ਦੇਸ਼ 'ਚ ਤੇਲ ਤੇ ਗੈਸ ਦੀ ਕੋਈ ਕਮੀ ਨਹੀਂ: ਭਾਰਤ ਸਰਕਾਰ, 'ਸਾਡੇ ਕੋਲ਼ ਕੱਚੇ ਤੇਲ ਦੇ ਵਾਜਬ ਭੰਡਾਰ ਮੌਜੂਦ'

ਭਾਰਤ ਸਰਕਾਰ ਨੇ ਬੁੱਧਵਾਰ ਨੂੰ ਲੋਕਾਂ ਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਭਾਵ ਰਸੋਈ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਸਥਿਰ ਅਤੇ ਲਗਾਤਾਰ ਬਣੀ ਹੋਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਅੱਜ ਮੀਡੀਆ ਨੂੰ ਸਪੱਸ਼ਟ ਕੀਤਾ ਕਿ....

Update: 2026-03-25 13:34 GMT

ਦੇਸ਼ ਦੀਆਂ ਰਿਫ਼ਾਈਨਰੀਆਂ ਪੂਰੀ ਸਮਰੱਥਾ ਨਾਲ਼ ਚੱਲ ਰਹੀਆਂ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਬੁੱਧਵਾਰ ਨੂੰ ਲੋਕਾਂ ਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਭਾਵ ਰਸੋਈ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਸਥਿਰ ਅਤੇ ਲਗਾਤਾਰ ਬਣੀ ਹੋਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਅੱਜ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿਚ ਕੱਚੇ ਤੇਲ ਦੇ ਵਾਜਬ ਭੰਡਾਰ ਮੌਜੂਦ ਹਨ ਅਤੇ ਸਾਰੀਆਂ ਰਿਫਾਇਨਰੀਆਂ ਆਪਣੀ ਪੂਰੀ ਉਤਪਾਦਨ ਸਮਰੱਥਾ ਨਾਲ ਚੱਲ ਰਹੀਆਂ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੀ ਘਾਟ ਜਾਂ ਕਮੀ ਦਾ ਕੋਈ ਸਵਾਲ ਹੀ ਨਹੀਂ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਦੀ ਸਾਲਾਨਾ ਰਿਫਾਇਨਿੰਗ ਸਮਰੱਥਾ ਲਗਭਗ 26 ਕਰੋੜ ਟਨ ਹੈ ਅਤੇ ਇਸ ਵੇਲੇ ਸਭ ਰਿਫਾਇਨਰੀਆਂ 100 ਫੀਸਦੀ ਜਾਂ ਇਸ ਤੋਂ ਵੱਧ ਸਮਰੱਥਾ ’ਤੇ ਚੱਲ ਰਹੀਆਂ ਹਨ। ਸੁਜਾਤਾ ਸ਼ਰਮਾ ਨੇ ਇਹ ਵੀ ਉਜਾਗਰ ਕੀਤਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਅਤੇ ਦੇਸ਼ ਭਰ ਵਿਚ ਕਿਸੇ ਵੀ ਪੈਟਰੋਲ ਪੰਪ ’ਤੇ ਪੈਟਰੋਲ ਤੇ ਡੀਜ਼ਲ ਜਾਂ ਸੀਐਨ ਗੈਸ ਦੀ ਕੋਈ ਘਾਟ ਨਹੀਂ ਹੈ। ਪੈਟਰੋਲੀਅਮ ਟਰਮੀਨਲਾਂ ’ਤੇ ਵੀ ਲੋੜ ਅਨੁਸਾਰ ਸਟਾਕ ਉਪਲਬਧ ਹੈ। ਭਾਰਤ ਆਪਣੀ ਲੋੜ ਅਨੁਸਾਰ ਪੈਟਰੋਲ ਅਤੇ ਡੀਜ਼ਲ ਉਤਪਾਦਨ ਵਿਚ ਪੂਰੀ ਤਰ੍ਹਾਂ ਸਵੈ-ਨਿਰਭਰ ਹੈ।

