ਜ਼ਿਮਨੀ ਚੋਣਾਂ : ‘ਇੰਡੀਆ’ ਗਠਜੋੜ ਨੇ ਜਿੱਤੀਆਂ 10 ਸੀਟਾਂ , ਭਾਜਪਾ ਦੇ ਖਾਤੇ ’ਚ ਸਿਰਫ਼ 2 ਸੀਟਾਂ, ਇਕ ਸੀਟ ’ਤੇ ਆਜ਼ਾਦ ਉਮੀਦਵਾਰਾਂ ਜੇਤੂ
ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਨੇ 10 ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।;
ਨਵੀਂ ਦਿੱਲੀ: ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਨੇ 10 ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਵਿਧਾਨ ਸਭਾ ਜ਼ਿਮਨੀ ਚੋਣ ਲਈ ਪਛਮੀ ਬੰਗਾਲ ਦੀਆਂ ਚਾਰ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਉਤਰਾਖੰਡ ਦੀਆਂ ਦੋ ਅਤੇ ਪੰਜਾਬ, ਮੱਧ ਪ੍ਰਦੇਸ਼, ਬਿਹਾਰ ਤੇ ਤਾਮਿਲਨਾਡੂ ਦੀਆਂ ਇਕ-ਇਕ ਸੀਟ ’ਤੇ ਵੋਟਾਂ ਪਈਆਂ ਸਨ।
ਕਾਂਗਰਸ, ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ ਅਤੇ ਡੀ.ਐਮ.ਕੇ. ਨੇ ਜ਼ਿਮਨੀ ਚੋਣਾਂ ’ਚ ਅਪਣੇ ਉਮੀਦਵਾਰ ਖੜ੍ਹੇ ਕੀਤੇ ਸਨ।
ਚੋਣ ਕਮਿਸ਼ਨ ਮੁਤਾਬਕ ਪੰਜਾਬ ’ਚ ਸੱਤਾਧਾਰੀ ‘ਆਪ’ ਦੇ ਮਹਿੰਦਰ ਭਗਤ ਨੇ ਜਲੰਧਰ ਪਛਮੀ ਸੀਟ ਤੋਂ ਅਪਣੇ ਨੇੜਲੇ ਵਿਰੋਧੀ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਫਰਕ ਨਾਲ ਹਰਾਇਆ। ਅੰਗੁਰਾਲ ਦੇ ਮਾਰਚ ’ਚ ਭਾਜਪਾ ’ਚ ਸ਼ਾਮਲ ਹੋਣ ਲਈ ‘ਆਪ’ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸੀਟ ’ਤੇ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ।
ਕਮਿਸ਼ਨ ਮੁਤਾਬਕ ਤਾਮਿਲਨਾਡੂ ’ਚ ਵਿਕਰਾਵੰਦੀ ਵਿਧਾਨ ਸਭਾ ਸੀਟ ’ਤੇ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐੱਮ.ਕੇ.) ਦੇ ਅਨਿਯੂਰ ਸਿਵਾ ਨੇ ਪੱਟਾਲੀ ਮੱਕਲ ਕਾਚੀ (ਪੀ.ਐੱਮ.ਕੇ.) ਦੇ ਅੰਬੂਮਨੀ ਸੀ ਨੂੰ 67,757 ਵੋਟਾਂ ਨਾਲ ਹਰਾਇਆ। ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਉਮੀਦਵਾਰ ਕ੍ਰਿਸ਼ਨਾ ਕਲਿਆਣੀ, ਮਧੂਪਰਨਾ ਠਾਕੁਰ, ਮੁਕੁਟ ਮਨੀ ਅਧਿਕਾਰੀ ਅਤੇ ਸੁਪਤੀ ਪਾਂਡੇ ਨੇ ਕ੍ਰਮਵਾਰ ਰਾਏਗੰਜ, ਬਾਗਦਾਹ, ਰਾਣਾਘਾਟ ਦਖਣੀ ਅਤੇ ਮਾਨਿਕਤਲਾ ਸੀਟਾਂ ਜਿੱਤੀਆਂ। ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਰਾਏਗੰਜ ’ਚ ਕਲਿਆਣੀ ਨੇ ਅਪਣੇ ਨੇੜਲੇ ਵਿਰੋਧੀ ਭਾਜਪਾ ਦੇ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ ਦੇ ਫਰਕ ਨਾਲ ਹਰਾਇਆ। ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਰਾਣਾਘਾਟ ਦਖਣੀ ਸੀਟ ’ਤੇ ਤ੍ਰਿਣਮੂਲ ਕਾਂਗਰਸ ਦੇ ਮੁਕੁਟ ਮਨੀ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 39048 ਵੋਟਾਂ ਨਾਲ ਹਰਾਇਆ। ਚੋਣ ਕਮਿਸ਼ਨ ਦੇ ਅਨੁਸਾਰ, ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਮਧੂਪਰਣਾ ਠਾਕੁਰ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਬਾਗਦਾ ਵਿਧਾਨ ਸਭਾ ਸੀਟ ’ਤੇ ਅਪਣੇ ਭਾਜਪਾ ਵਿਰੋਧੀ ਬਿਨੈ ਕੁਮਾਰ ਬਿਸਵਾਸ ਨੂੰ 33,455 ਵੋਟਾਂ ਨਾਲ ਹਰਾਇਆ। ਮਨੀਕਤਲਾ ’ਚ ਤ੍ਰਿਣਮੂਲ ਕਾਂਗਰਸ ਦੀ ਸੁਪਤੀ ਪਾਂਡੇ ਨੇ ਭਾਜਪਾ ਦੇ ਕਲਿਆਣ ਚੌਬੇ ਨੂੰ 62,312 ਵੋਟਾਂ ਨਾਲ ਹਰਾਇਆ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਦੇਹਰਾਦੂਨ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਹੋਸ਼ਿਆਰ ਸਿੰਘ ਨੂੰ 9,399 ਵੋਟਾਂ ਨਾਲ ਹਰਾਇਆ। ਨਾਲਾਗੜ੍ਹ ਤੋਂ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ ਭਾਜਪਾ ਦੇ ਕੇ.ਐਲ. ਠਾਕੁਰ ਨੂੰ 25,618 ਵੋਟਾਂ ਨਾਲ ਹਰਾਇਆ। ਜਦਕਿ ਭਾਜਪਾ ਨੇ ਹਮੀਰਪੁਰ ਸੀਟ ਜਿੱਤੀ ਹੈ। ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੂੰ 27,041 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਪੁਸ਼ਪਿੰਦਰ ਵਰਮਾ ਨੂੰ 25,470 ਵੋਟਾਂ ਮਿਲੀਆਂ।
ਉਤਰਾਖੰਡ ’ਚ ਕਾਂਗਰਸ ਉਮੀਦਵਾਰ ਲਖਪਤ ਸਿੰਘ ਬੁਟੋਲਾ ਨੇ ਅਪਣੇ ਨੇੜਲੇ ਵਿਰੋਧੀ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਜਿੰਦਰ ਸਿੰਘ ਭੰਡਾਰੀ ਨੂੰ 5,224 ਵੋਟਾਂ ਨਾਲ ਹਰਾਇਆ।
ਕਾਂਗਰਸ ਉਮੀਦਵਾਰ ਕਾਜ਼ੀ ਨਿਜ਼ਾਮੂਦੀਨ ਨੇ ਮੰਗਲੌਰ ਜ਼ਿਮਨੀ ਚੋਣ ’ਚ ਅਪਣੇ ਨੇੜਲੇ ਵਿਰੋਧੀ ਭਾਜਪਾ ਦੇ ਕਰਤਾਰ ਸਿੰਘ ਭਡਾਨਾ ਨੂੰ 422 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮੱਧ ਪ੍ਰਦੇਸ਼ ਦੇ ਅਮਰਵਾੜਾ ’ਚ ਭਾਜਪਾ ਦੇ ਕਮਲੇਸ਼ ਪ੍ਰਤਾਪ ਸ਼ਾਹ ਨੇ ਕਾਂਗਰਸ ਦੇ ਧੀਰਨ ਸ਼ਾਹ ਇਨਵਤੀ ਨੂੰ 3,027 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਬਿਹਾਰ ਦੇ ਰੁਪੌਲੀ ’ਚ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਅਪਣੇ ਨੇੜਲੇ ਵਿਰੋਧੀ ਜਨਤਾ ਦਲ (ਯੂ) ਦੇ ਕਲਾਧਰ ਪ੍ਰਸਾਦ ਮੰਡਲ ਨੂੰ 8,246 ਵੋਟਾਂ ਦੇ ਫਰਕ ਨਾਲ ਹਰਾਇਆ।