... ਜਦੋਂ ਕੁੜੀ ਦੇ ਚੱਕਰ ’ਚ ਪੜ੍ਹਾਈ ਭੁੱਲ ਗਏ ਸੀ ਮਨਮੋਹਨ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਾਣ ਮਗਰੋਂ ਹਰ ਕੋਈ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਰਿਹਾ ਏ,, ਕੋਈ ਉਨ੍ਹਾਂ ਵੱਲੋਂ ਲਏ ਫ਼ੈਸਲਿਆਂ ਦੀ ਸ਼ਲਾਘਾ ਕਰ ਰਿਹਾ ਏ, ਕੋਈ ਉਨ੍ਹਾਂ ਦੇ ਵਿਕਾਸ ਕਾਰਜਾਂ ਦੀ ਅਤੇ ਕੋਈ ਉਨ੍ਹਾਂ ਦੀ ਸਾਦਗੀ ਨੂੰ ਸਲਾਮ ਕਰ ਰਿਹਾ ਏ।

Update: 2024-12-28 12:48 GMT

ਚੰਡੀਗੜ੍ਹ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਾਣ ਮਗਰੋਂ ਹਰ ਕੋਈ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਰਿਹਾ ਏ,, ਕੋਈ ਉਨ੍ਹਾਂ ਵੱਲੋਂ ਲਏ ਫ਼ੈਸਲਿਆਂ ਦੀ ਸ਼ਲਾਘਾ ਕਰ ਰਿਹਾ ਏ, ਕੋਈ ਉਨ੍ਹਾਂ ਦੇ ਵਿਕਾਸ ਕਾਰਜਾਂ ਦੀ ਅਤੇ ਕੋਈ ਉਨ੍ਹਾਂ ਦੀ ਸਾਦਗੀ ਨੂੰ ਸਲਾਮ ਕਰ ਰਿਹਾ ਏ। ਡਾ. ਮਨਮੋਹਨ ਸਿੰਘ ਦੀ ਕਾਲਜ ਲਾਈਫ਼ ਨਾਲ ਕੁੱਝ ਅਜਿਹੇ ਕਿੱਸੇ ਵੀ ਜੁੜੇ ਹੋਏ ਨੇ ਜੋ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੇ। ਇਹ ਵੀ ਕਿਹਾ ਜਾਂਦੈ ਕਿ ਇਕ ਕੁੜੀ ਦੇ ਚੱਕਰ ਵਿਚ ਮਨਮੋਹਨ ਸਿੰਘ ਆਪਣੀ ਪੜ੍ਹਾਈ ਤੋਂ ਧਿਆਨ ਹਟਾ ਬੈਠੇ ਸੀ। ਅਜਿਹੇ ਹੀ ਕੁੱਝ ਕਿੱਸੇ ਉਨ੍ਹਾਂ ਦੀ ਬੇਟੀ ਦਮਨ ਸਿੰਘ ਵੱਲੋਂ ਆਪਣੀ ਕਿਤਾਬ ਵਿਚ ਸ਼ੇਅਰ ਕੀਤੇ ਗਏ ਨੇ। ਸੋ ਆਓ ਤੁਹਾਨੂੰ ਵੀ ਉਨ੍ਹਾਂ ਕੁੱਝ ਕਿੱਸਿਆਂ ਤੋਂ ਜਾਣੂ ਕਰਵਾਓਨੇ ਆਂ।


ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ ਸਭ ਵੱਲੋਂ ਸਾਂਝੇ ਕੀਤੇ ਜਾ ਰਹੇ ਨੇ। ਉਨ੍ਹਾਂ ਦੀਆਂ ਬਹੁਤ ਸਾਰੇ ਅਜਿਹੇ ਕਿੱਸੇ ਵੀ ਸਾਹਮਣੇ ਆ ਰਹੇ ਨੇ, ਜੋ ਕਦੇ ਲੋਕਾਂ ਨੇ ਨਹੀਂ ਸੁਣੇ। ਉਨ੍ਹਾਂ ਦੀ ਬੇਟੀ ਦਮਨ ਸਿੰਘ ਵੱਲੋਂ ਆਪਣੀ ਕਿਤਾਬ ‘ਸਟ੍ਰਿਕਟਲੀ ਪਰਸਨਲ : ਮਨਮੋਹਨ-ਗੁਰਸ਼ਰਨ’ ਵਿਚ ਆਪਣੇ ਪਿਤਾ ਦੀ ਜ਼ਿੰਦਗੀ ਬਾਰੇ ਕਈ ਕਿੱਸਿਆਂ ਦਾ ਜ਼ਿਕਰ ਕੀਤਾ ਗਿਆ ਏ। ਦਮਨ ਸਿੰਘ ਆਪਣੀ ਕਿਤਾਬ ਵਿਚ ਇਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਲਿਖਦੇ ਨੇ, ‘‘ਇਹ ਉਨ੍ਹਾਂ ਦਿਨਾਂ ਦੀ ਗੱਲ ਐ ਜਦੋਂ ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਕੈਂਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਦੇ ਸੀ।

