ਹੁਣ ਬ੍ਰਿਟੇਨ ਤੋਂ ਆਊ ਡਿਪੋਰਟ ਭਾਰਤੀਆਂ ਦਾ ਜਹਾਜ਼?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਪਰਵਾਸੀਆਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਬ੍ਰਿਟੇਨ ਦੀ ਸਰਕਾਰ ਵੀ ਉਸੇ ਰਾਹ ’ਤੇ ਤੁਰਦੀ ਦਿਖਾਈ ਦੇ ਰਹੀ ਐ ਕਿਉਂਕਿ ਹੁਣ ਬ੍ਰਿਟੇਨ ਦੀ ਲੇਬਰ ਸਰਕਾਰ ਨੇ ਵੀ ਗ਼ੈਰਕਾਨੂੰਨੀ ਤੌਰ ’ਤੇ ਕੰਮ ਕਰਨ ਵਾਲੇ ਪਰਵਾਸੀਆਂ ਨੂੰ ਦੇਸ਼ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ ਏ, ਜਿਸ ਦੇ ਤਹਿਤ ਭਾਰਤੀ ਰੈਸਟੋਰੈਂਟਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਐ।
ਚੰਡੀਗੜ੍ਹ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਪਰਵਾਸੀਆਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਬ੍ਰਿਟੇਨ ਦੀ ਸਰਕਾਰ ਵੀ ਉਸੇ ਰਾਹ ’ਤੇ ਤੁਰਦੀ ਦਿਖਾਈ ਦੇ ਰਹੀ ਐ ਕਿਉਂਕਿ ਹੁਣ ਬ੍ਰਿਟੇਨ ਦੀ ਲੇਬਰ ਸਰਕਾਰ ਨੇ ਵੀ ਗ਼ੈਰਕਾਨੂੰਨੀ ਤੌਰ ’ਤੇ ਕੰਮ ਕਰਨ ਵਾਲੇ ਪਰਵਾਸੀਆਂ ਨੂੰ ਦੇਸ਼ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ ਏ, ਜਿਸ ਦੇ ਤਹਿਤ ਭਾਰਤੀ ਰੈਸਟੋਰੈਂਟਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਐ। ਇਸ ਮਿਸ਼ਨ ਨੂੰ ‘ਯੂਕੇ ਵਾਈਡ ਬਿਲਟਜ਼’ ਦਾ ਨਾਮ ਦਿੱਤਾ ਗਿਆ ਏ।
ਅਮਰੀਕੀ ਦੀ ਟਰੰਪ ਸਰਕਾਰ ਦੀ ਤਰ੍ਹਾਂ ਹੁਣ ਬ੍ਰਿਟੇਨ ਦੀ ਸਟਾਰਮਰ ਸਰਕਾਰ ਨੇ ਵੀ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ ਏ, ਜਿਸ ਤੋਂ ਬਾਅਦ ਬ੍ਰਿਟੇਨ ਰਹਿੰਦੇ ਬਹੁਤ ਸਾਰੇ ਭਾਰਤੀਆਂ ਨੂੰ ਵੱਡੀ ਬਿਪਤਾ ਪੈ ਗਈ ਐ। ਲੇਬਰ ਪਾਰਟੀ ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਫੜਨ ਦੇ ਲਈ ਭਾਰਤੀ ਰੈਸਟੋਰੈਂਟਾਂ, ਨੇਲ ਬਾਰਜ਼, ਸੁਵਿਧਾ ਸਟੋਰ ਤੋਂ ਲੈ ਕੇ ਕਾਰਾਂ ਦੀ ਧੁਆਈ ਵਾਲੇ ਸਥਾਨਾਂ ’ਤੇ ਵੱਡੇ ਪੱਧਰ ਦੀ ਛਾਪੇਮਾਰੀ ਕੀਤੀ ਜਾ ਰਹੀ ਐ, ਜਿੱਥੇ ਅਕਸਰ ਜ਼ਿਆਦਾ ਪਰਵਾਸੀ ਕੰਮਕਾਰ ਲਈ ਜਾਂਦੇ ਨੇ।
