ਰਹੱਸਮਈ ਬਿਮਾਰੀ ਕਾਰਨ ਇੱਕੋ ਪਿੰਡ ’ਚ 17 ਲੋਕਾਂ ਦੀ ਮੌਤ

ਇਕ ਪਿੰਡ ਵਿਚ ਰਹੱਸਮਈ ਬਿਮਾਰੀ ਫੈਲ ਚੁੱਕੀ ਐ ਜੋ ਲਗਾਤਾਰ ਲੋਕਾਂ ਨੂੰ ਆਪਣਾ ਨਿਵਾਲਾ ਬਣਾਉਂਦੀ ਜਾ ਰਹੀ ਐ। ਇਸ ਰਹੱਸਮਈ ਬਿਮਾਰੀ ਕਾਰਨ ਇਕੋ ਪਿੰਡ ਵਿਚ ਦੋ ਚਾਰ ਨਹੀਂ ਬਲਕਿ 17 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਨੇ। ਭਾਵੇਂ ਕਿ ਇਹ ਕਹਿਰ ਪਿਛਲੇ ਛੇ ਹਫ਼ਤਿਆਂ ਤੋਂ ਵਰਤ ਰਿਹਾ ਏ ਪਰ ਹਾਲੇ ਤੱਕ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਜਿਸ ਕਾਰਨ ਇਸ ਦੀ ਦਹਿਸ਼ਤ ਹੋਰ ਵਧਦੀ ਜਾ ਰਹੀ ਐ।;

Update: 2025-01-24 11:01 GMT

ਰਾਜੌਰੀ : ਸਾਲ 2020 ਵਿਚ ਕੋਰੋਨਾ ਮਹਾਮਾਰੀ ਨੇ ਜੋ ਕਹਿਰ ਵਰਤਾਇਆ ਸੀ, ਉਹ ਕਿਸੇ ਨੂੰ ਭੁੱਲਿਆਂ ਨਹੀਂ ਭੁੱਲ ਸਕਦਾ ਕਿਉਂਕਿ ਇਸ ਭਿਆਨਕ ਮਹਾਮਾਰੀ ਕਾਰਨ ਹਰ ਕੋਈ ਦਹਿਸ਼ਤ ਵਿਚ ਦਿਖਾਈ ਦੇ ਰਿਹਾ ਸੀ। ਹੁਣ ਐਚਐਮਪੀਵੀ ਨਾਂਅ ਦੇ ਵਾਇਰਸ ਨੇ ਵੀ ਲੋਕਾਂ ਨੂੰ ਫਿਰ ਤੋਂ ਕਾਫ਼ੀ ਡਰਾ ਦਿੱਤਾ ਸੀ, ਜਿਸ ਦੀ ਦਹਿਸ਼ਤ ਹੁਣ ਖ਼ਤਮ ਹੋ ਗਈ ਐ,, ਪਰ ਇਸ ਸਭ ਦੇ ਵਿਚਕਾਰ ਇਕ ਪਿੰਡ ਵਿਚ ਰਹੱਸਮਈ ਬਿਮਾਰੀ ਫੈਲ ਚੁੱਕੀ ਐ ਜੋ ਲਗਾਤਾਰ ਲੋਕਾਂ ਨੂੰ ਆਪਣਾ ਨਿਵਾਲਾ ਬਣਾਉਂਦੀ ਜਾ ਰਹੀ ਐ। ਇਸ ਰਹੱਸਮਈ ਬਿਮਾਰੀ ਕਾਰਨ ਇਕੋ ਪਿੰਡ ਵਿਚ ਦੋ ਚਾਰ ਨਹੀਂ ਬਲਕਿ 17 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਨੇ। ਭਾਵੇਂ ਕਿ ਇਹ ਕਹਿਰ ਪਿਛਲੇ ਛੇ ਹਫ਼ਤਿਆਂ ਤੋਂ ਵਰਤ ਰਿਹਾ ਏ ਪਰ ਹਾਲੇ ਤੱਕ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਜਿਸ ਕਾਰਨ ਇਸ ਦੀ ਦਹਿਸ਼ਤ ਹੋਰ ਵਧਦੀ ਜਾ ਰਹੀ ਐ। 

