48 ਘੰਟਿਆਂ 'ਚ ਪਾਕਿਸਤਾਨ ਦੇ ਤਿੰਨ ਨੇਤਾਵਾਂ ਨੇ ਦਿੱਤੀ ਭਾਰਤ ਨੂੰ ਧਮਕੀ
ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੀਤੇ 48 ਘੰਟਿਆਂ ਵਿੱਚ ਪਾਕਿਸਤਾਨ ਦੇ ਤਿੰਨ ਵੱਖ ਵੱਖ ਨੇਤਾਵਾਂ ਨੇ ਭਾਰਤ ਨੂੰ ਸੰਧੀ ਸਮਝੌਤਾ ਮੁਅੱਤਲ ਕਰਨ ਉੱਤੇ ਧਮਕਾਇਆ ਹੈ। ਦਰਅਸਪ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸਲਾਮਾਬਾਦ ਵਿੱਚ ਪਹੁੰਚ ਕੇ ਭਾਰਤ ਖਿਲਾਫ ਜ਼ਹਿਰ ਉਗਲਿਆ
ਚੰਡੀਗੜ੍ਹ, ਕਵਿਤਾ: ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੀਤੇ 48 ਘੰਟਿਆਂ ਵਿੱਚ ਪਾਕਿਸਤਾਨ ਦੇ ਤਿੰਨ ਵੱਖ ਵੱਖ ਨੇਤਾਵਾਂ ਨੇ ਭਾਰਤ ਨੂੰ ਸੰਧੀ ਸਮਝੌਤਾ ਮੁਅੱਤਲ ਕਰਨ ਉੱਤੇ ਧਮਕਾਇਆ ਹੈ। ਦਰਅਸਪ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸਲਾਮਾਬਾਦ ਵਿੱਚ ਪਹੁੰਚ ਕੇ ਭਾਰਤ ਖਿਲਾਫ ਜ਼ਹਿਰ ਉਗਲਿਆ ਅਤੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਵੱਲ ਵਹਿ ਰਹੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਹੋਵੇਗੀ।
ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਤਾਂ ਪਾਕਿਸਤਾਨ ਤੁਹਾਨੂੰ ਅਜਿਹਾ ਸਬਕ ਸਿਖਾਏਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲੋਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਪਾਕਿਸਤਾਨ ਦੀ ਜੀਵਨ ਰੇਖਾ ਹੈ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਸੀ। ਸੋਮਵਾਰ ਨੂੰ ਇੱਕ ਬਿਆਨ ਵਿੱਚ ਬਿਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਰੱਖਦਾ ਹੈ ਤਾਂ ਪਾਕਿਸਤਾਨ ਕੋਲ ਜੰਗ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ। ਭੁੱਟੋ ਨੇ ਇਥੇ ਤੱਕ ਵੀ ਦਾਅਵਾ ਕਰ ਦਿੱਤਾ ਸੀ ਕਿ ਪਾਕਿਸਤਾਨ ਦੇ ਲੋਕ ਛੇ ਦਰਿਆਵਾਂ ਨੂੰ ਵਾਪਸ ਲੈਣ ਲਈ ਲੜਨ ਦੇ ਸਮਰੱਥ ਹਨ। ਇਸਤੋਂ ਪਹਿਲਾਂ ਪਾਕਿਸਤਾਨੀ ਆਰਮੀ ਚੀਫ ਅਸਿਮ ਮੁਨੀਰ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਅਸੀਂ ਭਾਰਤ ਦੁਆਰਾ ਸਿੰਧੂ ਨਦੀ 'ਤੇ ਡੈਮ ਬਣਾਉਣ ਦੀ ਉਡੀਕ ਕਰਾਂਗੇ, ਅਤੇ ਜਦੋਂ ਭਾਰਤ ਅਜਿਹਾ ਕਰੇਗਾ, ਤਾਂ ਅਸੀਂ ਇਸਨੂੰ 10 ਮਿਜ਼ਾਈਲਾਂ ਨਾਲ ਮਾਰ ਕੇ ਤਬਾਹ ਕਰ ਦੇਵਾਂਗੇ।
ਮੁਨੀਰ ਨੇ ਕਿਹਾ ਸੀ ਕਿ ਸਿੰਧੂ ਨਦੀ ਭਾਰਤ ਦੀ ਪਰਿਵਾਰਕ ਜਾਇਦਾਦ ਨਹੀਂ ਹੈ, ਸਾਡੇ ਕੋਲ ਮਿਜ਼ਾਈਲਾਂ ਦੀ ਕਮੀ ਨਹੀਂ ਹੈ। ਅਸੀਮ ਮੁਨੀਰ ਨੇ ਕਿਹਾ ਸੀ, 'ਭਾਰਤ ਦੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦੇ ਫੈਸਲੇ ਨਾਲ 25 ਕਰੋੜ ਲੋਕਾਂ ਲਈ ਭੁੱਖਮਰੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ।' ਉਨ੍ਹਾਂ ਕਿਹਾ, 'ਅਸੀਂ ਇੱਕ ਪ੍ਰਮਾਣੂ ਹਥਿਆਰਬੰਦ ਦੇਸ਼ ਹਾਂ ਅਤੇ ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਡੁੱਬ ਰਹੇ ਹਾਂ, ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ।'
