ਜਾਣੋ, ਭਾਰਤੀ ਨੋਟਾਂ ’ਤੇ ਛਪੀਆਂ ਤਸਵੀਰਾਂ ਦੀ ਕਹਾਣੀ

ਰੁਪਈਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਰੁਪਯਕਮ ਤੋਂ ਬਣਿਆ ਏ, ਜਿਸ ਦਾ ਮਤਲਬ ਹੁੰਦਾ ਏ ਕਿ ਚਾਂਦੀ ਦਾ ਸਿੱਕਾ। ਸਭ ਤੋਂ ਪਹਿਲਾਂ ਰੁਪਈਆ ਸ਼ਬਦ ਦੀ ਵਰਤੋਂ ਸ਼ੇਰਸ਼ਾਹ ਸੂਰੀ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ 1540 ਤੋਂ 1545 ਤੱਕ ਭਾਰਤ ’ਤੇ ਰਾਜ ਕੀਤਾ ਸੀ। ਸ਼ੇਰਸ਼ਾਹ ਸੂਰੀ ਨੇ ਆਪਣੇ ਸਾਸ਼ਨ ਕਾਲ ਵਿਚ ਜੋ ਰੁਪਈਆ ਚਲਾਇਆ ਸੀ, ਉਹ ਚਾਂਦੀ ਸਿੱਕਾ ਸੀ।

Update: 2024-06-20 14:33 GMT

ਚੰਡੀਗੜ੍ਹ : ਰੁਪਈਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਰੁਪਯਕਮ ਤੋਂ ਬਣਿਆ ਏ, ਜਿਸ ਦਾ ਮਤਲਬ ਹੁੰਦਾ ਏ ਕਿ ਚਾਂਦੀ ਦਾ ਸਿੱਕਾ। ਸਭ ਤੋਂ ਪਹਿਲਾਂ ਰੁਪਈਆ ਸ਼ਬਦ ਦੀ ਵਰਤੋਂ ਸ਼ੇਰਸ਼ਾਹ ਸੂਰੀ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ 1540 ਤੋਂ 1545 ਤੱਕ ਭਾਰਤ ’ਤੇ ਰਾਜ ਕੀਤਾ ਸੀ। ਸ਼ੇਰਸ਼ਾਹ ਸੂਰੀ ਨੇ ਆਪਣੇ ਸਾਸ਼ਨ ਕਾਲ ਵਿਚ ਜੋ ਰੁਪਈਆ ਚਲਾਇਆ ਸੀ, ਉਹ ਚਾਂਦੀ ਸਿੱਕਾ ਸੀ। ਇਹ ਮੁਗ਼ਲ ਕਾਲ, ਮਰਾਠਾ ਸਾਮਰਾਜ ਅਤੇ ਬ੍ਰਿਟਿਸ਼ ਕਾਲ ਵਿਚ ਵੀ ਚਲਦਾ ਰਿਹਾ। ਦੇਸ਼ ਵਿਚ ਸਭ ਤੋਂ ਪਹਿਲਾਂ ਕਾਗਜ਼ ਦੇ ਨੋਟ 1770 ਤੋਂ 1832 ਵਿਚ ਬੈਂਕ ਆਫ਼ ਹਿੰਦੁਸਤਾਨ, 1773 ਤੋਂ 1775 ਤੱਕ ਜਨਰਲ ਬੈਂਕ ਆਫ਼ ਬੰਗਾਲ ਐਂਡ ਬਿਹਾਰ ਅਤੇ 1784 ਤੋਂ 1791 ਵਿਚ ਬੰਗਾਲ ਬੈਂਕ ਨੇ ਜਾਰੀ ਕੀਤੇ ਸੀ।