ਇਸ ਦੌਰਾਨ ਇਕ ਅਜਿਹਾ ਸਮਾਂ ਆਇਆ ਜਦੋਂ ਉਹ ਇਕ ਖ਼ਾਸ ਲੜਕੀ ਦੇ ਖ਼ਿਆਲਾਂ ਵਿਚ ਡੁੱਬੇ ਰਹਿੰਦੇ ਸੀ। ਇਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਸੀ। ਉਹ ਕੋਈ ਵੀ ਰਿਸਰਚ ਪੇਪਰ ਲਿਖਦੇ,, ਪਰ ਉਹ ਉਨ੍ਹਾਂ ਦੇ ਗਾਈਡ ਪ੍ਰੋਫੈਸਰ ਨੂੰ ਪਸੰਦ ਨਹੀਂ ਸੀ ਆਉਂਦਾ, ਜਿਸ ਕਰਕੇ ਉਨ੍ਹਾਂ ਨੂੰ ਡਾਂਟ ਵੀ ਸੁਣਨੀ ਪਈ। ਉਹ ਕਾਫ਼ੀ ਜ਼ਿਆਦਾ ਨਿਰਾਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਹੁੰ ਖਾ ਲਈ ਕਿ ਉਹ ਕਦੇ ਵੀ ਆਪਣੇ ਟੀਚੇ ਤੋਂ ਨਹੀਂ ਥਿੜਕਣਗੇ। ਇਸ ਮਗਰੋਂ ਉਨ੍ਹਾਂ ਨੇ ਪੂਰੀ ਤਰ੍ਹਾਂ ਪੜ੍ਹਾਈ ’ਤੇ ਫੋਕਸ ਕੀਤਾ ਅਤੇ ਉਸ ਖ਼ਾਸ ਕੁੜੀ ਨੂੰ ਹਮੇਸ਼ਾਂ ਲਈ ਭੁੱਲ ਗਏ।


ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਪੰਜਾਬ ਵਿਚ ਸਥਿਤ ਪਿੰਡ ਗਾਹ ਵਿਖੇ ਪਿਤਾ ਗੁਰਮੁੱਖ ਸਿੰਘ ਦੇ ਘਰ ਹੋਇਆ ਜੋ ਇਕ ਡਰਾਈਫਰੂਟ ਵੇਚਣ ਵਾਲੇ ਕਾਰੋਬਾਰੀ ਕੋਲ ਕਲਰਕ ਦਾ ਕੰਮ ਕਰਦੇ ਸੀ। ਸਿੱਖ ਪ੍ਰਥਾ ਦੇ ਮੁਤਾਬਕ ਗੁਰਮੁੱਖ ਆਪਣੇ ਬੱਚੇ ਨੂੰ ਲੈ ਕੇ ਪੰਜ ਸਾਹਿਬ ਗੁਰਦੁਆਰਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਗ੍ਰੰਥੀ ਸਿੰਘ ਨੂੰ ਬੱਚੇ ਦੇ ਨਾਮਕਰਨ ਲਈ ਆਖਿਆ। ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਲਿ੍ਹਆ ਅਤੇ ਜੋ ਪੇਜ਼ ਖੁੱਲਿ੍ਹਆ, ਉਸ ਦਾ ਪਹਿਲਾ ਅੱਖ ‘ਮ’ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਮਨਮੋਹਨ ਸਿੰਘ ਰੱਖ ਦਿੱਤਾ ਗਿਆ, ਪਰ ਬਚਪਨ ਵਿਚ ਸਾਰੇ ਉਨ੍ਹਾਂ ਨੂੰ ਮੋਹਨ ਕਹਿ ਕੇ ਹੀ ਬੁਲਾਉਂਦੇ ਸੀ।