Full View

ਪੰਜਾਬ ਦੇ ਗੁਆਂਢੀ ਰਾਜ ਜੰਮੂ ਕਸ਼ਮੀਰ ਦੇ ਇਕ ਪਿੰਡ ਵਿਚ ਫੈਲੀ ਰਹੱਸਮਈ ਬਿਮਾਰੀ ਕਾਫ਼ੀ ਸੁਰਖ਼ੀਆਂ ਵਿਚ ਛਾਈ ਹੋਈ ਐ, ਜਿਸ ਕਾਰਨ ਹੁਣ ਤੱਕ ਇਕੋ ਪਿੰਡ ਦੇ 17 ਲੋਕਾਂ ਦੀ ਜਾਨ ਜਾ ਚੁੱਕੀ ਐ। ਦਰਅਸਲ ਇਹ ਮਾਮਲਾ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਬੜਹਾਲ ਦਾ ਦੱਸਿਆ ਜਾ ਰਿਹਾ ਏ, ਜਿੱਥੋਂ ਦੇ ਲੋਕ ਇਸ ਰਹੱਸਮਈ ਬਿਮਾਰੀ ਕਾਰਨ ਦਹਿਸ਼ਤ ਵਿਚ ਆਏ ਹੋਏ ਨੇ। ਜਾਣਕਾਰੀ ਅਨੁਸਾਰ ਇਸ ਰਹੱਸਮਈ ਬਿਮਾਰੀ ਦਾ ਪਹਿਲਾ ਕੇਸ ਪਿੰਡ ਵਿਚ ਕਰੀਬ ਛੇ ਹਫ਼ਤੇ ਪਹਿਲਾਂ ਸਾਹਮਣੇ ਆਇਆ ਸੀ ਪਰ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਬਿਮਾਰੀ ਦੇ ਅਸਲ ਕਾਰਨ ਕੀ ਨੇ? ਹਾਲਾਂਕਿ ਸਰਕਾਰੀ ਮੈਡੀਕਲ ਅਧਿਕਾਰੀਆਂ ਨੇ ਇੰਨਾ ਜ਼ਰੂਰ ਆਖਿਆ ਏ ਕਿ ਇਹ ਬਿਮਾਰੀ ਛੂਤ ਵਾਲੀ ਨਹੀਂ ਅਤੇ ਇਹ ਮਹਾਂਮਾਰੀ ਵਿਚ ਨਹੀਂ ਬਦਲੇਗੀ। ਮਾਹਿਰ ਡਾਕਟਰਾਂ ਦੇ ਕਹਿਣ ’ਤੇ ਭਾਵੇਂ ਇਲਾਕੇ ਵਿਚ ਫੈਲੀ ਦਹਿਸ਼ਤ ਬੇਸ਼ੱਕ ਘੱਟ ਹੋ ਗਈ ਹੋਵੇ ਪਰ ਪਿੰਡ ਬੜਹਾਲ ਵਿਚ ਇਸ ਬਿਮਾਰੀ ਨੇ ਘਰ ਘਰ ਵਿਚ ਸੱਥਰ ਵਿਛਾ ਕੇ ਰੱਖ ਦਿੱਤੇ ਨੇ।


ਅਧਿਕਾਰੀਆਂ ਦੇ ਮੁਤਾਬਕ ਇਸ ਬਿਮਾਰੀ ਦਾ ਕਾਰਨ ਖਾਣੇ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿਚ ਦਾਖ਼ਲ ਹੋਣ ਵਾਲੇ ਨਿਊਰੋਟੌਕਸਿਨ ਹੋ ਸਕਦੇ ਨੇ। ਰਾਜੌਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਵੱਲੋਂ ਇਸ ਬਿਮਾਰੀ ਨੂੰ ਰੋਕਣ ਦੀ ਦਿਸ਼ਾ ਵਿਚ ਵੱਡੇ ਕਦਮ ਉਠਾਏ ਜਾ ਰਹੇ ਨੇ, ਜਿਸ ਦੇ ਚਲਦਿਆਂ ਪਿੰਡ ਬੜਹਾਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਏ। ਸਰਕਾਰੀ ਮੈਡੀਕਲ ਅਧਿਕਾਰੀਆਂ ਮੁਤਾਬਕ ਪਿੰਡ ਦੇ ਕਰੀਬ 10 ਲੋਕ ਅਜੇ ਵੀ ਬਿਮਾਰ ਪਏ ਹੋਏ ਨੇ, ਜਿਨ੍ਹਾਂ ਵਿਚੋਂ ਛੇ ਜਣਿਆਂ ਨੂੰ ਰਾਜੌਰੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਏ, ਤਿੰਨ ਮਰੀਜ਼ਾਂ ਨੂੰ ਜੰਮੂ ਅਤੇ ਇਕ ਮਰੀਜ਼ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।


