ਹਿਸਾਰ 'ਚ ਗੋਲੀਬਾਰੀ ਵਾਲੇ ਗੈਂਗਸਟਰ ਦਾ ਸਹਿਯੋਗੀ ਬੈਂਗਲੁਰੂ ਤੋਂ ਗ੍ਰਿਫਤਾਰ
ਹਰਿਆਣਾ (ਐਸਟੀਐਫ) ਦੀ ਗੁਰੂਗ੍ਰਾਮ ਯੂਨਿਟ ਨੇ ਥਾਈਲੈਂਡ ਤੋਂ ਡਿਪੋਰਟ ਹੋਣ ਤੋਂ ਬਾਅਦ ਗੈਂਗਸਟਰ ਰਾਜੇਸ਼ ਉਰਫ ਕਾਲਾ ਖੈਰਾਮਪੁਰੀਆ ਦੇ ਕਰੀਬੀ ਸਹਿਯੋਗੀ ਰੋਹਿਤ ਨੂੰ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ।
ਹਰਿਆਣਾ : ਹਰਿਆਣਾ ਪੁਲਿਸ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਗੁਰੂਗ੍ਰਾਮ ਯੂਨਿਟ ਨੇ ਥਾਈਲੈਂਡ ਤੋਂ ਡਿਪੋਰਟ ਹੋਣ ਤੋਂ ਬਾਅਦ ਬਦਨਾਮ ਗੈਂਗਸਟਰ ਰਾਜੇਸ਼ ਉਰਫ ਕਾਲਾ ਖੈਰਾਮਪੁਰੀਆ ਦੇ ਕਰੀਬੀ ਸਹਿਯੋਗੀ ਰੋਹਿਤ ਨੂੰ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ । ਜਾਣਕਾਰੀ ਅਨੁਸਾਰ ਰੋਹਿਤ ਕਥਿਤ ਤੌਰ 'ਤੇ ਥਾਈਲੈਂਡ ਦੇ ਉਸੇ ਹੋਟਲ ਵਿੱਚ ਠਹਿਰਿਆ ਹੋਇਆ ਸੀ ਜਿਸ ਵਿੱਚ ਰਾਜੇਸ਼ ਸੀ । ਪੁਲਿਸ ਨੇ ਦੱਸਿਆ ਕਿ ਰਾਜੇਸ਼, ਰਾਜਸਥਾਨ ਵਿੱਚ ਆਪਣੇ ਮਾਮੇ ਦੇ ਕਤਲ ਕੇਸ ਵਿੱਚ ਪੈਰੋਲ ਤੋਂ ਬਾਅਦ, ਪਿਛਲੇ ਸਾਲ ਮਾਰਚ ਵਿੱਚ ਥਾਈਲੈਂਡ ਭੱਜ ਗਿਆ ਸੀ ਅਤੇ ਉੱਥੋਂ ਹਰਿਆਣਾ, ਰਾਜਸਥਾਨ, ਪੰਜਾਬ ਅਤੇ ਦਿੱਲੀ ਵਿੱਚ ਆਪਣੇ ਗਰੋਹ ਨੂੰ ਚਲਾਉਂਦਾ ਸੀ । ਪੁਲਿਸ ਦੇ ਡਿਪਟੀ ਸੁਪਰਡੈਂਟ (ਐਸਟੀਐਫ ਗੁਰੂਗ੍ਰਾਮ ਯੂਨਿਟ) ਨੇ ਖੁਲਾਸਾ ਕੀਤਾ ਕਿ ਰੋਹਿਤ ਨੇ 24 ਜੂਨ ਨੂੰ ਹਰਿਆਣਾ ਦੇ ਹਿਸਾਰ 'ਚ ਮਹਿੰਦਰਾ ਸ਼ੋਅਰੂਮ ਦੇ ਬਾਹਰ ਗੋਲੀਬਾਰੀ ਕਰਨ ਲਈ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਰੋਹਿਤ ਹਿਸਾਰ ਦੇ ਬਾਲਸਮੰਦ ਪਿੰਡ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ “ਰਾਜੇਸ਼ ਨੇ ਰੋਹਿਤ ਨੂੰ ਭੱਜਣ ਲਈ ਕਿਹਾ ਸੀ, ਇਹ ਜਾਣਦੇ ਹੋਏ ਕਿ ਪੁਲਿਸ ਉਸਦੀ ਭਾਲ ਕਰ ਰਹੀ ਹੈ ।
ਰਾਜੇਸ਼ ਦੇ ਨਿਰਦੇਸ਼ 'ਤੇ, ਰੋਹਿਤ ਗੋਲੀਬਾਰੀ ਤੋਂ ਇਕ ਦਿਨ ਬਾਅਦ ਮੁੰਬਈ ਭੱਜ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਫਲਾਈਟ ਵਿਚ ਸਵਾਰ ਹੋ ਥਾਈਲੈਂਡ ਪਹੁੰਚਿਆ । ਸਟੀਐਫ ਗੁਰੂਗ੍ਰਾਮ ਦੇ ਡੀਐਸਪੀ ਪ੍ਰੀਤਪਾਲ ਨੇ ਦੱਸਿਆ ਕਿ 24 ਜੂਨ ਨੂੰ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਹਿਸਾਰ ਵਿਚ ਮਹਿੰਦਰਾ ਸ਼ੋਅਰੂਮ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਅਤੇ ਵਿਦੇਸ਼ ਵਿਚ ਰਹਿੰਦੇ ਕਾਲਾ ਖੈਰਾਮਪੁਰੀਆ ਅਤੇ ਹਿਮਾਂਸ਼ੂ ਭਾਊ ਦੇ ਨਾਂ ’ਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ 'ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ । ਪੁਲਿਸ ਨੇ ਦੱਸਿਆ ਕਿ ਹਿਸਾਰ ਗੋਲੀ ਕਾਂਡ ਰੋਹਿਤ ਦੇ ਖਿਲਾਫ ਪਹਿਲਾ ਅਪਰਾਧਿਕ ਮਾਮਲਾ ਸੀ ਜਦਕਿ ਰਾਜੇਸ਼ ਦੇ ਖਿਲਾਫ ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿੱਚ 14 ਅਪਰਾਧਿਕ ਮਾਮਲੇ ਦਰਜ ਹਨ ।