ਪਿਛਲੇ ਦੋ-ਤਿੰਨ ਦਿਨਾਂ ਤੋਂ ਕੁਝ ਇਲਾਕਿਆਂ –– ਖਾਸ ਕਰ ਗੁਜਰਾਤ, ਹੈਦਰਾਬਾਦ ਅਤੇ ਕੁਝ ਹੋਰ ਸ਼ਹਿਰਾਂ ਵਿਚ ਅਫਵਾਹਾਂ ਕਾਰਨ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਅਤੇ ਘਬਰਾਹਟ ਵਾਲੀ ਖਰੀਦਦਾਰੀ ਦੇਖੀ ਗਈ ਸੀ। ਸਰਕਾਰ ਨੇ ਇਸ ਨੂੰ ਸਾਫ਼ ਤੌਰ ’ਤੇ ਗ਼ਲਤ ਅਫਵਾਹਾਂ ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਗ਼ਲਤ ਖਬਰਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਘਬਰਾਉਣ ਤੋਂ ਬਚਣ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਪੂਰੇ ਦੇਸ਼ ਵਿਚ ਸਪਲਾਈ ਬਿਲਕੁਲ ਆਮ ਹੈ ਅਤੇ ਕੋਈ ਘਾਟ ਨਹੀਂ ਹੈ।

ਐਲਪੀਜੀ ਦੇ ਮਾਮਲੇ ਵਿਚ ਵੀ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਘਰੇਲੂ ਐਲਪੀਜੀ ਦੀ ਕੋਈ ਘਾਟ ਨਹੀਂ ਹੈ ਅਤੇ ਔਨਲਾਈਨ ਬੁਕਿੰਗ 92 ਫੀਸਦੀ ਤੋਂ ਵੱਧ ਸਮਰੱਥਾ ’ਤੇ ਚੱਲ ਰਹੀ ਹੈ। ਡਿਲੀਵਰੀ ਵਿਵਸਥਾ ਪੂਰੀ ਤਰ੍ਹਾਂ ਆਮ ਹੈ ਅਤੇ ਕਿਸੇ ਵੀ ਡਿਸਟ੍ਰੀਬਿਊਟਰ ’ਤੇ ਸਟਾਕ ਖਤਮ ਹੋਣ ਦੀਆਂ ਕੋਈ ਖਬਰਾਂ ਨਹੀਂ ਹਨ।

ਵਪਾਰਕ ਐਲਪੀਜੀ –– ਹੋਟਲਾਂ, ਰੈਸਟੋਰੈਂਟਾਂ, ਉਦਯੋਗਿਕ ਕੈਂਟੀਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਮਾਤਰਾ 20 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤੀ ਗਈ ਹੈ। ਇਹ ਫੈਸਲਾ ਬੀਤੇ ਦਿਨੀਂ ਲਿਆ ਗਿਆ ਸੀ। ਰਾਜਾਂ ਨੂੰ ਖਾਸ ਤੌਰ ’ਤੇ ਰੈਸਟੋਰੈਂਟਾਂ, ਹੋਟਲਾਂ, ਉਦਯੋਗਿਕ ਕੈਂਟੀਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ। ਹੁਣ ਤੱਕ ਲਗਭਗ 22 ਹਜ਼ਾਰ ਟਨ ਵਪਾਰਕ ਐਲਪੀਜੀ 26 ਰਾਜਾਂ ਵਿਚ ਵੰਡੀ ਜਾ ਚੁੱਕੀ ਹੈ। ਮੰਗਲਵਾਰ ਨੂੰ ਪੰਜ-ਪੰਜ ਕਿਲੋਗ੍ਰਾਮ ਵਾਲੇ 30 ਹਜ਼ਾਰ ਸਿਲੰਡਰ ਜਾਰੀ ਕੀਤੇ ਗਏ ਸਨ।