ਦੇਸ਼ ਵਿਚ ਰਿਜ਼ਰਵ ਬੈਂਕ ਦੀ ਸਥਾਪਨਾ ਇਕ ਅਪ੍ਰੈਲ 1935 ਵਿਚ ਹੋਈ ਸੀ, ਜਿਸ ਤੋਂ ਬਾਅਦ ਜਨਵਰੀ 1938 ਵਿਚ ਰਿਜ਼ਰਵ ਬੈਂਕ ਨੇ ਪੰਜ ਰੁਪਏ ਦਾ ਪਹਿਲਾ ਨੋਟ ਜਾਰੀ ਕੀਤਾ ਸੀ। ਫਰਵਰੀ ਤੋਂ ਜਨਵਰੀ 1938 ਵਿਚ 10 ਰੁਪਏ, 100 ਰੁਪਏ, ਇਕ ਹਜ਼ਾਰ ਰੁਪਏ ਅਤੇ 10 ਹਜ਼ਾਰ ਦੇ ਨੋਟ ਵੀ ਜਾਰੀ ਕੀਤਾ ਗਏ ਸੀ। ਅਗਸਤ 1940 ਵਿਚ ਇਕ ਰੁਪਏ ਦੇ ਨੋਟ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। ਉਂਝ ਇਸ ਨੋਟ ਨੂੰ ਸਭ ਤੋਂ ਪਹਿਲਾਂ 30 ਨਵੰਬਰ 1917 ਨੂੰ ਜਾਰੀ ਕੀਤਾ ਗਿਆ ਸੀ। ਇਸ ਮਗਰੋਂ ਫਿਰ ਦੋ ਆਨਾ ਅਤੇ ਅੱਠ ਆਨੇ ਜਾਰੀ ਕੀਤੇ ਗਏ ਸੀ। ਇਕ ਰੁਪਏ ਦੇ ਨੋਟ ਨੂੰ ਇਕ ਜਨਵਰੀ 1926 ਵਿਚ ਬੰਦ ਕਰ ਦਿੱਤਾ ਗਿਆ ਪਰ ਮਾਰਚ 1943 ਵਿਚ ਫਿਰ ਦੋ ਰੁਪਏ ਦਾ ਨੋਟ ਸ਼ੁਰੂ ਕੀਤਾ ਗਿਆ ਸੀ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 1950 ਵਿਚ ਇਕ ਪੈਸਾ, ਇਕ ਵਟਾ ਦੋ ਪੈਸਾ, ਇਕ ਆਨਾ ਅਤੇ ਦੋ ਆਨੇ, ਇਕ ਵਟਾ ਚਾਰ ਪੈਸਾ ਅਤੇ ਇਕ ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ ਗਏ। 1953 ਵਿਚ ਨਵੇਂ ਨੋਟਾਂ ’ਤੇ ਹਿੰਦੀ ਨੂੰ ਪ੍ਰਮੁੱਖਤਾ ਦਿੱਤੀ ਗਈ ਅਤੇ 1954 ਵਿਚ ਰੁਪਈਆ ਦਾ ਬਹੁਬਚਨ ਰੁਪਏ ਕੀਤਾ ਗਿਆ। ਇਸ ਮਗਰੋਂ ਇਸੇ ਸਾਲ ਹੀ ਇਕ ਹਜ਼ਾਰ ਰੁਪਏ, 5 ਹਜ਼ਾਰ ਰੁਪਏ ਅਤੇ 10 ਹਜ਼ਾਰ ਰੁਪਏ ਦੇ ਵੱਡੇ ਨੋਟ ਫਿਰ ਜਾਰੀ ਕੀਤੇ ਗਏ। ਸਾਲ 1957 ਵਿਚ ਰੁਪਏ ਨੂੰ 100 ਨਵੇਂ ਪੈਸਿਆਂ ਵਿਚ ਵੰਡਿਆ ਗਿਆ। 1957 ਤੋਂ 1967 ਵਿਚ ਐਲੂਮੀਨੀਅਮ ਦੇ ਇਕ, ਦੋ, ਤਿੰਨ, ਪੰਜ ਅਤੇ ਦਸ ਪੈਸੇ ਦੇ ਸਿੱਕੇ ਸ਼ੁਰੂ ਕੀਤੇ ਗਏ।