ਇਕ ਹੋਰ ਕਿੱਸਾ ਸਾਂਝਾ ਕਰਦਿਆਂ ਦਮਨ ਸਿੰਘ ਆਪਣੀ ਕਿਤਾਬ ਵਿਚ ਲਿਖਦੀ ਐ ਕਿ 1930 ਦੇ ਦਹਾਕੇ ਵਿਚ ਨੌਕਰੀ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਦਾਦਾ ਗੁਰਮੁੱਖ ਸਿੰਘ ਦਾ ਪੇਸ਼ਾਵਰ ਆਉਣਾ ਜਾਣਾ ਰਹਿੰਦਾ ਸੀ। ਇਕ ਵਾਰ ਰਸਤੇ ਵਿਚ ਉਨ੍ਹਾਂ ਕੋਲੋਂ ਮਿੱਟੀ ਦਾ ਘੜਾ ਟੁੱਟ ਗਿਆ। ਮੋਹਨ ਦੀ ਮਾਂ ਅੰਮ੍ਰਿਤ ਕੌਰ ਨੇ ਇਸ ਨੂੰ ਅਪਸ਼ਗਨ ਮੰਨਿਆ ਅਤੇ ਬੇਟੇ ਨੂੰ ਲੈ ਕੇ ਵਾਪਸ ਪਿੰਡ ਆ ਗਈ,, ਪਰ ਕੁੱਝ ਹੀ ਦਿਨਾਂ ਬਾਅਦ ਅੰਮ੍ਰਿਤ ਕੌਰ ਦਾ ਟਾਈਫਾਈਡ ਹੋਣ ਕਰਕੇ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਮਨਮੋਹਨ ਸਿੰਘ ਆਪਣੇ ਪਿੰਡ ਵਿਚ ਆਪਣੇ ਚਾਚਾ ਚਾਚੀ ਅਤੇ ਦਾਦਾ ਦਾਦੀ ਦੇ ਨਾਲ ਰਹਿਣ ਲੱਗ ਪਏ।


ਦਮਨ ਸਿੰਘ ਆਪਣੀ ਕਿਤਾਬ ਵਿਚ ਲਿਖਦੀ ਐ,, 1940 ਦੇ ਦਹਾਕੇ ਵਿਚ ਮਨਮੋਹਨ ਸਿੰਘ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਉਨ੍ਹਾਂ ਦੀ ਸੌਤੇਲੀ ਮਾਂ ਸੀਤਾਵੰਤੀ ਕੌਰ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ। ਉਸ ਸਮੇਂ ਮਨਮੋਹਨ ਪੇਸ਼ਾਵਰ ਦੇ ਖ਼ਾਲਸਾ ਸਕੂਲ ਵਿਚ ਪੜ੍ਹਦੇ ਸੀ ਅਤੇ ਉਥੋਂ ਦੇ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ ਨੇ ਸਕੂਲੀ ਪੜ੍ਹਾਈ ਦੌਰਾਨ ਗੁਰਮੁੱਖੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਸਿੱਖੀ। ਉਹ ਸਕੂਲ ਦੀ ਲਾਇਬ੍ਰੇਰੀ ਵਿਚ ਘੰਟਿਆਂ ਤੱਕ ਬੈਠ ਕੇ ਇਤਿਹਾਸ ਅਤੇ ਸਾਹਿਤ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸੀ।

ਸਾਲ 1945 ਵਿਚ ਉਨ੍ਹਾਂ ਨੇ 8ਵੀਂ ਕਲਾਸ ਦੀ ਪ੍ਰੀਖਿਆ ਦਿੱਤੀ, ਜਿਸ ਵਿਚ ਉਨ੍ਹਾਂ ਨੇ ਸਕੂਲ ਵਿਚ ਪਹਿਲਾ ਅਤੇ ਸੂਬੇ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਮੋਹਨ ’ਤੇ ਹੋਰ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸੇ ਦੌਰਾਨ ਜਦੋਂ ਦੂਜਾ ਵਿਸ਼ਵ ਯੁੱਧ ਖ਼ਤਮ ਹੋਇਆ ਤਾਂ ਦੁਨੀਆ ਭਰ ਵਿਚ ਬ੍ਰਿਟੇਨ ਦੀ ਜਿੱਤ ਦੇ ਜਸ਼ਨ ਮਨਾਏ ਗਏ। ਉਨ੍ਹਾਂ ਦੇ ਸਕੂਲ ਵਿਚ ਵੀ ਮਠਿਆਈਆਂ ਵੰਡੀਆਂ ਗਈਆਂ ਪਰ ਮੋਹਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਦਕਿ ਉਹ ਉਸ ਸਮੇਂ ਮਹਿਜ਼ 13 ਸਾਲਾਂ ਦੇ ਸਨ।


