Road Accidents In India: ਭਾਰਤ ਦੇ ਇਸ ਸੂਬੇ ਵਿੱਚ ਹੁੰਦੇ ਹਨ ਸਭ ਤੋਂ ਵੱਧ ਸੜਕ ਹਾਦਸੇ, ਜਾਣੋ ਕਿਹੜੇ ਸੂਬੇ ਟਾਪ 10 'ਚ ਸ਼ਾਮਿਲ
2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਵਿੱਚ ਸੜਕ ਹਾਦਸਿਆਂ ਕਰਕੇ 29 ਹਜ਼ਾਰ ਮੌਤਾਂ
Road Accidents In India 2025: ਭਾਰਤ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2025 ਦੇ ਪਹਿਲੇ ਮਹੀਨੇ (ਜਨਵਰੀ ਤੋਂ ਜੂਨ) ਵਿੱਚ ਹੀ ਸੜਕ ਹਾਦਸਿਆਂ ਵਿੱਚ 29 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਅੰਕੜੇ ਵੀ ਜਾਰੀ ਕੀਤੇ ਸੀ, ਜਿਸ ਵਿੱਚ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਿਤਿਨ ਗਡਕਰੀ ਨੇ ਦੱਸਿਆ ਕਿ 2024 ਵਿੱਚ ਕੌਮੀ ਰਾਜਮਾਰਗਾਂ (ਨੈਸ਼ਨਲ ਹਾਈਵੇਜ਼) 'ਤੇ 52 ਹਜ਼ਾਰ 609 ਸੜਕ ਹਾਦਸੇ ਵਾਪਰੇ।
ਇਸ ਦੇ ਨਾਲ ਨਾਲ 2025 ਵਿੱਚ ਜਿਹੜੇ ਸੂਬਿਆਂ ਵਿੱਚ ਸਭ ਤੋਂ ਜ਼ਿਆਦਾ ਹਾਦਸੇ ਵਾਪਰੇ ਉਨ੍ਹਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ। ਤੁਹਾਨੂੰ ਇਹ ਜਾਣ ਕੇ ਖ਼ੁਸ਼ ਹੋਵੇਗੀ ਕਿ ਪੰਜਾਬ ਦਾ ਨਾਮ ਇਨ੍ਹਾਂ ਟੌਪ 5 ਸੂਬਿਆਂ ਵਿੱਚ ਕਿਤੇ ਨਹੀਂ ਹੈ।
ਜਿਹੜੇ ਸੂਬੇ ਵਿੱਚ ਸਭ ਤੋਂ ਜ਼ਿਆਦਾ ਸੜਕ ਹਾਦਸੇ ਵਾਪਰੇ ਉਹ ਹੈ ਉੱਤਰ ਪ੍ਰਦੇਸ਼। ਇੱਥੇ 2025 ਦੇ ਪਹਿਲੇ ਛੇ ਮਹੀਨਿਆਂ ਵਿੱਚ 23,652 ਸੜਕ ਹਾਦਸੇ ਵਾਪਰੇ। ਦੂਜੇ ਸਥਾਨ 'ਤੇ ਤਾਮਿਲਨਾਡੂ ਹੈ, ਜਿੱਥੇ 18,247 ਸੜਕ ਹਾਦਸੇ ਵਾਪਰੇ। ਇਸ ਤੋਂ ਬਾਅਦ ਮਹਾਂਰਾਸ਼ਟਰ ਦਾ ਤੀਜਾ ਨੰਬਰ ਹੈ ਜਿੱਥੇ 15,366 ਹਾਦਸੇ ਵਾਪਰੇ। ਅਖ਼ੀਰ ਵਿੱਚ ਮੱਧ ਪ੍ਰਦੇਸ਼ ਦਾ ਨੰਬਰ ਹੈ, ਜਿੱਥੇ 13,798 ਹਾਦਸੇ ਵਾਪਰੇ ਹਨ। ਇਸ ਤੋਂ ਬਾਅਦ ਦਿੱਲੀ ਵੀ ਟੌਪ ਫ਼ਾਈਵ ਵਿੱਚ ਸ਼ਾਮਿਲ ਹੈ, ਦਿੱਲੀ ਦੀਆਂ ਸੜਕਾਂ 'ਤੇ 1457 ਲੋਕਾਂ ਨੇ ਸੜਕ ਹਾਦਸਿਆਂ 'ਚ ਆਪਣੀਆਂ ਜ਼ਿੰਦਗੀਆਂ ਗਵਾਈਆਂ ਹਨ। ਇਸ ਵਿੱਚ ਟੌਪ ਫ਼ਾਈਵ ਵਿੱਚ ਕਿਤੇ ਵੀ ਪੰਜਾਬ ਦਾ ਨਾਮ ਨਹੀਂ ਹੈ।
ਇਸ ਤੋਂ ਇਲਾਵਾ ਅੰਕੜਿਆਂ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਵਿੱਚ ਹਰ ਸਾਲ ਸੜਕ ਹਾਦਸਿਆਂ ਕਰਕੇ 1,78,000 ਮੌਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਮਰਨ ਵਾਲਿਆਂ ਵਿੱਚ 18-34 ਸਾਲ ਤੱਕ ਦੇ ਲੋਕ ਸ਼ਾਮਲ ਹਨ।
ਸੜਕ ਹਾਦਸਿਆਂ ਦੀ ਕੀ ਹੈ ਵਜ੍ਹਾ?
ਜਿਹੜੇ ਸੂਬੇ ਸੜਕ ਹਾਦਸਿਆਂ ਵਿੱਚ ਟੌਪ ਫ਼ਾਈਵ ਵਿੱਚ ਸ਼ਾਮਲ ਹਨ, ਉੱਥੇ ਕਾਫ਼ੀ ਜ਼ਿਆਦਾ ਆਬਾਦੀ ਹੈ। ਸੜਕਾਂ 'ਤੇ ਟ੍ਰੈਫ਼ਿਕ ਬਹੁਤ ਹੁੰਦਾ ਹੈ। ਇਸ ਦੇ ਨਾਲ ਨਾਲ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਵੀ ਸਹੀ ਢੰਗ ਨਾਲ ਨਹੀਂ ਕਰਦੇ। ਹਾਈਵੇਜ਼ 'ਤੇ ਵਾਹਨ ਤੇਜ਼ ਰਫ਼ਤਾਰ ਨਾਲ ਜਾਂਦੇ ਹਨ। ਜੇ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਜਿੰਨੀਂ ਹੱਦ ਤੈਅ ਕੀਤੀ ਗਈ ਹੈ, ਉਸੇ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ, ਜਿਵੇਂ ਕਾਰ ਵਿੱਚ ਸੀਟ ਬੈਲਟ ਲਗਾਉਣਾ ਅਤੇ ਦੋ ਪਹੀਆ ਵਾਹਨ 'ਤੇ ਹੈਲਮੇਟ ਪਹਿਨਣਾ, ਤਾਂ ਇਸ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।