2023 ਵਿਚ 2 ਲੱਖ 16 ਹਜ਼ਾਰ ਤੋਂ ਵੱਧ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ

2023 ਦੌਰਾਨ ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ 86 ਭਾਰਤੀਆਂ ’ਤੇ ਹਮਲਾ ਹੋਇਆ ਜਾਂ ਉਨ੍ਹਾਂ ਦੇ ਕਤਲ ਕਰ ਦਿਤੇ ਗਏ।;

Update: 2024-12-13 12:50 GMT

ਨਵੀਂ ਦਿੱਲੀ : 2023 ਦੌਰਾਨ ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ 86 ਭਾਰਤੀਆਂ ’ਤੇ ਹਮਲਾ ਹੋਇਆ ਜਾਂ ਉਨ੍ਹਾਂ ਦੇ ਕਤਲ ਕਰ ਦਿਤੇ ਗਏ। ਅਮਰੀਕਾ ਵਿਚ 12 ਅਤੇ ਕੈਨੇਡਾ ਵਿਚ 10 ਜਣਿਆਂ ਦਾ ਅੰਕੜਾ ਦੱਸਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ 2 ਲੱਖ 16 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ। ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਸੰਸਦ ਵਿਚ ਪੁੱਛੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ ਗਈ। ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ 2021 ਵਿਚ ਸਿਰਫ 29 ਭਾਰਤੀਆਂ ਦੇ ਹਮਲੇ ਹੋਏ ਜਾਂ ਕਤਲ ਕੀਤੇ ਗਏ ਪਰ 2022 ਵਿਚ ਇਹ ਅੰਕੜਾ ਦੁੱਗਣਾ ਹੋ ਕੇ 57 ’ਤੇ ਪੁੱਜ ਗਿਆ। 2023 ਵਿਚ 86 ਜਣਿਆਂ ’ਤੇ ਹਮਲਾ ਜਾਂ ਕਤਲ ਦੀਆਂ ਵਾਰਦਾਤਾਂ ਦਰਸਾਉਂਦੀਆਂ ਹਨ ਕਿ ਵਿਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਕੀਰਤੀ ਵਰਧਨ ਸਿੰਘ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਭਾਰਤ ਸਰਕਾਰ ਦੀ ਮੁੱਖ ਤਰਜੀਹ ਹੈ। ਭਾਰਤ ਦੇ ਮਿਸ਼ਨ ਅਜਿਹੀਆਂ ਘਟਨਾਵਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ.ਕੇ. ਅਤੇ ਸਾਊਦੀ ਅਰਬ ਵਿਚ ਵੀ 10 ਭਾਰਤੀ ਨਾਗਰਿਕਾਂ ’ਤੇ ਹਮਲਾ ਹੋਇਆ ਜਾਂ ਉਨ੍ਹਾਂ ਦਾ ਕਤਲ ਕੀਤਾ ਗਿਆ। ਇਨ੍ਹਾਂ ਘਟਨਾਵਾਂ ਬਾਰੇ ਸਬੰਧਤ ਮੁਲਕਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਢੁਕਵੀਂ ਕਾਰਵਾਈ ਕਰਨ ਦਾ ਸੱਦਾ ਦਿਤਾ ਗਿਆ। ਦੂਜੇ ਪਾਸੇ ਇਕ ਹੋਰ ਸਵਾਲ ਦੇ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਦੌਰਾਨ ਤਕਰੀਬਨ ਅੱਠ ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ। ਸਭ ਤੋਂ ਉਚਾ ਅੰਕੜਾ 2022 ਵਿਚ ਦਰਜ ਕੀਤਾ ਗਿਆ ਜਦੋਂ 2 ਲੱਖ 25 ਹਜ਼ਾਰ ਲੋਕਾਂ ਵੱਲੋਂ ਭਾਰਤੀ ਨਾਗਰਿਕਤਾ ਛੱਡਣ ਦਾ ਐਲਾਨ ਕੀਤਾ ਗਿਆ। ਰਾਜਾਂ ਦੇ ਆਧਾਰ ’ਤੇ ਨਾਗਰਿਕਤਾ ਛੱਡਣ ਵਾਲੇ ਅੰਕੜਾ ਮੁਹੱਈਆ ਨਹੀਂ ਪਰ ਅਮਰੀਕਾ, ਕੈਨੇਡਾ, ਯੂ.ਕੇ., ਆਸਟ੍ਰੇਲੀਆ, ਆਸਟ੍ਰੀਆ, ਗਰੀਸ, ਕੋਰੀਆ ਅਤੇ ਯੂਕਰੇਨ ਸਣੇ 135 ਵੱਖ ਵੱਖ ਮੁਲਕਾਂ ਦੀ ਨਾਗਰਿਕਤਾ ਭਾਰਤੀ ਲੋਕਾਂ ਨੇ ਹਾਸਲ ਕੀਤੀ।

Tags:    

Similar News