ਦਮਨ ਸਿੰਘ ਦੀ ਕਿਤਾਬ ਦੇ ਮੁਤਾਬਕ ਅਪ੍ਰੈਲ 1947 ਆਉਂਦੇ ਆਉਂਦੇ ਹਿੰਸਾ ਕਾਫ਼ੀ ਵਧ ਗਈ ਸੀ। ਪਿੰਡ ਵਿਚ ਮਨਮੋਹਨ ਦੇ ਦਾਦਾ ਜੀ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ। ਮਨਮੋਹਨ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਨੇ ਹਿੰਸਾ ਨਾਲ ਭਰੇ ਅੰਮ੍ਰਿਤਸਰ ਦੀ ਬਜਾਏ ਹਲਦਵਾਨੀ ਵਿਚ ਕਿਰਾਏ ਦਾ ਮਕਾਨ ਲੈ ਲਿਆ। ਪਰਿਵਾਰ ਨੂੰ ਇਸ ਮਕਾਨ ਵਿਚ ਠਹਿਰਾ ਕੇ ਗੁਰਮੁੱਖ ਸਿੰਘ ਫਿਰ ਤੋਂ ਵਾਪਸ ਪੇਸ਼ਾਵਰ ਚਲੇ ਗਏ, ਕੁੱਝ ਮਹੀਨੇ ਬਾਅਦ ਆਰਮੀ ਕੈਂਪ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਭੇਜਿਆ ਗਿਆ।

ਦਮਨ ਸਿੰਘ ਦੀ ਕਿਤਾਬ ਦੇ ਮੁਤਾਬਕ ਮਨਮੋਹਨ ਸਿੰਘ ਦੇ ਪਿਤਾ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ, ਜਿਸ ਦੇ ਚਲਦਿਆਂ ਅਪ੍ਰੈਲ 1948 ਵਿਚ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਚ ਫੈਲੋਸ਼ਿਪ ਇਨ ਮੈਡੀਕਲ ਕਾਸਮੈਟੋਲੌਜੀ ਵਿਚ ਉਨ੍ਹਾਂ ਦਾ ਦਾਖ਼ਲਾ ਵੀ ਕਰਵਾ ਦਿੱਤਾ ਗਿਆ ਪਰ ਇਸ ਪੜ੍ਹਾਈ ਵਿਚ ਉਨ੍ਹਾਂ ਦਾ ਮਨ ਨਹੀਂ ਲੱਗਿਆ। ਉਨ੍ਹਾਂ ਨੇ ਕਾਲਜ ਛੱਡ ਦਿੱਤਾ ਅਤੇ ਪਿਤਾ ਨਾਲ ਦੁਕਾਨ ’ਤੇ ਬੈਠਣ ਲੱਗੇ। ਫਿਰ ਉਨ੍ਹਾਂ ਨੇ ਸਤੰਬਰ 1948 ਵਿਚ ਹੀ ਹਿੰਦੂ ਕਾਲਜ ਵਿਚ ਦਾਖ਼ਲਾ ਲੈ ਲਿਆ ਪਰ ਉਨ੍ਹਾਂ ਦੇ ਪਿਤਾ ਗੁਰਮੁੱਖ ਸਿੰਘ ਨੂੰ ਇਹ ਪਸੰਦ ਨਹੀਂ ਸੀ ਕਿਉਂਕਿ ਉਹ ਅਕਾਲੀ ਸਨ। 1950 ਵਿਚ ਮਨਮੋਹਨ ਸਿੰਘ ਨੇ ਯੂਨੀਵਰਸਿਟੀ ਵਿਚ ਇੰਟਰ ਵਿਚ ਟੌਪ ਕੀਤਾ ਅਤੇ ਸਕਾਲਰਸ਼ਿਪ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਇਕੋਨਾਮਿਕਸ ਦੇ ਨਾਲ ਪਿਆਰ ਹੋ ਗਿਆ। ਪਿਆਰ ਵੀ ਇੰਨਾ ਜ਼ਿਆਦਾ ਕਿ ਆਖ਼ਰਕਾਰ ਵਿਸ਼ਵ ਦੇ ਵੱਡੇ ਅਰਥਸਾਸ਼ਤਰੀ ਹੋ ਨਿੱਬੜੇ।