ਸਰਕਾਰ ਨੇ ਘਰੇਲੂ ਐਲਪੀਜੀ ਉਤਪਾਦਨ ਵਿਚ ਵੀ ਵਾਧਾ ਕੀਤਾ ਹੈ ਅਤੇ ਰਿਫਾਇਨਰੀਆਂ ਵਿਚ ਇਸ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਪਾਈਪਡ ਨੈਚੁਰਲ ਗੈਸ ਵੱਲ ਤਬਦੀਲੀ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਵਿਚ ਹਜ਼ਾਰਾਂ ਨਵੀਆਂ PNG ਕਨੈਕਸ਼ਨਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਭਰੋਸੇ ਦੀ ਲੋੜ ਇਸ ਲਈ ਪਈ ਕਿਉਂਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ; ਖਾਸ ਕਰ ਈਰਾਨ-ਇਜ਼ਰਾਈਲ ਜੰਗ ਅਤੇ ਹਾਰਮੁਜ਼ ਸਟ੍ਰੇਟ ਰਾਹੀਂ ਆਵਾਜਾਈ ’ਤੇ ਅਸਰ ਕਾਰਨ ਐਲਪੀਜੀ ਦੀ ਦਰਾਮਦ ਵਿਚ ਥੋੜ੍ਹੀ ਮੁਸ਼ਕਲ ਆਈ ਸੀ। ਭਾਰਤ ਆਪਣੀ ਲਗਭਗ 60 ਫੀਸਦੀ ਐਲਪੀਜੀ ਦਰਾਮਦ ਕਰਦਾ ਹੈ ਅਤੇ ਇਸ ਵਿਚੋਂ ਵੱਡਾ ਹਿੱਸਾ ਹਾਰਮੁਜ਼ ਸਟ੍ਰੇਟ ਰਾਹੀਂ ਆਉਂਦਾ ਹੈ। ਇਸ ਕਾਰਨ ਕੁਝ ਇਲਾਕਿਆਂ ਵਿਚ ਅਫਵਾਹਾਂ ਫੈਲੀਆਂ ਅਤੇ ਲੋਕਾਂ ਨੇ ਸਿਰਫ਼ ਦਹਿਸ਼ਤ ਕਾਰਣ ਬੁਕਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਕੁਝ ਥਾਵਾਂ ’ਤੇ ਕਤਾਰਾਂ ਲੱਗੀਆਂ।

ਸਰਕਾਰ ਅਤੇ ਤੇਲ ਕੰਪਨੀਆਂ ਨੇ ਇਸ ਨੂੰ ਰੋਕਣ ਲਈ ਤੁਰੰਤ ਐਕਸ਼ਨ ਲਿਆ ਅਤੇ ਸਪੱਸ਼ਟ ਕੀਤਾ ਕਿ ਕੋਈ ਘਾਟ ਨਹੀਂ ਹੈ। ਰਾਜ ਸਰਕਾਰਾਂ ਨੂੰ ਵੀ ਹੋਰਡਿੰਗ ਅਤੇ ਬਲੈਕ ਮਾਰਕੀਟਿੰਗ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ।

ਮੌਜੂਦਾ ਹਾਲਤ ਬਿਲਕੁਲ ਸਹੀ ਅਤੇ ਕਾਬੂ ਹੇਠ ਹੈ। ਭਾਰਤ ਦੀ ਰਿਫਾਇਨਿੰਗ ਸਮਰੱਥਾ ਅਤੇ ਰਣਨੀਤਕ ਭੰਡਾਰਾਂ ਕਾਰਨ ਪੈਟਰੋਲ-ਡੀਜ਼ਲ ਵਿਚ ਕੋਈ ਖ਼ਤਰਾ ਨਹੀਂ ਹੈ। ਐਲਪੀਜੀ ਵਿਚ ਵੀ ਘਰੇਲੂ ਖਪਤਕਾਰਾਂ ਲਈ ਪੂਰੀ ਸਪਲਾਈ ਬਣਾਈ ਰੱਖੀ ਗਈ ਹੈ ਅਤੇ ਵਪਾਰਕ ਖੇਤਰ ਲਈ ਵੀ ਵਧਾਈ ਗਈ ਹੈ। ਸਰਕਾਰ ਦਾ ਸਪੱਸ਼ਟ ਸੁਨੇਹਾ ਹੈ – ਅਫਵਾਹਾਂ ਤੋਂ ਬਚੋ, ਆਮ ਖਪਤ ਚਾਲੂ ਰੱਖੋ ਅਤੇ ਲੋੜ ਅਨੁਸਾਰ ਹੀ ਖਰੀਦ ਕਰੋ।

ਸਰਕਾਰ ਅਤੇ ਤੇਲ ਕੰਪਨੀਆਂ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ ਅਤੇ ਲੋੜ ਪੈਣ ’ਤੇ ਤੁਰੰਤ ਉਪਾਅ ਕੀਤੇ ਜਾਣਗੇ। ਇਸ ਵੇਲੇ ਭਾਰਤ ਵਿਚ ਇੰਧਨ ਅਤੇ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਮਜ਼ਬੂਤ ਹੈ।

Tags:    

Similar News