ਅਯੁੱਧਿਆ ’ਚ ਚੋਣ ਕਿਉਂ ਹਾਰੀ ਭਾਜਪਾ?

ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਜਾ ਰਹੀ ਹੈ। ਅੱਠ ਜੂਨ ਨੂੰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਪਰ ਇਸ ਤੋਂ ਪਹਿਲਾਂ ਕਈ ਸੀਟਾਂ ’ਤੇ ਭਾਜਪਾ ਦੀ ਹਾਰ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ

Update: 2024-06-06 11:47 GMT

ਆਯੁੱਧਿਆ: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਜਾ ਰਹੀ ਹੈ। ਅੱਠ ਜੂਨ ਨੂੰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਪਰ ਇਸ ਤੋਂ ਪਹਿਲਾਂ ਕਈ ਸੀਟਾਂ ’ਤੇ ਭਾਜਪਾ ਦੀ ਹਾਰ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ, ਜਿਨ੍ਹਾਂ ਵਿਚੋਂ ਇਕ ਸੀਟ ਐ ਫੈਜ਼ਾਬਾਦ, ਆਯੁੱਧਿਆ ਸ਼ਹਿਰ ਇਸੇ ਹਲਕੇ ਦੇ ਅਧੀਨ ਆਉਂਦਾ ਏ, ਜਿੱਥੇ ਹੁਣੇ ਹੁਣੇ ਰਾਮ ਮੰਦਰ ਬਣ ਕੇ ਤਿਆਰ ਹੋਇਆ। ਭਾਜਪਾ ਨੂੰ ਪੂਰੀ ਉਮੀਦ ਸੀ ਕਿ ਇੱਥੋਂ ਦੇ ਉਮੀਦਵਾਰ ਨੂੰ ਉਮੀਦ ਤੋਂ ਵੱਧ ਸਮਰਥਨ ਮਿਲੇਗਾ ਪਰ ਨਤੀਜਾ ਉਮੀਦ ਦੇ ਉਲਟ ਨਿਕਲਿਆ, ਆਯੁੱਧਿਆ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ।

ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਭਾਜਪਾ ਦਾ ਪ੍ਰਦਰਸ਼ਨ ਉਹੋ ਜਿਹਾ ਨਹੀਂ ਰਿਹਾ, ਜਿਹੋ ਜਿਹੇ ਦੀ ਭਾਜਪਾ ਵੱਲੋਂ ਉਮੀਦ ਕੀਤੀ ਜਾ ਰਹੀ ਸੀ। ਆਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਹੋਣ ਕਰਕੇ ਭਾਜਪਾ ਨੂੰ ਉਮੀਦ ਸੀ ਕਿ ਇਸ ਵਿਚ ਉਸ ਦੀਆਂ ਸੀਟਾਂ ਦਾ ਅੰਕੜਾ 400 ਤੋਂ ਪਾਰ ਜਾਵੇਗਾ ਪਰ ਨਤੀਜਾ ਇਹ ਨਿਕਲਿਆ ਕਿ ਭਾਜਪਾ ਸ੍ਰੀ ਰਾਮ ਮੰਦਰ ਵਾਲੇ ਖੇਤਰ ਆਯੁੱਧਿਆ ਤੋਂ ਵੀ ਚੋਣ ਹਾਰ ਗਈ। ਇਸ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਨੇ ਭਾਜਪਾ ਦੇ ਤਤਕਾਲੀ ਸੰਸਦ ਮੈਂਬਰ ਲੱਲੂ ਸਿੰਘ ਨੂੰ ਵੱਡੇ ਫ਼ਰਕ ਨਾਲ ਮਾਤ ਦੇ ਦਿੱਤੀ। ਹੁਣ ਇਸ ਹਾਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਵਿਅੰਗ ਕੀਤੇ ਜਾ ਰਹੇ ਨੇ। ਦਰਅਸਲ ਭਾਜਪਾ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰੀ ਰਾਮ ਮੰਦਰ ਦਾ ਮੁੱਦਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ, ਪੀਐਮ ਮੋਦੀ ਦੀ ਹਰ ਰੈਲੀ ਵਿਚ ‘ਮੋਦੀ ਜੀ ਕੋ ਜੈ ਸ੍ਰੀਰਾਮ’ ਦੇ ਨਾਅਰੇ ਗੂੰਜੇ, ਪੀਐਮ ਮੋਦੀ ਨੇ ਵੀ ਆਪਣੀ ਹਰੇਕ ਰੈਲੀ ਵਿਚ ਆਯੁੱਧਿਆ ਵਿਚ ਬਣਾਏ ਸ੍ਰੀ ਰਾਮ ਮੰਦਰ ਦੀ ਜ਼ਿਕਰ ਜ਼ਰੂਰ ਕੀਤਾ ਪਰ ਹੁਣ ਜਦੋਂ ਭਾਜਪਾ ਆਯੁੱਧਿਆ ਵਿਚੋਂ ਹੀ ਚੋਣ ਹਾਰ ਗਈ ਐ ਤਾਂ ਭਾਜਪਾ ਨੇਤਾਵਾਂ ਨੂੰ ਕੋਈ ਜਵਾਬ ਨਹੀਂ ਸੁੱਝ ਰਿਹਾ ਕਿ ਉਹ ਆਪਣੀ ਇਸ ਹਾਰ ’ਤੇ ਕੀ ਜਵਾਬ ਦੇਣ?