ਦਰਅਸਲ ਅਮਰੀਕਾ ਦੀ ਤਰ੍ਹਾਂ ਹੋਰ ਕਈ ਦੇਸ਼ ਵੀ ਗ਼ੈਰਕਾਨੂੰਨੀ ਪਰਵਾਸੀਆਂ ਦੀ ਆਮਦ ਤੋਂ ਕਾਫ਼ੀ ਤੰਗ ਆ ਚੁੱਕੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖ਼ਤੀ ਵਰਤਣ ਦਾ ਕਾਫ਼ੀ ਦਬਾਅ ਬਣਿਆ ਹੋਇਆ ਏ। ਅਮਰੀਕਾ ਗੈਰਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਭੇਜਣ ਲਈ ਵਿਸ਼ੇਸ਼ ਚਾਰਟਰ ਉਡਾਨਾਂ ਦੀ ਵਰਤੋਂ ਕਰ ਰਿਹਾ ਏ। ਸਟਾਰਮਰ ਸਰਕਾਰ ਵੀ ਹੁਣ ਟਰੰਪ ਦੀ ਤਰ੍ਹਾਂ ਹੀ ਪਰਵਾਸੀਆਂ ਨੂੰ ਭੇਜਣ ਲਈ ਵੀਡੀਓ ਫੁਟੇਜ ਦਾ ਸਹਾਰਾ ਲੈ ਰਹੀ ਐ। ਸਰਕਾਰ ਨੇ ਪਹਿਲੀ ਵਾਰ ਗੈਰਕਾਨੂੰਨੀ ਪਰਵਾਸੀਆਂ ’ਤੇ ਸਖ਼ਤ ਕਾਰਵਾਈ ਨੂੰ ਦਿਖਾਉਣ ਵਾਲਾ ਵੀਡੀਓ ਜਾਰੀ ਕੀਤਾ ਏ, ਜਿਸ ਵਿਚ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨੂੰ ਬੱਸ ਤੋਂ ਉਤਾਰ ਕੇ ਚਾਰਟਰ ਜੈੱਟ ਦੇ ਅੰਦਰ ਲਿਜਾਂਦੇ ਦਿਖਾਇਆ ਗਿਆ ਏ।
ਜਾਣਕਾਰੀ ਮਿਲ ਰਹੀ ਐ ਕਿ ਲੇਬਰ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਲਗਭਗ 19000 ਵਿਦੇਸ਼ੀ ਪਰਵਾਸੀਆਂ ਨੂੰ ਅਤੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਏ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਜਨਵਰੀ ਮਹੀਨੇ ਵਿਚ ਆਪਣੀ ਰਿਪੋਰਟ ਵਿਚ ਗ੍ਰਹਿ ਮੰਤਰੀ ਯਵੇਟ ਕੂਪਰ ਦੀ ਦੇਖਦੇਖ ਵਿਚ ਰਿਕਾਰਡ ਛਾਪੇਮਾਰੀ ਦੀ ਜਾਣਕਾਰੀ ਦਿੱਤੀ ਸੀ, ਜਿਸ ਦੇ ਮੁਤਾਬਕ ਜਨਵਰੀ ਮਹੀਨੇ ਵਿਚ 828 ਥਾਵਾਂ ’ਤੇ ਛਾਪੇ ਮਾਰੇ ਗਏ ਜੋ ਪਿਛਲੇ ਸਾਲ ਦੇ ਜਨਵਰੀ ਮਹੀਨੇ ਦੀ ਤੁਲਨਾ ਵਿਚ 48 ਫ਼ੀਸਦੀ ਜ਼ਿਆਦਾ ਨੇ। ਇਸ ਛਾਪੇਮਾਰੀ ਦੌਰਾਨ 609 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਬੀਤੇ ਸਾਲ ਦੇ ਸਮੇਂ ਦੀ ਤੁਲਨਾ ਵਿਚ 73 ਫ਼ੀਸਦੀ ਜ਼ਿਆਦਾ ਏ।
