ਕੈਨੇਡੀਅਨ ਸੰਸਦ ’ਚ ਨਿੱਝਰ ਨੂੰ ਸ਼ਰਧਾਂਜਲੀ ’ਤੇ ਭਾਰਤ ਨੂੰ ਇਤਰਾਜ਼
ਭਾਰਤ ਸਰਕਾਰ ਵੱਲੋਂ ਕੈਨੇਡਾ ਦੀ ਸੰਸਦ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਇਕ ਸਾਲ ਪੂਰਾ ਹੋਣ ’ਤੇ ਦਿੱਤੀ ਗਈ ਸ਼ਰਧਾਂਜਲੀ ’ਤੇ ਇਤਰਾਜ਼ ਜਤਾਇਆ ਗਿਆ ਏ...;
ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਕੈਨੇਡਾ ਦੀ ਸੰਸਦ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਇਕ ਸਾਲ ਪੂਰਾ ਹੋਣ ’ਤੇ ਦਿੱਤੀ ਗਈ ਸ਼ਰਧਾਂਜਲੀ ’ਤੇ ਇਤਰਾਜ਼ ਜਤਾਇਆ ਗਿਆ ਏ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਭਾਰਤ ਰਾਜਨੀਤੀ ਵਿਚ ਕੱਟੜਤਾ ਦੇ ਲਈ ਜਗ੍ਹਾ ਤਿਆਰ ਕਰਨ ਅਤੇ ਹਿੰਸਾ ਦੀ ਵਕਾਲਤ ਕਰਨ ਵਾਲੇ ਹਰ ਕਦਮ ਦਾ ਵਿਰੋਧ ਕਰਦਾ ਏ।
ਮੰਗਲਵਾਰ ਨੂੰ ਕੈਨੇਡਾ ਦੀ ਸੰਸਦ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਇਕ ਸਾਲ ਪੂਰਾ ਹੋਣ ’ਤੇ ਸ਼ਰਧਾਂਜਲੀ ਦਿੱਤੀ ਗਈ ਸੀ ਪਰ ਭਾਰਤ ਸਰਕਾਰ ਵੱਲੋਂ ਇਸ ’ਤੇ ਭਾਰੀ ਇਤਰਾਜ਼ ਜਤਾਇਆ ਗਿਆ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਖਿਆ ਕਿ ਅਸੀਂ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੱਤਾ ਏ ਕਿ ਵੱਖਵਾਦੀ ਗਤੀਵਿਧੀਆਂ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਅਸੀਂ ਵਾਰ ਵਾਰ ਕੈਨੇਡਾ ਸਰਕਾਰ ਨੂੰ ਕਾਰਵਾਈ ਕਰਨ ਬਾਰੇ ਆਖ ਰਹੇ ਆਂ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਖਵਾਦੀਆਂ ਨੂੰ ਜਿਸ ਤਰ੍ਹਾਂ ਰਾਜਨੀਤਕ ਛੋਟ ਦਿੱਤੀ ਗਈ ਐ, ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ।
ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੋਸ਼ ਲਗਾਇਆ ਸੀ ਕਿ ਕੈਨੇਡਾ ਉਨ੍ਹਾ ਲੋਕਾਂ ਨੂੰ ਵੀਜ਼ਾ ਦਿੰਦਾ ਹੇ ਜੋ ਭਾਰਤ ਵਿਚ ਵਾਂਟੇਡ ਨੇ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿਚ ਸੰਗਠਿਤ ਅਪਰਾਧਾਂ ਨਾਲ ਜੁੜੇ ਲੋਕਾਂ ਦਾ ਕੈਨੇਡਾ ਵਿਚ ਸਵਾਗਤ ਕੀਤਾ ਜਾਂਦਾ ਏ। ਕੈਨੇਡਾ ਵੱਲੋਂ ਵੀ ਭਾਰਤ ਦੇ ਦੋਸ਼ਾਂ ’ਤੇ ਜਵਾਬ ਦਿੰਦਿਆਂ ਆਖਿਆ ਜਾ ਚੁੱਕਿਆ ਏ ਕਿ ਭਾਰਤ ਨੇ ਇਸ ਮਾਮਲੇ ਨਾਲ ਜੁੜੇ ਸਬੂਤ ਅਜੇ ਤੱਕ ਨਹੀਂ ਦਿੱਤੇ।
ਦੱਸ ਦਈਏ ਕਿ 18 ਜੂਨ 2023 ਨੂੰ ਕੈਨੇਡਾ ਦੇ ਸ਼ਹਿਰ ਸਰੀ ਦੇ ਇਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਭਾਰਤ ਸਰਕਾਰ ’ਤੇ ਨਿੱਝਰ ਦੀ ਹੱਤਿਆ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਲਗਾਏ ਸੀ, ਜਿਸ ਨੂੰ ਭਾਰਤ ਨੇ ਖ਼ਾਰਜ ਕਰ ਦਿੱਤਾ ਸੀ।