Human Trafficking: 200 ਤੋਂ ਵੱਧ ਆਦਮੀਆਂ ਨੇ ਕੀਤਾ 12 ਸਾਲਾ ਬੰਗਲਾਦੇਸ਼ੀ ਬੱਚੀ ਨਾਲ ਦੁਸ਼ਕਰਮ
ਦੇਹ ਵਪਾਰ ਦੇ ਕਾਰੋਬਾਰ ਤੋਂ ਛੁਡਾਈ ਗਈ ਲੜਕੀ ਨੇ ਕੀਤੇ ਸਨਸਨੀਖ਼ੇਜ਼ ਖ਼ੁਲਾਸੇ
Human Trafficking: ਮੁੰਬਈ 'ਚ ਦੇਹ ਵਪਾਰ ਦੇ ਕਾਲੇ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਗਿਆ ਹੈ, ਜਿਸ ਦੌਰਾਨ 12 ਸਾਲਾ ਇੱਕ ਬੰਗਲਾਦੇਸ਼ੀ ਬੱਚੀ ਨੂੰ ਬਚਾਇਆ ਗਿਆ ਹੈ। ਮਨੁੱਖੀ ਤਸਕਰੀ ਦੀਆਂ ਕੌੜੀਆਂ ਹਕੀਕਤਾਂ ਦਾ ਪਰਦਾਫਾਸ਼ ਇਸ ਬੰਗਲਾਦੇਸ਼ੀ ਕੁੜੀ ਨੇ ਕੀਤਾ ਹੈ ਜਿਸਨੂੰ ਵਸਈ ਦੇ ਨਾਈਗਾਓਂ ਵਿੱਚ ਇੱਕ ਵੇਸਵਾਗਮਨੀ ਰੈਕੇਟ ਦਾ ਪਰਦਾਫਾਸ਼ ਕਰਨ ਦੌਰਾਨ ਬਚਾਇਆ ਗਿਆ ਸੀ। ਆਪਣੀ ਹੱਡਬੀਤੀ ਬਿਆਨ ਕਰਦਿਆਂ ਉਸ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ 200 ਤੋਂ ਵੱਧ ਆਦਮੀਆਂ ਨੇ ਉਸ ਦੇ ਨਾਲ ਦੁਸ਼ਕਰਮ ਕੀਤਾ ਹੈ।
ਦਰਅਸਲ, ਇਸ ਕੁੜੀ ਨੂੰ 26 ਜੁਲਾਈ ਨੂੰ ਬਚਾਇਆ ਗਿਆ ਸੀ, ਜਦੋਂ ਗੈਰ-ਸਰਕਾਰੀ ਸੰਗਠਨ ਐਕਸੋਡਸ ਰੋਡ ਇੰਡੀਆ ਫਾਊਂਡੇਸ਼ਨ ਅਤੇ ਹਾਰਮਨੀ ਫਾਊਂਡੇਸ਼ਨ ਨੇ ਮੀਰਾ-ਭਯੰਦਰ ਵਸਈ-ਵਿਰਾਰ (MBVV) ਪੁਲਿਸ ਦੀ ਮਨੁੱਖੀ ਤਸਕਰੀ ਵਿਰੋਧੀ ਵਿਭਾਗ ਦੀ ਮਦਦ ਕੀਤੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਦਸ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
200 ਤੋਂ ਵੱਧ ਆਦਮੀਆਂ ਨੇ ਕੀਤਾ ਦੁਸ਼ਕਰਮ
ਹਾਰਮਨੀ ਫਾਊਂਡੇਸ਼ਨ ਦੇ ਸੰਸਥਾਪਕ-ਪ੍ਰਧਾਨ ਅਬ੍ਰਾਹਮ ਮਥਾਈ ਨੇ ਕਿਹਾ, "12 ਸਾਲਾ ਕੁੜੀ ਨੇ ਕਿਹਾ ਕਿ ਉਸਨੂੰ ਪਹਿਲਾਂ ਗੁਜਰਾਤ ਦੇ ਨਾਡੀਆਦ ਲਿਜਾਇਆ ਗਿਆ ਸੀ ਅਤੇ ਤਿੰਨ ਮਹੀਨਿਆਂ ਦੀ ਮਿਆਦ ਵਿੱਚ 200 ਤੋਂ ਵੱਧ ਆਦਮੀਆਂ ਨੇ ਉਸ ਦੇ ਨਾਲ ਦੁਸ਼ਕਰਮ ਕੀਤਾ ਸੀ। ਇਸ ਕੁੜੀ ਨੇ ਅਜੇ ਤੱਕ ਆਪਣੀ ਕਿਸ਼ੋਰ ਅਵਸਥਾ ਵੀ ਨਹੀਂ ਦੇਖੀ ਹੈ, ਪਰ ਉਸਦਾ ਬਚਪਨ ਅਜਿਹੇ ਦਰਿੰਦਿਆਂ ਦੁਆਰਾ ਖੋਹ ਲਿਆ ਗਿਆ ਹੈ।"