ਆਯੁੱਧਿਆ ਵਿਚ ਭਾਜਪਾ ਦੀ ਹੋਈ ਹਾਰ ਨੂੰ ਲੈ ਕੇ ਹੁਣ ਵੱਡੀ ਬਹਿਸ ਛਿੜਦੀ ਦਿਖਾਈ ਦੇ ਰਹੀ ਹੈ ਕਿ ਆਖ਼ਰਕਾਰ ਰਾਮ ਨਗਰੀ ’ਚ ਪਾਰਟੀ ਦੀ ਹਾਰ ਕਿਵੇਂ ਹੋ ਗਈ? ਖਾਸ ਤੌਰ ’ਤੇ ਜਦੋਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਦੇਸ਼ ਭਰ ’ਚ ਵਿਆਪਕ ਮੁਹਿੰਮ ਵੀ ਚਲਾਈ ਸੀ। ਇੱਥੇ ਹੀ ਬਸ ਨਹੀਂ, ਫੈਜ਼ਾਬਾਦ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਵਿਚੋਂ ਚਾਰ ਵਿਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਅਯੁੱਧਿਆ ਵੀ ਸ਼ਾਮਲ ਹੈ।

ਫੈਜ਼ਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਹਾਰ ਪਿੱਛੇ ਸਮਾਜਵਾਦੀ ਪਾਰਟੀ ਦੀ ਰਣਨੀਤੀ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸਮਾਜਵਾਦੀ ਪਾਰਟੀ ਨੇ ਇਸ ਸੀਟ ’ਤੇ ਵੀ ਆਪਣੀ ਪੀਡੀਏ ਯਾਨੀ ਬੈਕਵਰਡ, ਦਲਿਤ ਤੇ ਘੱਟ ਗਿਣਤੀ ਰਣਨੀਤੀ ਨੂੰ ਰੂਪ ਦਿੱਤਾ, ਜਿਸ ਕਾਰਨ ਪਾਰਟੀ ਨੇ ਇੱਥੋਂ ਅਵਧੇਸ਼ ਪ੍ਰਸਾਦ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਅਵਧੇਸ਼ ਪ੍ਰਸਾਦ ਅਨੁਸੂਚਿਤ ਜਾਤੀ ਪਾਸੀ ਭਾਈਚਾਰੇ ਨਾਲ ਸਬੰਧਤ ਨੇ, ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਲੱਲੂ ਸਿੰਘ ਨੂੰ 55 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਭਾਜਪਾ ਉਮੀਦਵਾਰ ਲੱਲੂ ਸਿੰਘ ਦੀ ਹਾਰ ਲਈ ਸੱਤਾ ਵਿਰੋਧੀ ਲਹਿਰ ਵੀ ਵੱਡਾ ਕਾਰਨ ਸਾਬਤ ਹੋਈ। ਫੈਜ਼ਾਬਾਦ ਲੋਕ ਸਭਾ ਸੀਟ ਦਾ ਚੋਣ ਨਤੀਜਾ ਕਈ ਨਵੇਂ ਇਤਿਹਾਸਕ ਰਿਕਾਰਡ ਲਈ ਯਾਦ ਕੀਤਾ ਜਾਵੇਗਾ। ਇਸ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਅਵਧੇਸ਼ ਪ੍ਰਸਾਦ 1957 ਤੋਂ ਬਾਅਦ ਪਹਿਲੇ ਅਜਿਹੇ ਸੰਸਦ ਮੈਂਬਰ ਨੇ ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਨੇ। ਇਸ ਚੋਣ ਵਿਚ ਭਾਜਪਾ ਨੇ ਖਾਸ ਕਰਕੇ ਫੈਜ਼ਾਬਾਦ ਵਿਚ ਰਾਮ ਮੰਦਰ ਦੇ ਨਾਂ ’ਤੇ ਵੋਟਾਂ ਮੰਗਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇਸ ਦੇ ਬਾਵਜੂਦ ਜਨਤਾ ਨੇ ਉਸ ਨੂੰ ਨਕਾਰ ਦਿੱਤਾ।

