ਕੈਨੇਡਾ ’ਚ ਸਿੱਖਾਂ ਨੂੰ ਵੀਜ਼ਾ ਦਿੱਕਤਾਂ ਬਾਰੇ ਮੀਡੀਆ ਰਿਪੋਰਟ ਬੇਬੁਨਿਆਦ : ਭਾਰਤ
ਕੈਨੇਡਾ ਵਿਚ ਆ ਰਹੀਆਂ ਵੀਜ਼ਾ ਦਿੱਕਤਾਂ ਨਾਲ ਸਬੰਧਤ ਮੀਡੀਆ ਰਿਪੋਰਟ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡੀਅਨ ਮੀਡੀਆ ’ਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।;
ਨਵੀਂ ਦਿੱਲੀ : ਕੈਨੇਡਾ ਵਿਚ ਵਸਦੇ ਕੁਝ ਸਿੱਖਾਂ ਨੂੰ ਵੀਜ਼ਾ ਮਿਲਣ ਵਿਚ ਆ ਰਹੀਆਂ ਦਿੱਕਤਾਂ ਨਾਲ ਸਬੰਧਤ ਮੀਡੀਆ ਰਿਪੋਰਟ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡੀਅਨ ਮੀਡੀਆ ’ਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਜ਼ਾ ਦੇਣਾ ਜਾਂ ਨਾ ਦੇਣਾ ਭਾਰਤ ਸਰਕਾਰ ਦੇ ਅਖਤਿਆਰ ਵਿਚ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀਜ਼ਾ ਤੋਂ ਇਨਕਾਰ ਕਰਨਾ ਸਾਡਾ ਕਾਨੂੰਨੀ ਹੱਕ ਹੈ ਜੋ ਭਾਰਤ ਦੇ ਵਿਰੁੱਧ ਬੋਲਦੇ ਹਨ।
ਕਿਸੇ ਨੂੰ ਵੀਜ਼ਾ ਦੇਣਾ ਜਾਂ ਨਾ ਦੇਣਾ ਭਾਰਤ ਸਰਕਾਰ ਦਾ ਅਖਤਿਆਰ : ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਕੈਨੇਡੀਅਨ ਮੀਡੀਆ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਭਾਰਤ ਦੀ ਖੁਦਮੁਖਤਿਆਰੀ ਵਾਲੇ ਮਾਮਲਿਆਂ ਵਿਚ ਸਿੱਧੇ ਵਿਦੇਸ਼ੀ ਦਖਲ ਵਾਂਗ ਹਨ। ਇਥੇ ਦਸਣਾ ਬਣਦਾ ਹੈ ਕਿ ਰਣਧੀਰ ਜੈਸਵਾਲ ਨੂੰ ਕੈਨੇਡੀਅਨ ਮੀਡੀਆ ਵਿਚ ਆਈ ਉਸ ਰਿਪੋਰਟ ਬਾਰੇ ਪੁੱਛਿਆ ਗਿਆ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਖਾਲਿਸਤਾਨ ਹਮਾਇਤੀਆਂ ਨੂੰ ਭਾਰਤੀ ਵੀਜ਼ਾ ਦੇ ਇਵਜ਼ ਵਿਚ ਭਾਰਤ ਸਰਕਾਰ ਪ੍ਰਤੀ ਅਥਾਹ ਸਤਿਕਾਰ ਹੋਣ ਦੇ ਕਬੂਲਨਾਮੇ ’ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਵਿਚ ਇਕ ਹਫ਼ਤੇ ਤੌਰਾਨ ਤਿੰਨ ਭਾਰਤੀ ਵਿਦਿਆਰਥੀਆਂ ਦੇ ਕਤਲ ਦਾ ਮਸਲਾ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ।
ਤਿੰਨ ਵਿਦਿਆਰਥੀਆਂ ਦੀ ਮੌਤ ਦਾ ਮਸਲਾ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ
ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਤਲ ਦੀਆਂ ਵਾਰਦਾਤਾਂ ਨੂੰ ਵੱਡੀ ਤਰਾਸਦੀ ਕਰਾਰ ਦਿੰਦਿਆਂ ਪੀੜਤ ਪਰਵਾਰਾਂ ਨਾਲ ਦੁਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਔਟਵਾ ਸਥਿਤ ਭਾਰੀ ਹਾਈ ਕਮਿਸ਼ਨ ਤੋਂ ਇਲਾਵਾ ਟੋਰਾਂਟੋ ਅਤੇ ਵੈਨਕੂਵਰ ਦੇ ਕੌਂਸਲੇਟਸ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਭਾਰਤ ਦੀ ਮੁੱਖ ਤਰਜੀਹ ਹੈ ਅਤੇ ਇਸ ਪਾਸੇ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਮੌਜੂਦ ਭਾਰਤੀ ਨਾਗਰਿਕਾਂ ਖਾਸ ਤੌਰ ’ਤੇ ਵਿਦਿਆਰਥੀਆਂ ਨੂੰ ਐਡਵਾਇਜ਼ਰੀ ਜਾਰੀ ਕਰਦਿਆਂ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਆਖਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਇਸ ਵੇਲੇ 4 ਲੱਖ 70 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।