ਕੈਨੇਡਾ ਦੇ PM ਮਾਰਕ ਕਾਰਨੀ ਭਾਰਤ ਪੁੱਜੇ, ਮੁੰਬਈ 'ਚ ਮੰਤਰੀਆਂ ਨੇ ਕੀਤਾ ਸੁਆਗਤ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਅੱਜ ਸ਼ੁੱਕਰਵਾਰ 27 ਫ਼ਰਵਰੀ ਤੋਂ ਸ਼ੁਰੂ ਹੋ ਗਿਆ ਹੈ, ਜੋ 2 ਮਾਰਚ ਤੱਕ ਜਾਰੀ ਰਹੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿੱਚ ਕੈਨੇਡੀਅਨ ਵਫ਼ਦ ਅੱਜ ਮੁੰਬਈ ਪੁੱਜਾ

Update: 2026-02-27 12:15 GMT

2 ਮਾਰਚ ਨੂੰ ਕਰਨਗੇ PM ਨਰਿੰਦਰ ਮੋਦੀ ਨਾਲ਼ ਮੀਟਿੰਗ

ਮੁੰਬਈ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਅੱਜ ਸ਼ੁੱਕਰਵਾਰ 27 ਫ਼ਰਵਰੀ ਤੋਂ ਸ਼ੁਰੂ ਹੋ ਗਿਆ ਹੈ, ਜੋ 2 ਮਾਰਚ ਤੱਕ ਜਾਰੀ ਰਹੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿੱਚ ਕੈਨੇਡੀਅਨ ਵਫ਼ਦ ਅੱਜ ਮੁੰਬਈ ਪੁੱਜਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਮੁੱਚੇ ਵਫ਼ਦ ਦਾ ਸੁਆਗਤ ਮਹਾਰਾਸ਼ਟਰ ਦੇ ਪ੍ਰੋਟੋਕੋਲ ਮੰਤਰੀ ਜੈਕੁਮਾਰ ਰਾਵਲ ਅਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਰਾਜੇਸ਼ ਅਗਰਵਾਲ ਨੇ ਕੀਤਾ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਅਤੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਵੀ ਮੌਜੂਦ ਰਹੇ।

ਪੀਐਮ ਕਾਰਨੀ ਅੱਜ ਬਾਅਦ ਵਿੱਚ ਕੁਝ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕੀਤੀ। ਕੱਲ੍ਹ ਉਹ ਤਾਜ ਮਹਿਲ ਪੈਲੇਸ ਹੋਟਲ ਵਿੱਚ 'ਕੈਨੇਡਾ-ਇੰਡੀਆ ਗ੍ਰੋਥ ਐਂਡ ਇਨਵੈਸਟਮੈਂਟ ਫੋਰਮ' ਨੂੰ ਸੰਬੋਧਨ ਕਰਨਗੇ। ਫਿਰ ਪਹਿਲੀ ਮਾਰਚ ਨੂੰ ਉਹ ਨਵੀਂ ਦਿੱਲੀ ਜਾਣਗੇ, ਜਿੱਥੇ ਉਹ 2 ਮਾਰਚ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਨੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦਾ ਇਹ ਭਾਰਤ ਦੌਰਾ ਕਾਰੋਬਾਰੀ ਸਮਝੌਤਿਆਂ, ਨਿਵੇਸ਼, ਊਰਜਾ, ਨਵੀਨਤਾ ਜਿਹੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਨੀਤੀਗਤ ਗੱਲਬਾਤ ਉਤੇ ਆਧਾਰਤ ਹੋਵੇਗਾ। ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮਾਰਕ ਕਾਰਨੀ ਸ਼ੁੱਕਰਵਾਰ, 27 ਫ਼ਰਵਰੀ ਨੂੰ ਮੁੰਬਈ ਪੁੱਜਣਗੇ। ਉਹ ਦੋ ਦਿਨ ਵਪਾਰਕ ਵਾਰਤਾਵਾਂ 'ਚ ਰੁੱਝੇ ਰਹਿਣਗੇ। ਇਸ ਤੋਂ ਇਲਾਵਾ ਉਹਭਾਰਤੀ ਅਤੇ ਕੈਨੇਡੀਅਨ CEOs, ਉਦਯੋਗਾਂ ਤੇ ਵਿੱਤੀ ਮਾਹਿਰਾਂ, ਇਨੋਵੇਟਰਜ਼ ਅਤੇ ਸਿੱਖਿਆ ਸ਼ਾਸਤਰੀਆਂ ਨਾਲ਼ ਵੀ ਗੱਲਬਾਤ ਕਰਨਗੇ। ਕਿਉ਼ਕਿ ਕੈਨੇਡੀਅਨ ਪੈਨਸ਼ਨ ਫ਼ੰਡ ਭਾਰਤ ਵਿੱਚ ਵੀ ਲੱਗੇ ਹੋਏ ਹਨ।