ਸਾਲ 1996,, ਇਹ ਉਹ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਸੀਰੀਜ਼ ਦੇ 10 ਤੋਂ 500 ਰੁਪਏ ਦੇ ਨੋਟ ਸ਼ੁਰੂ ਕੀਤੇ ਗਏ ਅਤੇ ਇਨ੍ਹਾਂ ਨੋਟਾਂ ਨੇ ਲਾਇਨ ਕੈਪੀਟਲ ਸੀਰੀਜ਼ ਦੇ ਨੋਟਾਂ ਦੀ ਥਾਂ ਲੈ ਲਈ। ਨਵੇਂ ਨੋਟਾਂ ਵਿਚ ਵਾਟਰਮਾਰਕ, ਵਿੰਡੋ ਸਕਿਓਰਟੀ ਥ੍ਰੈਡ, ਲੇਟੈਂਟ ਇਮੇਜ਼ ਅਤੇ ਨੇਤਰਹੀਣ ਲੋਕਾਂ ਲਈ ਖ਼ਾਸ ਫੀਚਰ ਸ਼ੁਰੂ ਕੀਤਾ ਗਿਆ। 10 ਰੁਪਏ ਦੇ ਨੋਟ ’ਤੇ ਕੋਣਾਰਕ ਸੂਰੀਆ ਮੰਦਰ ਦੀ ਤਸਵੀਰ ਛਾਪੀ ਗਈ ਜੋ ਭਾਰਤ ਵਿਚ ਉੜੀਸਾ ਦੇ ਪੁਰੀ ਜ਼ਿਲ੍ਹੇ ਵਿਚ ਸਥਿਤ ਐ। ਸਾਲ 1984 ਵਿਚ ਇਸ ਮੰਦਰ ਨੂੰ ਯੂਨੈਸਕੋ ਵੱਲੋਂ ਵਿਸ਼ਵ ਧਰੋਹਰ ਵਿਚ ਸ਼ਾਮਲ ਕੀਤਾ ਗਿਆ ਸੀ।

ਇਸ ਮੰਦਰ ਦਾ ਨਿਰਮਾਣ ਭਗਵਾਨ ਸ੍ਰੀ ਕ੍ਰਿਸ਼ਨ ਦੇ ਬੇਟੇ ਸਾਂਬ ਨੇ ਕਰਵਾਇਆ ਸੀ ਜੋ ਸਮੇਂ ਦੇ ਨਾਲ ਕਾਫ਼ੀ ਖਸਤਾ ਹਾਲ ਹੋ ਗਿਆ ਸੀ। ਇਸ ਦੇ ਨਾਲ ਹੀ ਤੁਸੀਂ 50 ਰੁਪਏ ਦੇ ਨੋਟ ’ਤੇ ਹੰਪੀ ਦੇ ਰਥ ਦੀ ਤਸਵੀਰ ਤਾਂ ਦੇਖੀ ਹੀ ਹੋਵੇਗੀ। ਜੀ ਹਾਂ, ਹੰਪੀ ਰਥ ਦਾ ਇਤਿਹਾਸ ਸਮਰਾਟ ਅਸ਼ੋਕ ਦੇ ਸਾਸ਼ਨ ਕਾਲ ਨਾਲ ਜੁੜਿਆ ਹੋਇਆ ਏ। ਮੌਜੂਦਾ ਸਮੇਂ ਹੰਪੀ ਕਰਨਾਟਕ ਰਾਜ ਵਿਚ ਸਥਿਤ ਐ ਜੋ ਕਿਸੇ ਸਮੇਂ ਵਿਜੇਨਗਰ ਸਮਾਰਾਜ ਦੀ ਰਾਜਧਾਨੀ ਹੋਇਆ ਕਰਦਾ ਸੀ। ਯੂਨੈਸਕੋ ਨੇ ਹੰਪੀ ਨੂੰ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਹੋਇਆ ਏ।