ਭਾਜਪਾ ਨੇ ਯੂਪੀ ਦੇ ਨਾਲ-ਨਾਲ ਪੂਰੇ ਉਤਰੀ ਭਾਰਤ ਵਿਚ ਰਾਮ ਮੰਦਰ ਤੇ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੀਆਂ ਪਰ ਜੇਕਰ ਫੈਜ਼ਾਬਾਦ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਾਰਟੀ ਨੇ ਰਾਮ ਮੰਦਰ ਨੂੰ ਲੈ ਕੇ ਅਯੁੱਧਿਆ ਵਿਚ ਹੋਏ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਕੇ ਚੋਣ ਲੜੀ। ਦਰਅਸਲ ਅਯੁੱਧਿਆ ’ਚ ਜਿਸ ਤਰ੍ਹਾਂ ਵਿਕਾਸ ਕਾਰਜ ਹੋਏ, ਉਸ ਨਾਲ ਦੇਸ਼ ਤੇ ਦੁਨੀਆ ’ਚ ਇਹ ਸੁਨੇਹਾ ਪਹੁੰਚਾਇਆ ਗਿਆ ਕਿ ਰਾਮ ਨਗਰੀ ’ਚ ਜੋ ਵਿਕਾਸ ਹੁਣ ਹੋਇਆ, ਉਹ ਪਹਿਲਾਂ ਕਦੇ ਨਹੀਂ ਹੋਇਆ ਪਰ ਜੇਕਰ ਅਯੁੱਧਿਆ ਵਿਚ ਰਹਿਣ ਵਾਲੇ ਸਥਾਨਕ ਲੋਕਾਂ ਤੋਂ ਦੀ ਗੱਲ ਕਰੀਏ ਤਾਂ ਉਹ ਇਸਦਾ ਵੱਖਰਾ ਜਵਾਬ ਮਿਲੇਗਾ। ਅਸਲ ਵਿਚ ਸਥਾਨਕ ਲੋਕਾਂ ਦਾ ਮੰਨਣਾ ਏ ਕਿ ਵਿਕਾਸ ਤਾਂ ਹੋ ਗਿਆ ਪਰ ਸ਼ਾਇਦ ਉਹ ਇਸ ਵਿਕਾਸ ਦੀ ਰੋਜ਼ਾਨਾ ਕੀਮਤ ਚੁਕਾਉਣੀ ਬਰਦਾਸ਼ਤ ਨਹੀਂ ਕਰ ਸਕੇ। ਸਥਾਨਕ ਲੋਕਾਂ ਮੁਤਾਬਕ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਪੂਰੇ ਅਯੁੱਧਿਆ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਬੈਰੀਕੇਡਿੰਗ, ਪੁਲਿਸ ਪ੍ਰਬੰਧ, ਰੂਟ ਡਾਇਵਰਸ਼ਨ ਤੇ ਵੀਆਈਪੀ ਕਲਚਰ ਤੋਂ ਉਹ ਇੰਨੇ ਤੰਗ ਆ ਚੁੱਕੇ ਸਨ, ਜਿਸ ਦਾ ਗੁੱਸਾ ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਹਰਾ ਕੇ ਕੱਢਿਆ। ਇਹ ਵੀ ਕਿਹਾ ਜਾ ਰਿਹਾ ਏ ਕਿ ਸ੍ਰੀਰਾਮ ਮੰਦਰ ਦੇ ਨਿਰਮਾਣ ਦੇ ਚਲਦਿਆਂ ਹੋਰ ਵਿਕਾਸ ਲਈ ਕਈ ਲੋਕਾਂ ਦੇ ਘਰ ਤੋੜੇ ਗਏ ਅਤੇ ਜ਼ਮੀਨ ਅਕਵਾਇਰ ਕੀਤੀ ਗਈ। ਫੈਜ਼ਾਬਾਦ ਵਿਚ ਜ਼ਮੀਨ ਮਹਿੰਗੀ ਹੋ ਚੁੱਕੀ ਐ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਜਾਇਦਾਦ ਦੇ ਲੈਣ-ਦੇਣ ਨੂੰ ਨਿਯਮਤ ਕੀਤਾ ਜਾ ਰਿਹਾ ਏ, ਇਸ ਤੋਂ ਇਲਾਵਾ ਹੋਰ ਵਿਸਥਾਰ ਲਈ ਬਾਹਰੀ ਖੇਤਰ ਵਿਚ ਖੇਤੀਯੋਗ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਐ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਭਾਜਪਾ ਨੂੰ ਉਮੀਦ ਸੀ ਕਿ ਇੱਥੋਂ ਤਾਂ ਸ੍ਰੀਰਾਮ ਜੀ ਚੋਣ ਜਿਤਾ ਦੇਣਗੇ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸ੍ਰੀ ਰਾਮ ਆਯੁੱਧਿਆ ਵਾਸੀਆਂ ਦੇ ਦਿਲਾਂ ’ਚ ਵਸਦੇ ਹਨ, ਜਦੋਂ ਲੋਕਾਂ ਦੇ ਦਿਲ ਹੀ ਦੁਖਾ ਦਿੱਤੇ, ਫਿਰ ਜਿੱਤ ਕਿੱਥੋਂ ਮਿਲਣੀ ਸੀ।

ਸੋ ਆਯੁੱਧਿਆ ਵਿਚ ਭਾਜਪਾ ਦੀ ਹਾਰ ਨੂੰ ਲੈ ਕੇ ਤੁਹਾਡਾ ਦੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। 

Tags:    

Similar News