ਮੈਡੀਕਲ ਅਧਿਕਾਰੀਆਂ ਵੱਲੋਂ ਆਪਣੀ ਜਾਂਚ ਦੌਰਾਨ ਜੋ ਖ਼ਾਸ ਗੱਲ ਦੇਖੀ ਗਈ ਐ, ਉਹ ਇਹ ਐ ਕਿ ਇਹ ਮੌਤਾਂ ਤਿੰਨ ਪਰਿਵਾਰਾਂ ਵਿਚ ਹੋਈਆਂ ਨੇ, ਜਿਨ੍ਹਾਂ ਨੂੰ ਮੌਤ ਤੋਂ ਪਹਿਲਾਂ ਬੁਖ਼ਾਰ, ਗਲੇ ਦੀ ਖ਼ਰਾਸ਼, ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦਿੱਤੇ ਸੀ। ਇਸ ਮਗਰੋਂ ਮਰੀਜ਼ ਬੇਹੋਸ਼ ਹੋਣ ਲੱਗ ਪਏ, ਜਿਨ੍ਹਾਂ ਵਿਚੋਂ 17 ਲੋਕਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਵਿਚ 12 ਬੱਚੇ ਵੀ ਸ਼ਾਮਲ ਨੇ। ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਇਕ ਸਥਾਨਕ ਚਸ਼ਮੇ ਤੋਂ ਪਾਣੀ ਪੀਂਦੇ ਸੀ, ਜਿਸ ’ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਐ।

ਪਾਣੀ ਦੇ ਨਮੂਨਿਆਂ ਨੂੰ ਵੀ ਜਾਂਚ ਦੇ ਲਈ ਭੇਜਿਆ ਗਿਆ ਏ। ਇਸ ਤੋਂ ਇਲਾਵਾ ਜਿਹੜੇ ਤਿੰਨ ਘਰਾਂ ਵਿਚ ਇਹ ਮੌਤਾਂ ਹੋਈਆਂ ਨੇ, ਉਨ੍ਹਾਂ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਏ ਅਤੇ ਪਿੰਡ ਦੇ ਹੋਰ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਐ, ਉਨ੍ਹਾਂ ਦੇ ਖਾਣ ਪਾਣ ’ਤੇ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਨੂੰ ਪ੍ਰਸਾਸ਼ਨ ਵੱਲੋਂ ਦਿੱਤਾ ਗਿਆ ਖਾਣਾ ਖਾਣ ਲਈ ਦਿੱਤਾ ਜਾ ਰਿਹਾ ਏ। ਮੈਡੀਕਲ ਅਧਿਕਾਰੀਆਂ ਨੇ ਘਰਾਂ ਵਿਚ ਪਈਆਂ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਨੇ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।


ਮਾਹਿਰ ਡਾਕਟਰਾਂ ਦਾ ਕਹਿਣਾ ਏ ਕਿ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਇਹ ਸੰਕੇਤ ਜ਼ਰੂਰ ਮਿਲ ਰਹੇ ਨੇ ਕਿ ਇਹ ਮੌਤਾਂ ਖਾਣ ਪੀਣ ਦੀਆਂ ਚੀਜ਼ਾਂ ਵਿਚ ਮੌਜੂਦ ਨਿਊਰੋਟੌਕਸਿਨ ਦੀ ਵਜ੍ਹਾ ਕਰਕੇ ਹੋਈਆਂ ਹੋ ਸਕਦੀਆਂ ਨੇ। ਮਰਨ ਵਾਲੇ ਲੋਕਾਂ ਵਿਚੋਂ ਦੋ ਪੁਰਸ਼, ਇਕ ਔਰਤ ਅਤੇ 15 ਸਾਲ ਤੋਂ ਘੱਟ ਉਮਰ ਦੇ 14 ਬੱਚੇ ਸ਼ਾਮਲ ਨੇ। ਭਾਵੇਂ ਕਿ ਮੈਡੀਕਲ ਮਾਹਿਰਾਂ ਨੇ ਮਹਾਂਮਾਰੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਏ ਪਰ ਫਿਰ ਵੀ ਇਸ ਨੂੰ ਬੇਹੱਦ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਏ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਮੌਤਾਂ ਦੀ ਜਾਂਚ ਲਈ ਮਾਹਿਰਾਂ ਦੀ ਟੀਮ ਗਠਿਤ ਕੀਤੀ ਗਈ ਐ, ਜਿਸ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ।

Tags:    

Similar News