ਇਕ ਮੀਡੀਆ ਰਿਪੋਰਟ ਮੁਤਾਬਕ ਕੂਪਰ ਦੇ ਦਫ਼ਤਰ ਦਾ ਕਹਿਣਾ ਏ ਕਿ ਉਨ੍ਹਾਂ ਦੀਆਂ ਟੀਮਾਂ ਸਾਰੇ ਖੇਤਰਾਂ ਵਿਚ ਗੈਰਕਾਨੂੰਨੀ ਤੌਰ ’ਤੇ ਕੰਮ ਕਰਨ ਵਾਲਿਆਂ ਦੀ ਖ਼ੁਫ਼ੀਆ ਜਾਣਕਾਰੀ ਮਿਲਣ ’ਤੇ ਐਕਸ਼ਨ ਲੈਂਦੀਆਂ ਨੇ। ਬੀਤੇ ਮਹੀਨੇ ਦੀ ਕਾਰਵਾਈ ਦਾ ਮਹੱਤਵਪੂਰਨ ਹਿੱਸਾ ਰੈਸਟੋਰੈਂਟ, ਟੇਕਅਵੇ ਅਤੇ ਕੈਫ਼ੇ ਦੇ ਨਾਲ ਨਾਲ ਫੂਡ, ਅਤੇ ਤੰਬਾਕੂ ਉਦਯੋਗ ਦੇ ਖ਼ਿਲਾਫ਼ ਚਲਾਇਆ ਗਿਆ ਸੀ। ਇਸ ਦੌਰਾਨ ਉਤਰੀ ਇੰਗਲੈਂਡ ਦੇ ਹੰਬਰਸਾਈਟ ਵਿਚ ਇਕ ਭਾਰਤੀ ਰੈਸਟੋਰੈਂਟ ਦੀ ਯਾਤਰਾ ਵਿਚ ਇਕੱਲੇ 7 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਦਕਿ ਚਾਰ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਬ੍ਰਿਟੇਨ ਦੇ ਗ੍ਰਹਿ ਮੰਤਰੀ ਕੂਪਰ ਦਾ ਕਹਿਣਾ ਏ ਕਿ ਇਮੀਗ੍ਰੇਸ਼ਨ ਨਿਯਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਏ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਏ। ਉਨ੍ਹਾਂ ਆਖਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਕੁੱਝ ਲੋਕ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕੰਮ ’ਤੇ ਰੱਖਣ ਅਤੇ ਉਨ੍ਹਾਂ ਦਾ ਸੋਸ਼ਣ ਕਰਨ ਵਿਚ ਸਮਰੱਥ ਰਹੇ ਨੇ ਅਤੇ ਬਹੁਤ ਸਾਰੇ ਲੋਕ ਗ਼ੈਰਕਾਨੂੰਨੀ ਤੌਰ ’ਤੇ ਆ ਕੇ ਕੰਮ ਕਰਦੇ ਰਹੇ ਨੇ, ਜਿਨ੍ਹਾਂ ਦੇ ਖ਼ਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਗ੍ਰਹਿ ਮੰਤਰੀ ਨੇ ਅੱਗੇ ਆਖਿਆ ਕਿ ਇਸ ਨਾਲ ਨਾ ਸਿਰਫ਼ ਲੋਕਾਂ ਦੇ ਲਈ ਇਕ ਛੋਟੀ ਜਿਹੀ ਕਿਸ਼ਤੀ ਵਿਚ ਚੈਨਲ ਪਾਰ ਕਰਕੇ ਆਪਣੀ ਜਾਨ ਖ਼ਤਰੇ ਵਿਚ ਪਾਈ ਜਾਂਦੀ ਐ ਬਲਕਿ ਇਸ ਨਾਲ ਕਮਜ਼ੋਰ ਲੋਕਾਂ, ਇਮੀਗ੍ਰੇਸ਼ਨ ਪ੍ਰਣਾਲੀ ਅਤੇ ਸਾਡੀ ਅਰਥਵਿਵਸਥਾ ਦੀ ਵੀ ਦੁਰਵਰਤੋਂ ਹੁੰਦੀ ਐ, ਜਿਸ ਨੂੰ ਰੋਕਿਆ ਜਾਣਾ ਬੇਹੱਦ ਜ਼ਰੂਰੀ ਐ।
ਸੋ,, ਬ੍ਰਿਟੇਨ ਦੇ ਗ੍ਰਹਿ ਮੰਤਰੀ ਕੂਪਰ ਨੇ ਸਾਫ਼ ਸ਼ਬਦਾਂ ਵਿਚ ਜੋ ਗੱਲਾਂ ਆਖੀਆਂ ਨੇ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਹੁਣ ਬ੍ਰਿਟੇਨ ਵਿਚ ਬੈਠੇ ਗ਼ੈਰਕਾਨੂੰਨੀ ਭਾਰਤੀਆਂ ’ਤੇ ਵੀ ਡਿਪੋਰਟੇਸ਼ਨ ਦੀ ਤਲਵਾਰ ਲਟਕ ਚੁੱਕੀ ਐ, ਕਿਸੇ ਸਮੇਂ ਵੀ ਵੱਡੀ ਪੱਧਰ ’ਤੇ ਬ੍ਰਿਟੇਨ ਬੈਠੇ ਗ਼ੈਰਕਾਨੂੰਨੀ ਭਾਰਤੀਆਂ ਨੂੰ ਉਥੋਂ ਡਿਪੋਰਟ ਕੀਤਾ ਜਾ ਸਕਦਾ ਏ।