ਫਿਰ ਪਹਿਲੀ ਮਾਰਚ ਨੂੰ ਮਾਰਕ ਕਾਰਨੀ ਦਿੱਲੀ ਪੁੱਜਣਗੇ। ਦੋ ਮਾਰਚ ਨੂੰ ਦੋਵੇਂ ਪ੍ਰਧਾਨ ਮੰਤਰੀ ਹੈਦਰਾਬਾਦ ਹਾਊਸ 'ਚ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਪਿਛਲੇ ਵਰ੍ਹੇ ਜੂਨ ਤੇ ਨਵੰਬਰ ਦੇ ਮਹੀਨਿਆਂ ਦੌਰਾਨ ਦੋ ਵਾਰ ਕਨਾਨਸਕੀਸ ਤੇ ਜੌਹਨਸਬਰਗ 'ਚ ਮਿਲ਼ੇ ਸਨ।

ਕੈਨੇਡਾ ਅਤੇ ਭਾਰਤ ਵਿਚਕਾਰ ਹੁਣ ਮੁਕਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਬਾਰੇ ਗੱਲਬਾਤ ਹੋਵੇਗੀ। ਕੈਨੇਡੀਅਨ ਵਪਾਰ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਇਸ ਮੁੱਦੇ ਉਤੇ ਦੁਵੱਲੀ ਗੱਲਬਾਤ ਮੁਕੰਮਲ ਕਰ ਲੈਣਾ ਚਾਹੁੰਦੇ ਹਨ। ਜ਼ਿਆਦਾਤਰ ਧਿਆਨ ਤਕਨੀਕੀ, ਊਰਜਾ, ਸਿੱਖਿਆ ਅਤੇ ਅਹਿਮ ਖਣਿਜ ਪਦਾਰਥਾਂ, ਜਿਵੇਂ ਯੂਰੇਨੀਅਮ 'ਤੇ ਕੇਂਦ੍ਰਿਤ ਰਹੇਗਾ।

ਇਸ ਤੋਂ ਇਲਾਵਾ ਆਪਸੀ ਰੱਖਿਆ ਸਹਿਯੋਗ ਵਧਾਉਣ ਅਤੇ ਹਿੰਦ–ਪ੍ਰਸ਼ਾਂਤ ਖੇਤਰ ਵਿੱਚ ਭਾਈਵਾਲ਼ੀ ਬਾਰੇ ਗੱਲਬਾਤ ਹੋਵੇਗੀ। AI ਅਤੇ ਸਵੱਛ ਊਰਜਾ ਜਿਹੀਆਂ ਨਵੀਂਆਂ ਤਕਨਾਲੋਜੀਆਂ ਤੇ ਵਾਤਾਵਰਣ ਸਹਿਯੋਗ ਬਾਰੇ ਵੀ ਗੱਲਬਾਤ ਹੋਵੇਗੀ।

ਇਸ ਦੇ ਨਾਲ਼ ਹੀ ਪ੍ਰਮਾਣੂ ਊਰਜਾ, ਤੇਲ, ਗੈਸ ਅਤੇ ਲੋਕਾਂ ਨੂੰ ਲੋਕਾਂ ਨਾਲ ਜੋੜਨ ਵਾਲੇ ਕਈ ਸਮਝੌਤਿਆਂ ਤੇ ਸੌਦਿਆਂ 'ਤੇ ਹਸਤਾਖਰ ਹੋਣ ਦੀ ਉਮੀਦ ਹੈ।

18 ਜੂਨ, 2023 ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਗਰਮ–ਖ਼ਿਆਲੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ। ਉਦੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਤਲ ਦੀ ਇਸ ਵਾਰਦਾਤ ਪਿੱਛੇ ਭਾਰਤ ਦੀ ਕਥਿਤ ਸ਼ਮੂਲੀਅਤ ਦੱਸੀ ਸੀ। ਉਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਭਾਰਤੀ ਏਜੰਟ ਇਸ ਵਾਰਦਾਤ 'ਚ ਸ਼ਾਮਲ ਹੋ ਸਕਦੇ ਹਨ। ਪਰ ਭਾਰਤ ਨੇ ਅਜਿਹੇ ਦੋਸ਼ ਨੂੰ ਬੇਬੁਨਿਆਦ ਦੱਸ ਕੇ ਕਈ ਵਾਰ ਰੱਦ ਕੀਤਾ ਹੈ।

