Badrinath: ਜ਼ਮੀਨ ਖਿਸਕਣ ਨਾਲ ਬਦਰੀਨਾਥ ਹਾਈਵੇ ਹੋਇਆ ਬਲੌਕ, 300 ਤੋਂ ਵੱਧ ਸ਼ਰਧਾਲੂ ਫਸੇ
ਭਨੇਰਪਾਣੀ 'ਚ ਜ਼ਮੀਨ ਖਿਸਕਣ ਨਾਲ ਭਾਰੀ ਮਾਤਰਾ 'ਚ ਹੇਠਾਂ ਆਇਆ ਮਲਬਾ
Badrinath Highway Blocked Due To Landsliding: ਇਸ ਵਾਰ ਮਾਨਸੂਨ ਦਾ ਸੀਜ਼ਨ ਪੂਰੇ ਦੇਸ਼ 'ਚ ਮੁਸੀਬਤ ਲੈਕੇ ਆਇਆ ਹੈ। ਕਈ ਥਾਈਂ ਬੱਦਲ ਫਟਣ ਦੀਆਂ ਖਬਰਾਂ ਹਨ। ਭਾਰੀ ਮੀਂਹ ਕਾਰਨ ਆਏ ਹੜ੍ਹਾਂ 'ਚ ਜੰਮੂ 'ਚ ਕਰੀਬ 60 ਲੋਕਾਂ ਦੀ ਮੌਤ ਦੀ ਖ਼ਬਰ ਹੈ ਤੇ ਕਈ ਲਾਪਤਾ ਹਨ। ਦੂਜੇ ਪਾਸੇ, ਹਿਮਾਚਲ 'ਚ ਵੀ ਮੀਂਹ ਨਾਲ ਹਾਲ ਬੁਰਾ ਹੈ। ਹੁਣ ਬਦਰੀਨਾਥ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਬੁਰੀ ਖ਼ਬਰ ਹੈ।ਚਮੋਲੀ ਜ਼ਿਲ੍ਹੇ ਵਿੱਚ ਅੱਜ ਤਾਂ ਮੌਸਮ ਆਮ ਵਰਗਾ ਹੈ। ਪਰ ਪਿੱਪਲਕੋਟੀ ਦੇ ਭਾਨੇਰਪਾਣੀ ਵਿਖੇ ਬਦਰੀਨਾਥ ਹਾਈਵੇਅ ਬੰਦ ਹੋ ਗਿਆ। ਇੱਥੇ ਸੜਕ 'ਤੇ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਆ ਗਏ ਹਨ।
ਸਵੇਰੇ 9 ਵਜੇ ਤੋਂ ਹਾਈਵੇਅ ਬੰਦ ਹੈ। ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਦੇ ਨਾਲ ਹੀ, ਲਗਭਗ 300 ਯਾਤਰੀ ਰਸਤੇ ਵਿੱਚ ਫਸੇ ਹੋਏ ਹਨ। ਬਦਰੀਨਾਥ ਧਾਮ ਅਤੇ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਯਾਤਰੀ, ਹਾਈਵੇਅ ਦੇ ਦੋਵੇਂ ਪਾਸੇ ਫਸੇ ਹੋਏ ਹਨ, ਹਾਈਵੇਅ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਦੱਸ ਦੇਈਏ ਕਿ ਭਾਨੇਰਪਾਣੀ ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚ ਬਦਰੀਨਾਥ ਹਾਈਵੇਅ ਦੀ ਹਾਲਤ ਖਰਾਬ ਹੋ ਗਈ ਹੈ। ਇੱਥੇ ਲਗਭਗ 30 ਮੀਟਰ ਖੇਤਰ ਵਿੱਚ ਜ਼ਮੀਨ ਖਿਸਕ ਰਹੀ ਹੈ। ਸ਼ੁੱਕਰਵਾਰ ਨੂੰ ਵੀ ਹਾਈਵੇਅ 'ਤੇ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਆ ਗਏ, ਜਿਸ ਕਾਰਨ ਇੱਥੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। NHIDCL ਦੀ JCB ਅਤੇ ਪੋਕਲੈਂਡ ਮਸ਼ੀਨ ਨਾਲ ਮਲਬਾ ਹਟਾਇਆ ਜਾ ਰਿਹਾ ਹੈ।