ਇਸ ਤੋਂ ਇਲਾਵਾ 100 ਰੁਪਏ ਦੇ ਨੋਟ ’ਤੇ ਰਾਣੀ ਦੀ ਬਾਵ ਵਾਲੀ ਤਸਵੀਰ ਛਪੀ ਹੋਈ ਐ। ਰਾਣੀ ਦੀ ਇਹ ਬਾਵ ਗੁਜਰਾਤ ਦੇ ਪਾਟਨ ਵਿਚ ਸਥਿਤ ਐ। ਇਸ ਬਾਵੜੀ ਦਾ ਨਿਰਮਾਣ ਸੋਲੰਕੀ ਵੰਸ਼ ਦੀ ਰਾਣੀ ਉਦਿਆਮਤੀ ਨੇ ਆਪਣੇ ਪਤੀ ਭੀਮਦੇਵ ਪਹਿਲੇ ਦੀ ਯਾਦ ਵਿਚ ਕਰਵਾਇਆ ਸੀ। ਇਸ ਲਈ ਇਸ ਬਾਵੜੀ ਨੂੰ ਰਾਣੀ ਦੀ ਬਾਵ ਦੇ ਨਾਮ ਨਾਲ ਜਾਣਿਆ ਜਾਂਦਾ ਏ। ਇਸ ਨੂੰ ਵੀ ਯੂਨੈਸਕੋ ਨੇ ਸਾਲ 2014 ਤੋਂ ਵਰਲਡ ਹੈਰੀਟੇਜ ਦੀ ਸੂਚੀ ਵਿਚ ਸ਼ਾਮਲ ਕੀਤਾ ਹੋਇਆ ਏ। ਹੁਣ ਗੱਲ ਕਰਦੇ ਆਂ 200 ਰੁਪਏ ਦੇ ਨੋਟ ਦੀ, ਜਿਸ ’ਤੇ ਸਾਂਚੀ ਸਤੂਪ ਦੀ ਤਸਵੀਰ ਬਣੀ ਹੋਈ ਐ।

ਸਾਂਚੀ ਪਿੰਡ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿਚ ਸਥਿਤ ਇਕ ਛੋਟਾ ਜਿਹਾ ਪਿੰਡ ਐ, ਜਿੱਥੇ ਬੁੱਧ ਕਾਲ ਦੇ ਕਈ ਸਮਾਰਕ ਬਣੇ ਹੋਏ ਨੇ। ਇਨ੍ਹਾਂ ਵਿਚ ਹੀ ਸਾਂਚੀ ਸਤੂਪ ਵੀ ਸ਼ਾਮਲ ਐ। ਸਾਂਚੀ ਵਿਚ ਹੋਣ ਕਾਰਨ ਹੀ ਇਨ੍ਹਾਂ ਨੂੰ ਸਾਂਚੀ ਸਤੂਪ ਕਿਹਾ ਜਾਂਦਾ ਏ। ਇਨ੍ਹਾਂ ਸਤੂਪਾਂ ਦਾ ਨਿਰਮਾਣ ਸਮਰਾਟ ਅਸ਼ੋਕ ਮਹਾਨ ਵੱਲੋਂ ਕਰਵਾਇਆ ਗਿਆ ਸੀ।