ਭਾਰਤ ਨੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਅਤੇ ਵੀਜ਼ਾ ਸੇਵਾਵਾਂ ਰੋਕ ਦਿੱਤੀਆਂ ਸਨ। ਕੈਨੇਡਾ ਨੇ ਵੀ ਭਾਰਤੀ ਡਿਪਲੋਮੈਟਾਂ ਨੂੰ ਭਾਰਤ ਵਾਪਸ ਚਲੇ ਜਾਣ ਲਈ ਆਖ ਦਿੱਤਾ ਸੀ।

ਅਜਿਹੇ ਹਾਲਾਤ ਵਿੱਚ ਤਦ ਵਪਾਰਕ ਗੱਲਬਾਤ ਰੁਕ ਗਈ ਸੀ, ਨਿਵੇਸ਼ ਘਟ ਗਏ ਸਨ ਅਤੇ ਦੋਵੇਂ ਦੇਸ਼ਾਂ ਦੀ ਜਨਤਾ ਦੇ ਆਪਸੀ ਸਬੰਧ ਵੀ ਪ੍ਰਭਾਵਿਤ ਹੋਏ ਸਨ। ਕੈਨੇਡਾ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਡਾਢੀਆਂ ਮੁਸ਼ਕਲਾਂ ਪੇਸ਼ ਆਈਆਂ ਸਨ।

ਇਹ ਤਣਾਅ ਸਾਲਾਂ ਤੱਕ ਚੱਲਿਆ ਅਤੇ ਰਿਲੇਸ਼ਨ ਨੂੰ ਬਹੁਤ ਨੁਕਸਾਨ ਪਹੁੰਚਾਇਆ। ਟਰੂਡੋ ਦੀ ਅਗਵਾਈ ਵਿੱਚ ਭਾਰਤ ਨੂੰ "ਵਿਦੇਸ਼ੀ ਦਖਲਅੰਦਾਜ਼ੀ" ਨਾਲ ਜੋੜ ਕੇ ਕੈਨੇਡਾ ਨੇ ਭਾਰਤ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਡਿਪਲੋਮੈਟਿਕ ਤਰੇੜ ਵਧੀ।

ਹੁਣ ਮਾਰਕ ਕਾਰਨੀ ਪੁਰਾਣੇ ਗਿਲੇ–ਸ਼ਿਕਵੇ ਭੁਲਾ ਕੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਹਨ। ਕੈਨੇਡਾ ਲਈ ਭਾਰਤ ਇੱਕ ਵੱਡਾ ਵਪਾਰਕ ਬਾਜ਼ਾਰ ਹੈ। ਕੈਨੇਡਾ ਆਪਣੇ ਵਪਾਰ ਨੂੰ ਵਧਾਉਣਾ ਚਾਹੁੰਦਾ ਹੈ, ਖਾਸ ਕਰਕੇ ਚੀਨ ਤੋਂ ਵੱਖ ਹੋ ਕੇ ਇੰਡੋ-ਪੈਸਿਫਿਕ ਵਿੱਚ ਭਾਰਤ ਨਾਲ ਪਾਰਟਨਰਸ਼ਿਪ ਵਧਾਉਣ ਦਾ ਚਾਹਵਾਨ ਹੈ। ਭਾਰਤ ਵਿੱਚ ਨਿਵੇਸ਼ ਅਤੇ ਵਪਾਰ ਵਧਾਉਣ ਨਾਲ ਕੈਨੇਡੀਅਨ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ।

ਕੈਨੇਡਾ ਭਾਰਤ ਨੂੰ ਇੱਕ ਗਲੋਬਲ–ਪਾਵਰ ਵਜੋਂ ਵੇਖਦਾ ਹੈ। ਪਹਿਲਾਂ ਭਾਰਤ ਨੂੰ G–7 ਸਿਖ਼ਰ ਸੰਮੇਲਨ ਲਈ ਸੱਦਾ ਦਿੱਤਾ ਗਿਆ ਸੀ। ਟਰੂਡੋ ਦੇ ਕਾਰਜਕਾਲ ਦੌਰਾਨ ਹੋਏ ਨੁਕਸਾਨ ਨੂੰ ਮਾਰਕ ਕਾਰਨੀ ਹੁਣ ਦਰੁਸਤ ਕਰਨਾ ਚਾਹੁੰਦੇ ਹਨ। ਇਸ ਨਾਲ਼ ਕੈਨੇਡਾ ਵਿੱਚ ਰਹਿ ਰਿਹਾ ਵੱਡਾ ਭਾਰਤੀ ਅਤੇ ਪੰਜਾਬੀ ਡਾਇਸਪੋਰਾ ਹੈ। ਆਪਸੀ ਸਬੰਧ ਸੁਧਰਨ ਨਾਲ ਵੀਜ਼ਾ, ਵਿਦਿਆਰਥੀ ਅਤੇ ਇਮੀਗ੍ਰੇਸ਼ਨ ਮੁੱਦੇ ਹੱਲ ਹੋਣਗੇ।

Tags:    

Similar News