ਬੱਸ ਤੇ ਕਾਰ ਵਿਚਾਲੇ ਟੱਕਰ, ਖਾਧੀਆਂ 4 ਪਲਟੀਆਂ, ਹਾਦਸੇ ’ਚ ਮਾਂ-ਬੇਟੇ ਸਮੇਤ ਛੇ ਦੀ ਮੌਤ

ਜਾਣਕਾਰੀ ਅਨੁਸਾਰ ਇਹ ਟੱਕਰ ਇੰਨੀ ਜਬਰਦਸਤ ਸੀ ਕਿ ਡਬਲ ਡੈਕਰ ਬੱਸ ਕਈ ਪਲਟੀਆਂ ਖਾਂਦੀ ਹੋਈ ਐਕਸਪ੍ਰੈੱਸ ਵੇਅ ਤੋਂ 50 ਫੁੱਟ ਹੇਠਾਂ ਡਿੱਗ ਗਈ । ਬੱਸ ਵਿਚ 45 ਯਾਤਰੀ ਸਵਾਰ ਸਨ।

Update: 2024-08-04 10:22 GMT

ਇਟਾਵਾ : ਇਟਾਵਾ ਵਿਚ ਲਖਨਊ-ਆਗਰਾ ਐਕਸਪ੍ਰੈੱਸ ਵੇਅ ’ਤੇ ਇਕ ਡਬਲ ਡੈਕਰ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿਚ ਮਾਂ ਬੇਟੇ ਸਮੇਤ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿਚ 3 ਕਾਰ ਸਵਾਰ ਅਤੇ ਤਿੰਨ ਬੱਸ ਯਾਤਰੀ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਇਹ ਟੱਕਰ ਇੰਨੀ ਜਬਰਦਸਤ ਸੀ ਕਿ ਡਬਲ ਡੈਕਰ ਬੱਸ ਕਈ ਪਲਟੀਆਂ ਖਾਂਦੀ ਹੋਈ ਐਕਸਪ੍ਰੈੱਸ ਵੇਅ ਤੋਂ 50 ਫੁੱਟ ਹੇਠਾਂ ਡਿੱਗ ਗਈ । ਬੱਸ ਵਿਚ 45 ਯਾਤਰੀ ਸਵਾਰ ਸਨ। ਇਹ ਭਿਆਨਕ ਹਾਦਸਾ ਬੀਤੀ ਰਾਤ ਕਰੀਬ ਇਕ ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਸੈਫਈ ਦੇ ਉਸਰਾਹਾਰ ਥਾਣਾ ਖੇਤਰ ਵਿਚ ਕਾਰ ਗ਼ਲਤ ਸਾਈਡ ਤੋਂ ਆ ਰਹੀ ਸੀ, ਜਿਸ ਦੀ ਸਪੀਡ ਕਾਫ਼ੀ ਹੌਲੀ ਸੀ ਪਰ ਬੱਸ ਕਾਫ਼ੀ ਤੇਜ਼ ਸਪੀਡ ਵਿਚ ਸੀ । ਐਸਐਸਪੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਏ ਕਿ ਬੱਸ ਡਰਾਇਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ, ਉਹ ਸਾਹਮਣੇ ਤੋਂ ਆ ਰਹੀ ਕਾਰ ਨੂੰ ਦੇਖ ਨਹੀਂ ਸਕਿਆ ਅਤੇ ਇਹ ਭਿਆਨਕ ਟੱਕਰ ਹੋ ਗਈ। ਕਾਰ ਵਿਚ ਛੇ ਲੋਕ ਸਵਾਰ ਸਨ ਜੋ ਰਾਜਸਥਾਨ ਦੇ ਬਾਲਾਜੀ ਤੋਂ ਦਰਸ਼ਨ ਕਰਕੇ ਪਰਤ ਰਹੇ ਸੀ। ਇਨ੍ਹਾਂ ਕਾਰ ਸਵਾਰਾਂ ਨੇ ਕਨੌਜ ਵਿਖੇ ਜਾਣਾ ਸੀ। ਐਕਸਪ੍ਰੈੱਸ ਵੇਅ ’ਤੇ ਕਨੌਜ ਦੇ ਲਈ ਸਾਈਡ ਤੋਂ ਕੱਟ ਬਣਿਆ ਹੋਇਆ ਏ, ਇਸ ਕਰਕੇ ਉਨ੍ਹਾਂ ਨੇ ਅੱਗੇ ਜਾਣ ਦੀ ਬਜਾਏ ਗ਼ਲਤ ਸਾਈਡ ਤੋਂ ਹੀ ਕਾਰ ਹਾਈਵੇਅ ’ਤੇ ਚਾੜ੍ਹ ਦਿੱਤੀ। ਅਚਾਨਕ ਸਾਹਮਣੇ ਤੋਂ ਤੇਜ਼ ਰਫ਼ਤਾਰ ਬੱਸ ਆ ਗਈ ਜੋ ਰਾਏਬਰੇਲੀ ਤੋਂ ਦਿੱਲੀ ਜਾ ਰਹੀ ਸੀ। ਟੱਕਰ ਹੋਣ ਮਗਰੋਂ ਬੱਸ 50 ਫੁੱਟ ਡੂੰਘੀ ਖਾਈ ਵਿਚ ਡਿੱਗ ਗਈ। ਇਸ ਭਿਆਨਕ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਕੁੱਝ ਰਾਹਗੀਰਾਂ ਨੇ ਤੁਰੰਤ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਥੋੜ੍ਹੀ ਦੇਰ ਵਿਚ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਬੱਸ ਵਿਚ ਫਸੇ ਹੋਏ ਲੋਕਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਜ਼ਖ਼ਮੀ ਲੋਕਾਂ ਨੂੰ ਤੁਰੰਤ ਸੈਫਈ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ। ਬੱਸ ਵਿਚ ਸਵਾਰ ਲੋਕਾਂ ਵਿਚੋਂ 5 ਜਣਿਆਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਐ, ਜਦਕਿ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਕਾਰ ਵਿਚ ਸਵਾਰ ਛੇ ਲੋਕਾਂ ਵਿਚੋਂ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਬਾਕੀ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸਵਾਰ ਮ੍ਰਿਤਕਾਂ ਵਿਚ ਕਨੌਜ ਵਾਸੀ ਚੰਦਾ, ਉਸ ਦਾ ਪੁੱਤਰ ਮੋਨੂੰ ਸਿੰਘ ਅਤੇ ਬੇਟੇ ਦੇ ਦੋਸਤ ਸਚਿਨ ਦਾ ਨਾਮ ਸ਼ਾਮਲ ਐ। 

Tags:    

Similar News