ਕਿਸਾਨ ਨੂੰ ਸ਼ਾਪਿੰਗ ਮਾਲ ’ਚ ਜਾਣੋਂ ਰੋਕਿਆ, ਸਰਕਾਰ ਨੇ ਮਾਲ ਨੂੰ ਠੋਕਿਆ ਤਾਲਾ

ਕਿਸਾਨਾਂ ਦੇ ਸਿਰ ਤੋਂ ਬਣੀਆਂ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਟਿੱਚ ਕਰਕੇ ਜਾਣਦੀਆਂ ਨੇ ਪਰ ਆਮ ਲੋਕਾਂ ਵਿਚ ਅਜੇ ਵੀ ਕਿਸਾਨ ਨੂੰ ਅੰਨਦਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਏ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਨਾਮੀ ਸ਼ਾਪਿੰਗ ਮਾਲ ਦੇ ਸਕਿਓਰਟੀ ਗਾਰਡਾਂ ਨੇ...

Update: 2024-07-24 08:37 GMT

ਬੰਗਲੁਰੂ : ਕਿਸਾਨਾਂ ਦੇ ਸਿਰ ਤੋਂ ਬਣੀਆਂ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਟਿੱਚ ਕਰਕੇ ਜਾਣਦੀਆਂ ਨੇ ਪਰ ਆਮ ਲੋਕਾਂ ਵਿਚ ਅਜੇ ਵੀ ਕਿਸਾਨ ਨੂੰ ਅੰਨਦਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਏ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਨਾਮੀ ਸ਼ਾਪਿੰਗ ਮਾਲ ਦੇ ਸਕਿਓਰਟੀ ਗਾਰਡਾਂ ਨੇ ਇਕ ਧੋਤੀ ਵਾਲੇ ਕਿਸਾਨ ਨੂੰ ਸ਼ਾਪਿੰਗ ਮਾਲ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਪਰ ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਆਈ ਤਾਂ ਆਮ ਲੋਕਾਂ ਨੇ ਇਸ ਘਟਨਾ ਦਾ ਜ਼ਬਰਦਸਤ ਵਿਰੋਧ ਕੀਤਾ। ਸਰਕਾਰ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹਟੀ, ਸਰਕਾਰ ਨੇ ਤੁਰੰਤ ਹੁਕਮ ਜਾਰੀ ਕਰਦਿਆਂ ਸ਼ਾਪਿੰਗ ਨੂੰ ਤਾਲਾ ਠੋਕ ਦਿੱਤਾ। 

ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਕਿਸਾਨਾਂ ਦੀ ਉਪਜ ਤੋਂ ਕਰੋੜਾਂ ਅਰਬਾਂ ਦੀ ਕਮਾਈ ਕਰਦੀਆਂ ਨੇ ਅਤੇ ਕਿਸਾਨਾਂ ਨੂੰ ਹੀ ਮਾੜਾ ਆਖਦੀਆਂ ਨੇ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਬੰਗਲੁਰੂ ਵਿਖੇ ਸਾਹਮਣੇ ਆਇਆ, ਜਿੱਥੇ ਜੀਟੀ ਵਰਲਡ ਮਾਲ ਦੇ ਸੁਰੱਖਿਆ ਗਾਰਡਾਂ ਨੇ ਇਕ ਬਜ਼ੁਰਗ ਕਿਸਾਨ ਨੂੰ ਸ਼ਾਪਿੰਗ ਵਿਚ ਦਾਖ਼ਲ ਹੋਣ ਤੋਂ ਇਸ ਕਰਕੇ ਰੋਕ ਦਿੱਤਾ ਕਿਉਂਕਿ ਉਸ ਨੇ ਧੋਤੀ ਪਹਿਨੀ ਹੋਈ ਸੀ। ਮਾਮਲਾ ਜਿਵੇਂ ਹੀ ਮੀਡੀਆ ਵਿਚ ਆਇਆ ਤਾਂ ਪੂਰੇ ਕਰਨਾਟਕ ਵਿਚ ਭੂਚਾਲ ਖੜ੍ਹਾ ਹੋ ਗਿਆ। ਆਮ ਲੋਕਾਂ ਤੋਂ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਵਿਧਾਇਕ ਵੀ ਕਿਸਾਨ ਦੇ ਸਮਰਥਨ ਵਿਚ ਖੜ੍ਹੇ ਹੋ ਗਏ। ਵਿਧਾਨ ਸਭਾ ਵਿਚ ਵਿਧਾਇਕਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ।