ਕਿਵੇਂ ਪਹੁੰਚੀ ਪੀੜਤ ਲੜਕੀ ਬੰਗਲਾਦੇਸ਼ ਤੋਂ ਇੰਡੀਆ
ਮਥਾਈ ਨੇ ਸਾਰੇ 200 ਆਦਮੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿ "ਕਿਉਂਕਿ ਲੜਕੀ ਸਕੂਲ ਵਿੱਚ ਇੱਕ ਵਿਸ਼ੇ ਵਿੱਚ ਫੇਲ੍ਹ ਹੋ ਗਈ ਸੀ ਅਤੇ ਆਪਣੇ ਸਖ਼ਤ ਮਾਪਿਆਂ ਦੇ ਡਰੋਂ, ਉਹ ਇੱਕ ਔਰਤ ਨਾਲ ਭੱਜ ਗਈ ਸੀ। ਉਹ ਔਰਤ ਉਸਨੂੰ ਚੋਰੀ ਚੁਪਕੇ ਭਾਰਤ ਲੈ ਆਈ ਅਤੇ ਉਸਨੂੰ ਦੇਹ ਵਪਾਰ ਦੇ ਕਾਲੇ ਕਾਰੋਬਾਰ 'ਚ ਧਕੇਲ ਦਿੱਤਾ।"
ਦੋਸ਼ੀਆਂ ਦੀ ਤਲਾਸ਼ 'ਚ ਪੁਲਿਸ
ਪੁਲਿਸ ਨੇ ਭਰੋਸਾ ਦਿੱਤਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਕਮਜ਼ੋਰ ਕਿਸ਼ੋਰਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ।
ਮਾਸੂਮਾਂ ਨੂੰ ਲਗਾਏ ਜਾਂਦੇ ਹਨ ਹਾਰਮੋਨਲ ਇੰਜੈਕਸ਼ਨ
ਮਥਾਈ ਨੇ ਕਿਹਾ ਕਿ ਇਸ ਕੁੜੀ ਦੀ ਤ੍ਰਾਸਦੀ ਕੋਈ ਇਕੱਲੀ ਨਹੀਂ ਹੈ। ਅਕਸਰ ਵਾਸ਼ੀ ਅਤੇ ਬੇਲਾਪੁਰ ਖੇਤਰਾਂ ਵਿੱਚ ਨਾਬਾਲਗ ਕੁੜੀਆਂ ਨੂੰ ਭੀਖ ਮੰਗਦੇ ਦੇਖਿਆ ਗਿਆ ਹੈ, ਅਕਸਰ ਬਚਪਨ ਵਿੱਚ ਪਿੰਡਾਂ ਤੋਂ ਚੋਰੀ ਕਰਕੇ ਸ਼ਹਿਰਾਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ। ਪਿੰਡਾਂ ਦੇ ਬੱਚਿਆਂ ਨੂੰ ਧੋਖਾ ਦੇ ਕੇ ਸ਼ਹਿਰਾਂ ;ਚ ਲੈਕੇ ਆਉਣ ਲਈ ਔਰਤਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਔਰਤਾਂ ਇਨ੍ਹਾਂ ਮਾਸੂਮ ਕੁੜੀਆਂ ਨੂੰ ਵਰਗਲਾ ਕੇ ਆਪਣੇ ਨਾਲ ਲੈ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਦੇਹ ਵਪਾਰ ਦੇ ਕਾਰੋਬਾਰ 'ਚ ਧਕੇਲ ਦਿੰਦੀਆ ਹਨ। ਇਹੀ ਨਹੀਂ ਇਨ੍ਹਾਂ ਮਾਸੂਮਾਂ ਨੂੰ ਹਾਰਮੋਨਲ ਇੰਜੈਕਸ਼ਨ ਲਗਾਏ ਜਾਂਦੇ ਹਨ, ਤਾਂ ਕਿ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਜਵਾਨ ਹੋ ਜਾਣ।