ਇਸਦੇ ਜਵਾਬ ਵਿੱਚ ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ਪ੍ਰਮਾਣੂ ਧਮਕੀ ਦਾ ਜਵਾਬ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ - ਪ੍ਰਮਾਣੂ ਹਥਿਆਰਾਂ ਨਾਲ ਧਮਕੀ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਭਾਰਤ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ। ਅਸੀਂ ਜਾਣਦੇ ਹਾਂ ਕਿ ਆਪਣੀ ਰੱਖਿਆ ਕਿਵੇਂ ਕਰਨੀ ਹੈ। ਇੱਕ ਦੋਸਤ ਦੇਸ਼ ਦੀ ਧਰਤੀ ਤੋਂ ਕੀਤੀਆਂ ਗਈਆਂ ਇਹ ਟਿੱਪਣੀਆਂ ਅਫਸੋਸਜਨਕ ਹਨ। ਦੁਨੀਆ ਦੇਖ ਸਕਦੀ ਹੈ ਕਿ ਅਜਿਹੇ ਬਿਆਨ ਕਿੰਨੇ ਗੈਰ-ਜ਼ਿੰਮੇਵਾਰਾਨਾ ਹਨ। ਇਹ ਗੱਲਾਂ ਇੱਕ ਅਜਿਹੇ ਦੇਸ਼ ਵਿੱਚ ਵੀ ਸ਼ੱਕ ਪੈਦਾ ਕਰਦੀਆਂ ਹਨ ਜਿੱਥੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਯਕੀਨੀ ਨਹੀਂ ਹੈ ਅਤੇ ਮੰਨਿਆ ਜਾਂਦਾ ਹੈ ਕਿ ਫੌਜ ਦੇ ਅੱਤਵਾਦੀਆਂ ਨਾਲ ਸਬੰਧ ਹਨ।
ਇਨ੍ਹਾਂ ਹੀ ਨਹੀਂ ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਭਾਰਤੀ ਡਿਪਲੋਮੈਟਾਂ ਦੇ ਘਰਾਂ ਨੂੰ ਗੈਸ ਸਪਲਾਈ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਸਥਾਨਕ ਗੈਸ ਸਿਲੰਡਰ ਸਪਲਾਇਰਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਭਾਰਤੀ ਡਿਪਲੋਮੈਟਾਂ ਨੂੰ ਸਿਲੰਡਰ ਨਾ ਵੇਚਣ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਇਸਲਾਮਾਬਾਦ ਨੇ ਮਿਨਰਲ ਵਾਟਰ ਅਤੇ ਅਖ਼ਬਾਰਾਂ ਦੀ ਸਪਲਾਈ ਵੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਨੇ ਇਹ ਫੈਸਲਾ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬਦਲੇ ਦੀ ਕਾਰਵਾਈ ਵਜੋਂ ਲਿਆ ਹੈ। ਰਿਪੋਰਟ ਦੇ ਅਨੁਸਾਰ, ਇਹ ਕਦਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਯੋਜਨਾ ਦਾ ਹਿੱਸਾ ਹੈ।
ਇਸ ਦੇ ਤਹਿਤ, ਪਾਕਿਸਤਾਨ ਬਦਲਾ ਲੈਣ ਦੀਆਂ ਛੋਟੀਆਂ ਕਾਰਵਾਈਆਂ ਕਰ ਰਿਹਾ ਹੈ।ਜਵਾਬੀ ਕਾਰਵਾਈ ਵਜੋਂ, ਭਾਰਤ ਨੇ ਦਿੱਲੀ ਵਿੱਚ ਤਾਇਨਾਤ ਪਾਕਿਸਤਾਨੀ ਡਿਪਲੋਮੈਟਾਂ ਨੂੰ ਅਖ਼ਬਾਰਾਂ ਪਹੁੰਚਾਉਣਾ ਵੀ ਬੰਦ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਾਰਤ ਵੀ ਲਗਾਤਾਰ ਕਾਰਵਾਈ ਕਰ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਧਮਕੀ ਉੱਤੇ ਭਾਰਤ ਕੀ ਕੁਝ ਮੋੜਵਾਂ ਜਵਾਬ ਦਿੰਦਾ ਹੈ।