂਦੇ ਨੇ। ਇਸ ਕਰਕੇ ਇਨ੍ਹਾਂ ਨੂੰ ‘ਤੈਰਾਕੀ ਊਠ’ ਵੀ ਕਿਹਾ ਜਾਂਦਾ ਏ। ਖਾਰਾਈ ਪ੍ਰਜਾਤੀ ਕੱਛ ਦੇ ਵੋਂਧ, ਸੂਰਜਬਾੜੀ, ਅੰਬਲਿਆਰਾ, ਜੰਗੀ ਤੱਕ ਸਮੁੰਦਰ ਖਾੜੀ ਵਿਚ ਜ਼ਿਆਦਾ ਪਾਏ ਜਾਂਦੇ ਨੇ।
ਕੱਛ ਵਿਚ ਖਾਰਾਈ ਕਿਸਮ ਦੇ ਊਠ ‘ਮੈਂਗਰੂਵ’ ਵਨਸਪਤੀ ਚਰਨ ਲਈ ਰੋਜ਼ਾਨਾ ਸਮੁੰਦਰ ਦੀ ਖ਼ਾਕ ਛਾਣਦੇ ਨੇ। ਮੁੰਦਰਾ ਤੱਟ ’ਤੇ ਸਮੁੰਦਰ ਦੇ ਅੰਦਰ ਲੱਗਣ ਵਾਲੀ ਮੈਂਗਰੂਵ ਵਨਸਪਤੀ ਹੀ ਇਸ ਖਾਰਾਈ ਊਠ ਦਾ ਮੁੱਖ ਭੋਜਨ ਐ, ਇਸ ਦੇ ਕਾਰਨ ਹੀ ਇਹ ਊਠ ਰੋਜ਼ਾਨਾ 5 ਤੋਂ 7 ਕਿਲੋਮੀਟਰ ਤੱਕ ਪਾਣੀ ਵਿਚ ਤੈਰ ਕੇ ਮੈਂਗਰੂਵ ਵਨਸਪਤੀ ਤੱਕ ਪਹੁੰਚਦੇ ਨੇ। ਸਮੁੰਦਰ ਵਿਚ ਇੰਨਾ ਲੰਬਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਣ ਵਾਲੇ ਊਠ ਭਾਰਤ ਵਿਚ ਸਿਰਫ਼ ਕੱਛ ਇਲਾਕੇ ਵਿਚ ਹੀ ਪਾਏ ਜਾਂਦੇ ਹਨ।
ਜ਼ਮੀਨ ’ਤੇ ਦੌੜਨ, ਰੇਗਿਸਤਾਨ ਵਿਚ ਚੱਲਣ ਅਤੇ ਸਮੁੰਦਰ ਵਿਚ ਤੈਰਨ ਦੀ ਸਮਰੱਥਾ ਰੱਖਣ ਵਾਲੇ ਖਾਰਾਈ ਊਠ ਹੋਰ ਊਠਾਂ ਦੇ ਮੁਕਾਬਲੇ ਵੱਖਰੇ ਹੁੰਦੇ ਨੇ। ਇਹ ਊਠ ਵਜ਼ਨ ਵਿਚ ਹਲਕੇ ਹੁੰਦੇ ਨੇ। ਇਨ੍ਹਾਂ ਊਠਾਂ ਦੇ ਕੰਨ ਛੋਟੇ ਹੁੰਦੇ ਨੇ ਅਤੇ ਇਨ੍ਹਾਂ ਦੀ ਢੁੱਠ ਵੀ ਛੋਟੀ ਹੁੰਦੀ ਐ। ਇਕ ਰਿਪੋਰਟ ਦੇ ਮੁਤਾਬਕ ਸਾਲ 2012 ਵਿਚ ਇਸ ਪ੍ਰਜਾਤੀ ਦੇ ਊਠਾਂ ਦੀ ਗਿਣਤੀ ਚਾਰ ਹਜ਼ਾਰ ਦੇ ਕਰੀਬ ਸੀ ਜੋ ਹੁਣ ਘਟ ਕੇ ਮਹਿਜ਼ ਦੋ ਹਜ਼ਾਰ ਰਹਿ ਗਈ ਐ। ਇਸ ਕਾਰਨ ਚੇਰ ਵਨਸਪਤੀ ਦੀ ਕਟਾਈ ਨੂੰ ਮੰਨਿਆ ਜਾਂਦਾ ਏ ਜੋ ਇਨ੍ਹਾਂ ਊਠਾਂ ਦਾ ਪਸੰਦੀਦਾ ਖਾਣਾ ਮੰਨਿਆ ਜਾਂਦਾ ਹਨ।
ਕੱਛ ਵਿਚ ਰਬਾਰੀ, ਮੁਸਲਿਮ ਅਤੇ ਸਮਾ ਜਾਤੀ ਦੇ ਲੋਕ ਊਠ ਪਾਲਣ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ। ਸਥਾਨਕ ਪੱਧਰ ’ਤੇ ਨਰ ਊਠ ਦੀ ਵਰਤੋਂ ਮਾਲ ਢੋਆ ਢੋਆਈ ਲਈ ਕੀਤੀ ਜਾਂਦੀ ਐ, ਜਦਕਿ ਊਠਣੀ ਦੇ ਦੁੱਧ ਨੂੰ ਵੇਚ ਕੇ ਪੈਸਾ ਕਮਾਇਆ ਜਾਂਦਾ ਏ। ਊਠਣੀ ਦਾ ਦੁੱਧ ਕਾਫ਼ੀ ਮਹਿੰਗਾ ਵਿਕਦਾ ਏ, ਜਿਸ ਕਰਕੇ ਹੁਣ ਊਠਣੀ ਦੇ ਦੁੱਧ ਦਾ ਇਕ ਵੱਡਾ ਬਜ਼ਾਰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਇੱਥੋਂ ਦੇ ਇਲਾਕਿਆਂ ਵਿਚ ਊਠਣੀ ਦੇ ਦੁੱਧ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਐ, ਜਿਸ ਦੀ ਮਦਦ ਨਾਲ ਕਈ ਖੁਰਾਕੀ ਪਦਾਰਥ ਤਿਆਰ ਕੀਤੇ ਜਾਂਦੇ ਨੇ ਅਤੇ ਇਹ ਸਿਹਤ ਦੇ ਲਿਹਾਜ ਨਾਲ ਵੀ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਏ। ਇਸੇ ਕਰਕੇ ਆਸਪਾਸ ਦੇ ਇਲਾਕਿਆਂ ਵਿਚ ਊਠਣੀ ਦੇ ਦੁੱਧ ਦੀ ਕਾਫ਼ੀ ਜ਼ਿਆਦਾ ਮੰਗ ਐ। ਇਸ ਤੋਂ ਇਲਾਵਾ ਲੋਕਾਂ ਵਿਚ ਇਹ ਵੀ ਧਾਰਨਾ ਬਣੀ ਹੋਈ ਐ ਕਿ ਊਠਣੀ ਦਾ ਦੁੱਧ ਪੀਣ ਨਾਲ ਮਿਰਗੀ, ਡਾਇਬਟੀਜ਼ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਏ। ਖ਼ੈਰ,,, ਕੁੱਝ ਵੀ ਹੋਵੇ ਪਰ ਇਨ੍ਹਾਂ ਤੈਰਨ ਵਾਲੇ ਊਠਾਂ ਨੂੰ ਦੇਖ ਕੇ ਅਤੇ ਇਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹਨ।
ਰਿਪੋਰਟ- ਮੱਖਣ ਸ਼ਾਹ