ਜੇਕਰ 500 ਰੁਪਏ ਦੇ ਨੋਟ ਦੀ ਗੱਲ ਕਰੀਏ ਤਾਂ ਇਸ ’ਤੇ ਦਿੱਲੀ ਦੇ ਲਾਲ ਕਿਲ੍ਹੇ ਦੀ ਤਸਵੀਰ ਬਣੀ ਹੋਈ ਐ। ਲਾਲ ਕਿਲ੍ਹੇ ਦਾ ਨਿਰਮਾਣ ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਕਰਵਾਇਆ ਗਿਆ ਸੀ। ਇਸ ਕਿਲ੍ਹੇ ਦੀਆਂ ਕੰਧਾਂ ਲਾਲ ਪੱਥਰ ਅਤੇ ਲਾਲ ਰੇਤ ਨਾਲ ਬਣੀਆਂ ਹੋਈਆਂ ਨੇ, ਇਸ ਲਈ ਇਸ ਦੇ ਲਾਲ ਰੰਗ ਦੇ ਕਾਰਨ ਹੀ ਇਸ ਨੂੰ ਲਾਲ ਕਿਲ੍ਹਾ ਕਿਹਾ ਜਾਂਦਾ ਏ। ਸਾਲ 2007 ਵਿਚ ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ਼ ਦਾ ਦਰਜਾ ਦਿੱਤਾ ਸੀ। ਹੁਣ ਗੱਲ ਕਰਦੇ ਆਂ 2000 ਰੁਪਏ ਦੇ ਨੋਟ ਦੀ, ਇਸ ਨੋਟ ਦੇ ਪਿੱਛੇ ਮੰਗਲਯਾਨ ਦੀ ਤਸਵੀਰ ਛਪੀ ਹੋਈ ਐ, ਜਦਕਿ ਅੱਗੇ ਗਾਂਧੀ ਜੀ ਦੇ ਨਾਲ ਅਸ਼ੋਕ ਸਤੰਭ ਦੀ ਤਸਵੀਰ ਬਣੀ ਹੋਈ ਐ।

ਮੰਗਲਯਾਨ ਅਭਿਆਨ ਭਾਰਤੀ ਪੁਲਾੜ ਖੋਜ ਸੰਗਠਨ ਦੀ ਇਕ ਮਹੱਤਵਪੂਰਨ ਪੁਲਾੜ ਪਰਿਯੋਜਨਾ ਐ। 24 ਸਤੰਬਰ 2014 ਨੂੰ ਮੰਗਲ ’ਤੇ ਪਹੁੰਚਣ ਦੇ ਨਾਲ ਹੀ ਭਾਰਤ ਵਿਸ਼ਵ ਵਿਚ ਆਪਣੇ ਪਹਿਲੇ ਯਤਨ ਵਿਚ ਸਫ਼ਲ ਹੋਣ ਵਾਲਾ ਪਹਿਲਾ ਦੇਸ਼ ਅਤੇ ਸੋਵੀਅਤ ਰੂਸ, ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਤੋਂ ਬਾਅਦ ਮੰਗਲ ’ਤੇ ਪਹੁੰਚਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਏ। ਮਾਤਾ ਲਕਸ਼ਮੀ ਦੇ ਨਾਲ ਗਣੇਸ਼ ਦੀ ਤਸਵੀਰ ਵੀ ਛਾਪੇ ਜਾਣ ਦੀ ਗੱਲ ਆਖੀ ਜਾ ਰਹੀ ਐ, ਜਿਸ ਤੋਂ ਬਾਅਦ ਸ਼ਹੀਦ ਭਗਤ ਸਿੰਘ, ਸ਼ਿਵਾਜੀ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਦੀ ਮੰਗ ਵੀ ਉਠਣੀ ਸ਼ੁਰੂ ਹੋ ਗਈ ਐ।

ਸੋ ਤੁਹਾਡੇ ਮੁਤਾਬਕ ਭਾਰਤ ਦੇ ਕਰੰਸੀ ਨੋਟਾਂ ’ਤੇ ਹੋਰ ਕਿਸ ਮਹਾਨ ਸਖ਼ਸ਼ੀਅਤ ਦੀ ਤਸਵੀਰ ਛਪਣੀ ਚਾਹੀਦੀ ਐ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। 

Tags:    

Similar News