ਇਸ ਤੋਂ ਬਾਅਦ ਸਰਕਾਰ ਨੇ ਇਕ ਕਿਸਾਨ ਦੇ ਕਥਿਤ ਅਪਮਾਨ ਨੂੰ ਕਿਸੇ ਵਿਅਕਤੀ ਦੀ ‘ਇੱਜ਼ਤ ਅਤੇ ਸਵੈ-ਮਾਣ’ ਦੀ ਉਲੰਘਣਾ ਕਰਾਰ ਦਿੱਤਾ ਅਤੇ ਆਖਿਆ ਕਿ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਵਿਧਾਨ ਸਭਾ ’ਚ ਇਕ ਪਿੰਡ ਦੇ ਇਕ ਕਿਸਾਨ ਨੂੰ ਧੋਤੀ ਪਹਿਨਣ ’ਤੇ ਮਾਲ ’ਚ ਦਾਖਲ ਹੋਣ ਤੋਂ ਮਨ੍ਹਾ ਕਰਨਾ ਬੇਹੱਦ ਮੰਦਭਾਗਾ ਏ, ਜਦਕਿ ਪੰਚੇ ਸਾਡਾ ਸਭਿਆਚਾਰਕ ਪਹਿਰਾਵਾ ਏ, ਅਸੀਂ ਇਸ ਤੋਂ ਵੱਖ ਨਹੀਂ ਹੋ ਸਕਦੇ।

ਇਸ ਘਟਨਾ ਤੋਂ ਬਾਅਦ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੇ ਧੋਤੀ ਪਹਿਨੇ ਕਿਸਾਨ ਨੂੰ ਉਸ ਦੇ ਇਸ ਪਹਿਰਾਵੇ ਕਾਰਨ ਦਾਖਲ ਹੋਣ ਤੋਂ ਮਨ੍ਹਾਂ ਕੀਤੇ ਜਾਣ ਦੇ ਮੱਦੇਨਜ਼ਰ ਜਿੱਥੇ ਸਰਕਾਰ ਮਾਲ ਅਤੇ ਹੋਰ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ, ਉਥੇ ਹੀ ਜੀਟੀ ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ। ਜਿਸ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਇਸ ਵੱਡੇ ਮਾਲ ਨੂੰ ਤਾਲਾ ਠੋਕ ਦਿੱਤਾ ਗਿਆ।

ਇੱਥੇ ਹੀ ਬਸ ਨਹੀਂ, ਜੀਟੀ ਵਰਲਡ ਮਾਲ ਤੋਂ ਲਿਖਤੀ ਸਪੱਸ਼ਟੀਕਰਨ ਅਤੇ ਮੁਆਫੀਨਾਮਾ ਵੀ ਮੰਗਿਆ ਗਿਆ ਏ ਅਤੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਲਈ ਸਖ਼ਤੀ ਨਾਲ ਆਖਿਆ ਗਿਆ ਏ। ਉਪ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਦਿਸ਼ਾ-ਹੁਕਮ ਜਾਰੀ ਕਰਾਂਗੇ ਕਿ ਅਜਿਹੀ ਘਟਨਾ ਸੂਬੇ ’ਚ ਕਿਤੇ ਵੀ ਦੁਹਰਾਈ ਨਾ ਜਾਵੇ। ਦਰਅਸਲ ਇਹ ਘਟਨਾ 16 ਜੁਲਾਈ ਦੀ ਐ, ਜਦੋਂ ਹਾਵੇਰੀ ਜ਼ਿਲ੍ਹੇ ਦੇ 70 ਸਾਲਾ ਫਕੀਰੱਪਾ ਅਪਣੀ ਪਤਨੀ ਅਤੇ ਬੇਟੇ ਨਾਲ ਮਲਟੀਪਲੈਕਸ ’ਚ ਫਿਲਮ ਵੇਖਣ ਲਈ ਮਾਲ ਗਏ ਸਨ। ਫਕੀਰੱਪਾ ਨੇ ਕਥਿਤ ਤੌਰ ’ਤੇ ਚਿੱਟੀ ਸ਼ਰਟ ਅਤੇ ਧੋਤੀ ਪਹਿਨੀ ਹੋਈ ਸੀ।

ਮਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ‘ਪੰਚੇ’ ਪਹਿਨ ਕੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੁਰੱਖਿਆ ਕਰਮਚਾਰੀ ਨੇ ਉਸ ਨੂੰ ‘ਪਤਲੂਨ ਪਹਿਨਣ’ ਲਈ ਆਖਿਆ ਸੀ। ਇਸ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਵਿਧਾਇਕ ਕਿਸਾਨ ਦੇ ਸਮਰਥਨ ਵਿਚ ਖੜ੍ਹੇ ਹੋ ਗਏ ਸੀ ਅਤੇ ਉਨ੍ਹਾਂ ਵੱਲੋਂ ਸ਼ਾਪਿੰਗ ਮਾਲ ਵੱਲੋਂ ਕੀਤੀ ਇਸ ਹਰਕਤ ਦੀ ਨਿੰਦਾ ਕੀਤੀ ਗਈ ਸੀ, ਇਸੇ ਤੋਂ ਬਾਅਦ ਸਰਕਾਰ ਵੱਲੋਂ ਸ਼ਾਪਿੰਗ ਮਾਲ ਨੂੰ ਸੱਤ ਦਿਨਾਂ ਲਈ ਤਾਲਾ ਲਾਉਣ ਦੇ ਹੁਕਮ ਦਿੱਤੇ ਗਏ ਨੇ।

Tags:    

Similar News