ਉਨ੍ਹਾਂ ਦੀ ਬੇਟੀ ਦਮਨ ਸਿੰਘ ਆਪਣੀ ਕਿਤਾਬ ‘ਸਟ੍ਰਿਕਟਲੀ ਪਰਸਨਲ : ਮਨਮੋਹਨ-ਗੁਰਸ਼ਰਨ’ ਵਿਚ ਇਕ ਹੋਰ ਕਿੱਸਾ ਸਾਂਝਾ ਕਰਦਿਆਂ ਲਿਖਦੀ ਐ : 1986 ਵਿਚ ਮਨਮੋਹਨ ਸਿੰਘ ਨੇ ਰਿਟਾਇਰਮੈਂਟ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 11 ਦੇ ਇਕ ਛੋਟੇ ਜਿਹੇ ਮਕਾਨ ਵਿਚ ਰਹਿਣ ਦੀ ਯੋਜਨਾ ਬਣਾਈ ਸੀ। ਉਹ ਆਪਣੇ ਸੁਪਨਿਆਂ ਦੇ ਸ਼ਹਿਰ ਚੰਡੀਗੜ੍ਹ ਵਿਚ ਰਹਿਣਾ ਚਾਹੁੰਦੇ ਸੀ। ਨਵੇਂ ਘਰ ਦੇ ਚੱਕਰ ਵਿਚ ਉਨ੍ਹਾਂ ਨੇ ਪਤਨੀ ਗੁਰਸ਼ਰਨ ਕੌਰ ਨੂੰ ਪਰਦੇ ਤੱਕ ਨਹੀਂ ਬਦਲਣ ਦਿੱਤੇ। ਉਹ ਚਾਹੁੰਦੇ ਸੀ ਕਿ ਨਵੇਂ ਪਰਦੇ ਨਵੇਂ ਘਰ ਵਿਚ ਹੀ ਲਗਾਵਾਂਗੇ।

ਫਰਨੀਚਰ ਦਾ ਵੀ ਇਹੀ ਹਾਲ ਸੀ,, ਪਰ ਸਰਕਾਰ ਮਨਮੋਹਨ ਸਿੰਘ ਨੂੰ ਛੱਡਣ ਲਈ ਤਿਆਰ ਨਹੀਂ ਸੀ। ਇਸੇ ਚੱਕਰ ਵਿਚ ਮਨਮੋਹਨ ਸਿੰਘ ਕਈ ਸਾਲਾਂ ਤੱਕ ਆਪਣੇ ਪਰਿਵਾਰ ਦੇ ਨਾਲ ਦਿੱਲੀ ਵਿਚ ਹੀ ਰਹੇ। ਦਮਨ ਸਿੰਘ ਦੇ ਮੁਤਾਬਕ ਉਨ੍ਹਾਂ ਨੂੰ ਬਹੁਤ ਲੋਕ ਕਹਿੰਦੇ ਸੀ ਕਿ ਦਿੱਲੀ ਵਿਚ ਆਪਣਾ ਕੋਈ ਫਲੈਟ ਖ਼ਰੀਦ ਲਓ, ਪਰ ਉਨ੍ਹਾਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਉਹ ਤਾਂ ਚੰਡੀਗੜ੍ਹ ਜਾ ਕੇ ਹੀ ਰਹਿਣਗੇ, ਦਿੱਲੀ ਵਿਚ ਰਹਿਣ ਦਾ ਕੋਈ ਇਰਾਦਾ ਨਹੀਂ, ਪਰ ਇਸ ਸਭ ਦੇ ਬਾਵਜੂਦ ਉਹ ਚੰਡੀਗੜ੍ਹ ਆ ਕੇ ਨਹੀਂ ਰਹਿ ਸਕੇ।

ਇਹ ਸਨ ਡਾ. ਮਨਮੋਹਨ ਸਿੰਘ ਹੁਰਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁੱਝ ਅਹਿਮ ਕਿੱਸੇ,,, ਜੋ ਉਨ੍ਹਾਂ ਦੀ ਬੇਟੀ ਦਮਨ ਸਿੰਘ ਵੱਲੋਂ ਲਿਖੀ ਕਿਤਾਬ ਵਿਚੋਂ ਲਏ ਗਏ ਨੇ। ਡਾ. ਮਨਮੋਹਨ ਸਿੰਘ ਦੇਸ਼ ਦੀਆਂ ਉਨ੍ਹਾਂ ਕੁੱਝ ਚੋਣਵੀਆਂ ਸਖ਼ਸ਼ੀਅਤਾਂ ਵਿਚੋਂ ਇਕ ਸਨ, ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।

ਸੋ ਡਾ. ਮਨਮੋਹਨ ਸਿੰਘ ਦੀ ਸਖ਼ਸ਼ੀਅਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News