ਪਤਨੀ ਨੇ ਡੰਗਿਆ ਪਤੀ, ਇਲਜ਼ਾਮ ਲਾਇਆ ਸੱਪ ’ਤੇ!
ਪਤਨੀ ਵੱਲੋਂ ਆਪਣੇ ਮਰਚੈਂਟ ਨੇਵੀ ਅਫ਼ਸਰ ਪਤੀ ਦੇ ਹੱਤਿਆ ਕਾਂਡ ਤੋਂ ਬਾਅਦ ਹੁਣ ਅਜਿਹੀ ਹੀ ਇਕ ਹੋਰ ਵਾਰਦਾਤ ਸਾਹਮਣੇ ਆਈ ਐ, ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਨੂੰ ਸੱਪ ਤੋਂ ਡੰਗ ਮਰਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮੇਰਠ : ਪਤਨੀ ਵੱਲੋਂ ਆਪਣੇ ਮਰਚੈਂਟ ਨੇਵੀ ਅਫ਼ਸਰ ਪਤੀ ਦੇ ਹੱਤਿਆ ਕਾਂਡ ਤੋਂ ਬਾਅਦ ਹੁਣ ਅਜਿਹੀ ਹੀ ਇਕ ਹੋਰ ਵਾਰਦਾਤ ਸਾਹਮਣੇ ਆਈ ਐ, ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਨੂੰ ਸੱਪ ਤੋਂ ਡੰਗ ਮਰਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਮਗਰੋਂ ਪਤਨੀ ਦੂਜੇ ਕਮਰੇ ਵਿਚ ਜਾ ਕੇ ਸੌਂ ਗਈ, ਸਵੇਰੇ ਜਦੋਂ ਪਰਿਵਾਰ ਵਾਲੇ ਉਠੇ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਹੇਠਾਂ ਇਕ ਜ਼ਿੰਦਾ ਸੱਪ ਵੀ ਦਬਿਆ ਹੋਇਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿੱਥੇ ਵਾਪਰੀ ਇਹ ਰੂਹ ਕੰਬਾਊ ਘਟਨਾ ਅਤੇ ਕੀ ਐ ਪੂਰਾ ਮਾਮਲਾ?
ਮੇਰਠ ਵਿਚ ਬੀਤੇ ਦਿਨੀਂ ਇਕ ਪਤਨੀ ਨੇ ਆਪਣੇ ਨੇਵੀ ਅਫ਼ਸਰ ਪਤੀ ਨੂੰ ਜਾਨੋਂ ਮਾਰ ਕੇ ਇਕ ਡਰੰਮ ਵਿਚ ਉਸ ਦੀ ਲਾਸ਼ ਟੁਕੜੇ ਪਾ ਦਿੱਤੇ ਸੀ ਪਰ ਹੁਣ ਮੇਰਠ ਦੇ ਹੀ ਪਿੰਡ ਅਕਬਰਪੁਰ ਸਾਦਾਤ ਤੋਂ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੇ ਸੱਪ ਤੋਂ 10 ਵਾਰ ਡੰਗ ਮਰਵਾ ਕੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਇੱਥੇ ਹੀ ਬਸ ਨਹੀਂ, ਉਸ ਨੇ ਜ਼ਿੰਦਾ ਸੱਪ ਨੂੰ ਆਪਣੇ ਪਤੀ ਦੀ ਲਾਸ਼ ਦੇ ਹੇਠਾਂ ਹੀ ਦਬਾ ਦਿੱਤਾ ਜੋ ਰਾਤ ਭਰ ਉਥੇ ਹੀ ਫਸਿਆ ਰਿਹਾ। ਵਾਰਦਾਤ ਕਰਨ ਤੋਂ ਬਾਅਦ ਪਤਨੀ ਦੂਜੇ ਕਮਰੇ ਵਿਚ ਜਾ ਕੇ ਸੌਂ ਗਈ।
ਸਵੇਰੇ ਜਦੋਂ ਪਰਿਵਾਰਕ ਮੈਂਬਰ ਅਮਿਤ ਨੂੰ ਉਠਾਉਣ ਲਈ ਉਸ ਦੇ ਕਮਰੇ ਵਿਚ ਗਏ ਤਾਂ ਦੇਖਿਆ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਹੇਠਾਂ ਇਕ ਜਿੰਦਾ ਸੱਪ ਦਬਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੂੰ ਲੱਗਿਆ ਕਿ ਅਮਿਤ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਈ ਐ। ਇਸ ਦੌਰਾਨ ਜਦੋਂ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਟੱਸ ਤੋਂ ਮੱਸ ਨਹੀਂ ਹੋ ਰਿਹਾ ਸੀ, ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਇਕ ਸਪੇਰੇ ਨੂੰ ਬੁਲਵਾਇਆ ਜੋ ਸੱਪ ਨੂੰ ਫੜ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿਚ ਪਰਿਵਾਰ ਨੇ ਦੇਖਿਆ ਤਾਂ ਅਮਿਤ ਦੇ ਸਰੀਰ ’ਤੇ ਸੱਪ ਦੇ ਡੱਸਣ ਦੇ 10 ਨਿਸ਼ਾਨ ਦਿਖਾਈ ਦਿੱਤੇ।
ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਜਦੋਂ ਦੇਰ ਸ਼ਾਮ ਪੋਸਟਮਾਰਟਮ ਦੀ ਰਿਪੋਰਟ ਆਈ, ਜਿਸ ਵਿਚ ਪਤਾ ਚੱਲਿਆ ਕਿ ਅਮਿਤ ਦੀ ਮੌਤ ਸੱਪ ਦੇ ਡੱਸਣ ਨਾਲ ਨਹੀਂ ਬਲਕਿ ਦਮ ਘੁਟਣ ਕਾਰਨ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਕਤਲ ਦਾ ਸ਼ੱਕ ਹੋਇਆ ਅਤੇ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਪਹਿਲਾਂ ਪਤਨੀ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛਗਿੱਛ ਕੀਤੀ ਪਰ ਪਤਨੀ ਨੇ ਕੁੱਝ ਨਹੀਂ ਦੱਸਿਆ। ਪੁਲਿਸ ਨੂੰ ਕੁੱਝ ਨਾ ਕੁੱਝ ਸ਼ੱਕ ਜ਼ਰੂਰ ਹੋ ਰਿਹਾ ਸੀ, ਜਿਸ ਕਰਕੇ ਪੁਲਿਸ ਨੇ ਜਦੋਂ ਥੋੜ੍ਹੀ ਜਿਹੀ ਸਖ਼ਤੀ ਕੀਤੀ ਤਾਂ ਪਤਨੀ ਨੇ ਆਪਣੇ ਪ੍ਰੇਮੀ ਦਾ ਨਾਮ ਪੁਲਿਸ ਨੂੰ ਦੱਸ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਔਰਤ ਦਾ ਪ੍ਰੇਮੀ ਅਮਰਦੀਪ ਵੀ ਅਮਿਤ ਦੇ ਪਿੰਡ ਦਾ ਹੀ ਰਹਿਣ ਵਾਲਾ ਐ, ਉਹ ਦੋਸਤ ਸਨ ਅਤੇ ਇਕੱਠੇ ਕੰਮ ਵੀ ਕਰਦੇ ਰਹੇ ਨੇ। ਉਹ ਅਮਿਤ ਦੇ ਘਰ ਆਉਂਦਾ ਜਾਂਦਾ ਸੀ, ਜਿਸ ਦੌਰਾਨ ਉਸ ਦਾ ਅਮਿਤ ਦੀ ਪਤਨੀ ਦੇ ਨਾਲ ਅਫੇਅਰ ਹੋ ਗਿਆ। ਇਸੇ ਦੌਰਾਨ ਅਮਿਤ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਅਮਿਤ ਨੂੰ ਰਾਹ ਵਿਚੋਂ ਸਦਾ ਲਈ ਹਟਾਉਣ ਦੀ ਯੋਜਨਾ ਬਣਾਈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵਾਲੇ ਦਿਨ ਅਮਿਤ ਦੀ ਪਤਨੀ ਰਵਿਤਾ ਆਪਣੇ ਪਤੀ ਦੇ ਨਾਲ ਸਹਾਰਾਨਪੁਰ ਵਿਚ ਮਾਂ ਸ਼ਾਂਕੁੰਭਰੀ ਦੇਵੀ ਦੇ ਦਰਸ਼ਨਾਂ ਲਈ ਗਈ ਸੀ, ਵਾਪਸੀ ਸਮੇਂ ਉਸ ਨੇ ਪ੍ਰੇਮੀ ਅਮਰਦੀਪ ਨੂੰ ਫ਼ੋਨ ਕੀਤਾ ਕਿ ਕਿਤੋਂ ਸੱਪ ਦਾ ਇੰਤਜ਼ਾਮ ਕਰਕੇ ਰੱਖ,, ਅੱਜ ਰਾਤ ਅਮਿਤ ਦਾ ਕੰਮ ਤਮਾਮ ਕਰਨਾ ਹੈ। ਇਸ ਤੋਂ ਬਾਅਦ ਅਮਰਦੀਪ ਨੇ ਪਿੰਡ ਮਹਿਮੂਦਪੁਰ ਸਿਖੇੜਾ ਦੇ ਇਕ ਸਪੇਰੇ ਤੋਂ ਇਕ ਹਜ਼ਾਰ ਰੁਪਏ ਵਿਚ ਇਕ ਵਾਈਪਰ ਸਨੇਕ ਖ਼ਰੀਦਿਆ ਅਤੇ ਫਿਰ ਰਾਤ ਨੂੰ ਅਮਿਤ ਦੇ ਘਰ ਜਾ ਆਪਣੀ ਪ੍ਰੇਮਿਕਾ ਨਾਲ ਮਿਲ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਦੱਸ ਦਈਏ ਕਿ ਅਮਿਤ ਅਤੇ ਰਵਿਤਾ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ, ਜਿਨ੍ਹਾਂ ਦੇ ਇਕ ਬੇਟਾ ਅਤੇ ਦੋ ਬੇਟੀਆਂ ਨੇ। ਪੂਰੇ ਫਿਲਹਾਲ ਪੂਰੇ ਇਲਾਕੇ ਵਿਚ ਪਤਨੀ ਦੇ ਇਸ ਖ਼ੌਫ਼ਨਾਕ ਕਾਂਡ ਦੀ ਚਰਚਾ ਹੋ ਰਹੀ ਐ।